ਕੇਂਦਰੀ ਆਰਡੀਨੈਂਸ ਕਿਸਾਨ ਵਿਰੋਧੀ ਕਰਾਰ

ਚੰਡੀਗੜ੍ਹ (ਸਮਾਜਵੀਕਲੀ):  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਬੁਲਾਈ ਸਰਬ ਪਾਰਟੀ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਧਿਰਾਂ ਨੇ ਖੇਤੀ ਜਿਣਸਾਂ ਦੇ ਮੁੱਦੇ ’ਤੇ ਜਾਰੀ ਕੇਂਦਰੀ ਆਰਡੀਨੈਂਸਾਂ ਖ਼ਿਲਾਫ਼ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਅੱਜ ਮੀਟਿੰਗ ਦੌਰਾਨ ਇਸ ਮਾਮਲੇ ’ਤੇ ਕਸੂਤਾ ਫਸਿਆ ਨਜ਼ਰ ਆਇਆ, ਜਿਸ ਨੇ ਸਿੱਧੇ ਤੌਰ ’ਤੇ ਕੇਂਦਰੀ ਆਰਡੀਨੈਂਸਾਂ ਦੀ ਸੁਰ ’ਚ ਸੁਰ ਮਿਲਾਈ। ਵੀਡੀਓ ਕਾਨਫਰੰਸ ਜ਼ਰੀਏ ਹੋਈ ਸਰਬ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਅਤੇ ਮੀਟਿੰਗ ਕਰੀਬ ਸਾਢੇ ਚਾਰ ਘੰਟੇ ਚੱਲੀ।

ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਇੱਕ ਬੰਨ੍ਹੇ ਸੰਘੀ ਢਾਂਚੇ ਅਤੇ ਕਿਸਾਨਾਂ ਦੇ ਹਿਤਾਂ ਦੀ ਵਕਾਲਤ ਕਰ ਰਿਹਾ ਸੀ, ਦੂਸਰੇ ਪਾਸੇ ਕੇਂਦਰ ਵੱਲ ਵੀ ਮੱਠੀ ਸੁਰ ਰੱਖ ਰਿਹਾ ਸੀ। ਸੂਤਰਾਂ ਅਨੁਸਾਰ ਮੀਟਿੰਗ ਵਿਚ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦਰਮਿਆਨ ਨੋਕ-ਝੋਕ ਵੀ ਹੋਈ। ਇਸੇ ਦੌਰਾਨ ‘ਆਪ’ ਦੇ ਕਨਵੀਨਰ ਭਗਵੰਤ ਮਾਨ ਅਤੇ ਸੁਖਬੀਰ ਬਾਦਲ ਵੀ ਭਿੜੇ। ਅਖੀਰ ਲੰਮੀ ਚਰਚਾ ਮਗਰੋਂ ਕੇਂਦਰੀ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਮਤਾ ਪਾਸ ਕੀਤਾ ਗਿਆ ਜਿਸ ’ਤੇ ਅਕਾਲੀ ਤੇ ਭਾਜਪਾ ਤੋਂ ਬਿਨਾਂ ਸਭਨਾਂ ਧਿਰਾਂ ਨੇ ਮੋਹਰ ਲਗਾ ਦਿੱਤੀ।

ਮੁੱਖ ਮੰਤਰੀ ਨੇ ਮੀਟਿੰਗ ਮਗਰੋਂ ਜਾਰੀ ਬਿਆਨ ਵਿਚ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਂਸਾਂ ਬਾਰੇ ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਪ੍ਰਮੁੱਖ ਰਾਜਸੀ ਧਿਰਾਂ ਨੇ ਮਤਾ ਪਾਸ ਕੀਤਾ ਹੈ ਕਿ ਲੋਕ ਹਿੱਤ ਵਿਚ ਕੇਂਦਰ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਲਵੇ ਅਤੇ ਘੱਟੋ-ਘੱਟ ਸਮਰਥਨ ਮੁੱਲ ਨਾਲ ਛੇੜਛਾੜ ਨਾ ਕੀਤੀ ਜਾਵੇ। ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰੀ ਆਰਡੀਨੈਂਸਾਂ ਨੂੰ ਕਿਸਾਨਾਂ ਹਿਤਾਂ ਦੇ ਮੱਦੇਨਜ਼ਰ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ ਅਤੇ ਸਰਬ ਪਾਰਟੀ ਦਲ ਜਲਦੀ ਹੀ ਪ੍ਰਧਾਨ ਮੰਤਰੀ ਅਤੇ ਕੇਂਦਰੀ ਖੇਤੀ ਮੰਤਰੀ ਨੂੰ ਮਿਲੇਗਾ। ਮੀਟਿੰਗ ਦੌਰਾਨ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਇਹ ਆਰਡੀਨੈਂਸ ਕਿਸਾਨ ਵਿਰੋਧੀ ਨਹੀਂ ਹਨ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਹਨ। ਉਨ੍ਹਾਂ ਮਤੇ ਨੂੰ ਹਮਾਇਤ ਨਹੀਂ ਦਿੱਤੀ।

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੀਟਿੰਗ ਮਗਰੋਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਨੂੰ ਛੱਡ ਕੇ ਸਭਨਾਂ ਧਿਰਾਂ ਦਾ ਇੱਕ ਵਫਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇਗਾ ਅਤੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅੱਜ ਦੁਬਿਧਾ ਵਿਚ ਫਸਿਆ ਹੋਇਆ ਸੀ ਕਿਉਂਕਿ ਇੱਕ ਪਾਸੇ ਕੁਰਸੀ ਸੀ ਅਤੇ ਦੂਜੇ ਪਾਸੇ ਕਿਸਾਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੋਵੇਂ ਬੇੇੜੀਆਂ ਵਿੱਚ ਪੈਰ ਰੱਖਣਾ ਚਾਹੁੰਦਾ ਸੀ ਅਤੇ ਇਸੇ ਕਸ਼ੀਦਗੀ ਵਿੱਚ ਮੀਟਿੰਗ ਲੰਮੀ ਚੱਲੀ।

ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਫ ਕਰ ਦਿੱਤਾ ਹੈ ਕਿ ਆਰਡੀਨੈਂਸ ਕਿਸਾਨ ਵਿਰੋਧੀ ਹਨ ਅਤੇ ਸੰਘੀ ਢਾਂਚੇ ਦਾ ਗਲਾ ਘੁੱਟਣ ਵਾਲੇ ਹਨ। ਸੂਬਿਆਂ ਦੇ ਅਧਿਕਾਰਾਂ ਵਿਚ ਦਖ਼ਲ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਲੋਕਾਂ ਦਾ ਵੀ ਡਰ ਹੈ ਅਤੇ ਕੁਰਸੀ ਨਾਲ ਵੀ ਪਿਆਰ ਹੈ। ਉਨ੍ਹਾਂ ਮੀਟਿੰਗ ਵਿਚ ਵੀਡੀਓ ਵੀ ਦਿਖਾਈ ਜਿਸ ਵਿਚ ਗਡਕਰੀ ਦਾ ਬਿਆਨ ਅਤੇ ਹੁਸ਼ਿਆਰਪੁਰ ਮੰਡੀ ਵਿਚ ਮਿੱਟੀ ਦੇ ਭਾਅ ਮੱਕੀ ਵੇਚਣ ਵਾਲੇ ਕਿਸਾਨ ਦੀ ਜ਼ੁਬਾਨੀ ਕਹਾਣੀ ਸੀ। ਜਾਖੜ ਨੇ ਕਿਹਾ ਕਿ ਮੀਟਿੰਗ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਵੀ ਉਠਾਈ ਗਈ ਅਤੇ ਕਾਨੂੰਨੀ ਮਸ਼ਵਰਾ ਲਏ ਜਾਣ ਦੀ ਗੱਲ ਵੀ ਚੱਲੀ।

ਉਨ੍ਹਾਂ ਤੇਲ ਕੀਮਤਾਂ ਵਿੱਚ 12 ਫੀਸਦੀ ਵਾਧੇ ਦਾ ਮਾਮਲਾ ਵੀ ਉਠਾਇਆ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਕਈ ਵਾਰੀ ਮੌਕੇ ਆਉਂਦੇ ਹਨ ਕਿ ਪਾਰਟੀ ਦੀ ਥਾਂ ਲੋਕਾਂ ਨਾਲ ਖੜਨਾ ਪੈਂਦਾ ਹੈ। ਮੁੱਖ ਮੰਤਰੀ ਨੇ ਇਸ ਮੌਕੇ ਪਾਣੀਆਂ ਦੇ ਸਮਝੌਤੇ ਰੱਦ ਕਰਨ ਵਾਲੇ ਫੈਸਲੇ ਦਾ ਹਵਾਲਾ ਦਿੱਤਾ। ਮੁੱਖ ਮੰਤਰੀ ਨੇ ਅਕਾਲੀ ਦਲ ਨੂੰ ਕਿਹਾ ਕਿ ਇਸ ਪੜਾਅ ’ਤੇ ਜੋ ਲੋਕਾਂ ਨਾਲ ਖੜੂ, ਉਹੀ ਬਚੇਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਪੂਰੇ ਦਸਤਾਵੇਜ਼ਾਂ ਅਤੇ ਪਾਰਟੀ ਟੀਮ ਨਾਲ ਆਏ ਹੋਏ ਸਨ। ਉਨ੍ਹਾਂ ਨਾਲ ਐੱਮਪੀ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਤੋਤਾ ਸਿੰਘ ਅਤੇ ਡਾ.ਦਲਜੀਤ ਸਿੰਘ ਸ਼ਾਮਲ ਸਨ।

ਸੁਖਬੀਰ ਨੇ ਮੁੱਖ ਮੰਤਰੀ ਨੂੰ ਸੁਝਾਓ ਦਿੱਤਾ ਕਿ ਕੇਂਦਰ ਤੋਂ ਸਾਰੇ ਨੁਕਤਿਆਂ ਬਾਰੇ ਲਿਖਤੀ ਸਪੱਸ਼ਟੀਕਰਨ ਮੰਗਿਆ ਜਾ ਸਕਦਾ ਹੈ। ਸਾਂਝਾ ਪੱਤਰ ਲਿਖ ਕੇ ਸਰਕਾਰੀ ਭਾਅ ਦੇ ਖਾਤਮੇ ਬਾਰੇ ਅਖੌਤੀ ਪ੍ਰਾਪੇਗੰਡੇ ਦੀ ਸਚਾਈ ਬਾਰੇ ਪੁੱਛਿਆ ਜਾ ਸਕਦਾ ਹੈ। ਅਜਿਹੇ ਸੁਆਲ ਪੁੱਛਣ ਵਾਲੇ ਕਿਸੇ ਵੀ ਦਸਤਾਵੇਜ਼ ’ਤੇ ਅਕਾਲੀ ਦਲ ਹਸਤਾਖਰ ਕਰਨ ਨੂੰ ਤਿਆਰ ਹੈ। ਸੰਸਦ ਵਿਚ ਵੀ ਇਨ੍ਹਾਂ ਆਰਡੀਨੈਂਸਾਂ ਤੇ ਚਰਚਾ ਕਰਨ ਲਈ ਤਿਆਰ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਵਿਚਲੇ ਸ਼ਰਾਬ, ਬੀਜ ਤੇ ਰਾਸ਼ਨ ਘੁਟਾਲੇ ਤੇ ਚਰਚਾ ਲਈ ਵੀ ਸਰਬ ਪਾਰਟੀ ਮੀਟਿੰਗ ਸੱਦਣ।

‘ਆਪ’ ਦੇ ਕਨਵੀਨਰ ਅਤੇ ਐੱਮਪੀ ਭਗਵੰਤ ਮਾਨ ਨੇ ਮੀਟਿੰਗ ਦੌਰਾਨ ਕਿਹਾ ਕਿ ਪਹਿਲਾਂ ਅਕਾਲੀ ਦਲ ਆਪਣਾ ਸਟੈਂਡ ਸਪੱਸ਼ਟ ਕਰੇ ਅਤੇ ਦੱਸੇ ਕਿ ਕੇਂਦਰ ਸਰਕਾਰ ਨੇ ਕਿਹੜੀ ਐਮਰਜੈਂਸੀ ਕਰਕੇ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕੀਤੇ। ਭਗਵੰਤ ਮਾਨ ਨੇ ‘ਆਪ’ ਵੱਲੋਂ ਮਤੇ ਦੀ ਹਮਾਇਤ ਕੀਤੀ। ਉਨ੍ਹਾਂ ਖੇਤੀ ਤੋਂ ਇਲਾਵਾ ਸਿੱਖਿਆ ਅਤੇ ਸਿਹਤ ਦੇ ਵਿਸ਼ੇ ਨੂੰ ਵੀ ਮਤੇ ਵਿੱਚ ਸ਼ਾਮਲ ਕਰਨ ਦੀ ਗੱਲ ਆਖੀ। ਇਸ ਮੌਕੇ ਭਗਵੰਤ ਮਾਨ ਅਤੇ ਸੁਖਬੀਰ ਬਾਦਲ ਵਿਚਾਲੇ ਹਲਕੀ ਬਹਿਸ ਵੀ ਹੋਈ।

ਮੀਟਿੰਗ ਵਿਚ ਅੱਜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਸ਼ਾਮਲ ਹੋਏ, ਜਿਨ੍ਹਾਂ ਮਤੇ ਦੀ ਹਮਾਇਤ ਕੀਤੀ। ਪ੍ਰਧਾਨ ਸੁਖਬੀਰ ਬਾਦਲ ਨੇ ਬਿਨਾਂ ਨਾਮ ਲਏ ਢੀਂਡਸਾ ਦੀ ਮੀਟਿੰਗ ਵਿਚ ਸ਼ਮੂਲੀਅਤ ’ਤੇ ਉਂਗਲ ਉਠਾਈ ਅਤੇ ਕਿਹਾ ਕਿ ਬਿਨਾਂ ਪਾਰਟੀ ਵਾਲੇ ਕਈ ਆਗੂ ਮੀਟਿੰਗ ਵਿਚ ਮੁੱਖ ਮੰਤਰੀ ਨੇ ਬੁਲਾ ਲਏ ਹਨ ਅਤੇ ਜੋ ਵਿਧਾਇਕ ਸਿਆਸੀ ਪਾਰਟੀਆਂ ਵਜੋਂ ਮਾਨਤਾ ਚਾਹੁੰਦੇ ਹਨ, ਉਨ੍ਹਾਂ ਸਮੇਤ ਕਿਸੇ ਕਿਸਾਨ ਯੂਨੀਅਨ ਨੂੰ ਵੀ ਮੀਟਿੰਗ ਵਿਚ ਸ਼ਾਮਲ ਨਹੀਂ ਕੀਤਾ ਗਿਆ।

ਅੱਜ ਦੀ ਮੀਟਿੰਗ ਵਿੱਚ ਸੀਪੀਆਈ ਦੇ ਸਕੱਤਰ ਬੰਤ ਸਿੰਘ ਬਰਾੜ, ਸੀਪੀਐੱਮ ਦੇ ਸੁਖਵਿੰਦਰ ਸਿੰਘ ਸੇਖੋਂ, ਬਹੁਜਨ ਸਮਾਜ ਪਾਰਟੀ ਦੇ ਜਸਵੀਰ ਸਿੰਘ ਗੜੀ ਨੇ ਵੀ ਮਤੇ ਦੀ ਹਮਾਇਤ ਕੀਤੀ। ਅਕਾਲੀ ਦਲ (ਟਕਸਾਲੀ) ਅਤੇ ਬੈਂਸ ਭਰਾ ਅੱਜ ਸ਼ਾਮਲ ਨਹੀਂ ਸਨ।

Previous article4 arrested for threatening South Indian actress Shamna Kasim
Next articleਤਾਲਾਬੰਦੀ ਦੇ ਬਾਵਜੂਦ ਰੁੱਝਿਆ ਰਿਹਾ ਅੰਮ੍ਰਿਤਸਰ ਦਾ ਹਵਾਈ ਅੱਡਾ