(ਸਮਾਜਵੀਕਲੀ)
ਕਈ ਵਾਰ ਜਿੰਦਗੀ ਵਿਚ ਆਪਣੇ ਨਾਲ ਜਾਂ ਆਪਣੇ ਸਾਹਮਣੇ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜੋ ਬਾਅਦ ‘ਚ ਅਭੁੱਲ ਯਾਦਾਂ ਬਣ ਜਾਂਦੀਆਂ ਹਨ । ਹਥਲੀ ਚਰਚਾ ਚ ਕੁਝ ਕੁ ਇਸੇ ਤਰਾਂ ਦੀਆਂ ਘਟਨਾਵਾਂ ਦੀ ਚਰਚਾ ਕਰਨ ਦਾ ਮਨ ਬਣਾਿੲਆ ਹੈ ।
ਪਹਿਲੀ ਘਟਨਾ ਲੁਧਿਆਣੇ ਦੇ ਰੇਲਵੇ ਸਟੇਸ਼ਨ ‘ਤੇ ਤਿੰਨ ਕੁ ਦਹਾਕੇ ਪਹਿਲਾਂ, ਉਸ ਵੇਲੇ ਵਾਪਰੀ, ਜਦੋਂ ਸਾਡੇ ਪਿੰਡੋਂ ਟਰੈਕਟਰ ਟਰਾਲੀ ਲੈ ਕੇ, ਕਣਕ ਦੀ ਵਾਢੀ ਕਰਾਉਣ ਵਾਸਤੇ, ਪੂਰਬੀਏ ਭਈਏ ਲੈਣ ਗਏ, ਇਕ ਥੋੜ੍ਹਾ ਪੜ੍ਹੇ ਲਿਖੇ ਜਿਮੀਦਾਰ ਨੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਲੱਗੇ “ਉੱਤਰ ਰੇਲਵੇ” ਦੇ ਬੋਰਡ ਨੂੰ “ਸੋਤਰ ਲਹੌਰ” ਕਰਕੇ ਪੜਿਆ ਅਤੇ ਆਪਣੇ ਨਾਲ ਦੇ ਨੂੰ ਪੁੱਛਿਆ ਕਿ, “ਇਹ ਰੇਲਵੇ ਸਟੇਸ਼ਨ ਤਾਂ ਲੁਧਿਆਣੇ ਦਾ ਹੈ, ਪਰ ਇਸ ਦੇ ਸਾਹਮਣੇ ਲੱਗੇ ਬੋਰਡ ਉੱਤੇ “ਸੋਤਰ ਲਾਹੌਰ” ਕਿਓਂ ਲਿਖਿਆ ਹੋਿੲਆ ਹੈ ? ਸਮਝਾਉਣ ਵਾਲੇ ਨੇ ਸਮਝਾਿੲਆ ਤੇ ਹੱਸਿਆ ਵੀ ਖੁਲ੍ਹਕੇ ।
ਦੂਜੀ ਘਟਨਾ ਸਾਡੇ ਪਿੰਡ ਦੇ ਇਕ ਪਰਾਿੲਮਰੀ ਸਕੂਲ ਦੇ ਮਾਸਟਰ ਨਾਲ ਸਬੰਧਿਤ ਹੈ । ਪੰਜਾਬੀ ਅਖਬਾਰ ਪੜ੍ਹਦਿਆਂ, ਉਸ ਦਾ ਧਿਆਨ ਅਖਬਾਰੀ ਸਫੇ ਦੇ ਇਕ ਕੋਨੇ ‘ਤੇ ਲੱਗੇ ਅੰਗਰੇਜ਼ੀ ਇਸ਼ਤਿਹਾਰ ਵੱਲ ਖਿੱਚਿਆ ਗਿਆ,ਜੋ ਕਿ ਕਨੇਡਾ ਦਾ ਵੀਜ਼ਾ ਛੇਤੀਂ ਪਰਾਪਤ ਕਰਨ ਸਬੰਧੀ ਸੀ । ਹੈਰਾਨੀ ਉਸ ਵੇਲੇ ਹੋਈ ਜਦੋਂ ਮਾਸਟਰ ਜੀ ਨੇ ਅੰਗਰੇਜ਼ੀ ਨੂੰ ਮੂੰਹ ਮਾਰਨ ਦਾ ਝਸ ਪੂਰਾ ਕਰਨ ਲਈ ਇਸ਼ਤਿਹਾਰ ਦੀ ਇਬਾਰਤ ਪੜ੍ਹਦਿਆਂ “ਕਨੇਡਾ” ਨੂੰ “ਚੰਦਾ” ਪੜ੍ਹ ਦਿੱਤਾ ਤੇ ੳਥੇ ਹਾਜ਼ਰ ਸਭਨ ਦਾ ਖਿੜ ਖਿੜਾ ਕੇ ਹਾਸਾ ਨਿਕਲ ਗਿਆ।
ਅਗਲੀ ਘਟਨਾ ਬੱਸ ਸਫਰ ਕਰਦਿਆਂ ਵਾਪਰਦੀ ਦੇਖੀ । ਨਾਲ ਦੀ ਸੀਟ ਤੇ ਇਕ ਗਭਰੂ ਨੌਜਵਾਨ ਬੈਠਾ ਸੀ ਤੇ ਹੱਥ ਚ ਉਸਦੇ ਇਕ ਕਿਤਾਬ ਤੇ ਕਾਪੀ ਫੜੀ ਹੋਈ ਸੀ । ਅਸਲ ਵਿੱਚ ਉਹ ਨੌਜਵਾਨ ਕਿਸੇ ਕਾਲੇਜ ਦਾ ਪੇਂਡੂ ਵਿਦਿਆਰਥੀ ਸੀ । ਅਗਲੇ ਅੱਡੇ ਤੋਂ ਉਸ ਨਾਲ ਇਕ ਮੁਟਿਆਰ ਆ ਬੈਠੀ ਤੇ ਉਹ ਵੀ ਕਿਸੇ ਕਾਲੇਜ਼ ਦੀ ਵਿਦਿਆਰਥਣ ਹੀ ਜਾਪਦੀ ਸੀ । ਗਭਰੂ ਨੇ ਟੌਹਰ ਬਣਾਉਣ ਵਾਸਤੇ ਆਪਣੇ ਮੂਹਰਲੀ ਸੀਟ ਤੇ ਬੈਠੇ ਅੰਗਰੇਜ਼ੀ ਦੀ ਅਖਬਾਰ ਪੜ੍ਹ ਰਹੇ ਬਾਬੂ ਤੋਂ ਅਖਬਾਰ ਦਾ ਵਿਚਲਾ ਪੱਤਰਾ ਪੜ੍ਹਨ ਵਾਸਤੇ ਮੰਗ ਲਿਆ ਤੇ ਪੜ੍ਹਨ ਦੀ ਬਜਾਏ ਸਫੇ ਪਲਟਾਉਣ ਲੱਗ ਪਿਆ ਕਿ ਅਚਾਨਕ ਉਸ ਦਾ ਧਿਆਨ ਅਖਬਾਰੀ ਪੱਤਰੇ ਦੇ ਇਕ ਸਫ਼ੇ ਦੇ ਬਿਲਕੁਲ ਹੇਠ ਲੱਗੀ ਫੋਟੋ ਤੇ ਪਿਆ । ਉਹ ਫੋਟੋ ਪੰਜਾਬ ਰੋਡਵੇਜ਼ ਦੀ ਸਵਾਰੀਆਂ ਨਾਲ ਖਚਾ ਖਚ ਭਰੀ ਬੱਸ ਦੀ ਸੀ । ਫੋਟੋ ਦੇਖ ਕੇ ਗਭਰੂ ਦਾ ਤਰਾਹ ਨਿਕਲ ਗਿਅਾ ਤੇ ਨਾਲ ਬੈਠੀ ਮੁਟਿਆਰ ਦਾ ਧਿਆਨ ਅਾਪਣੇ ਵੱਲ ਖਿਚਣ ਵਾਸਤੇ ਉਸ ਵਲ ਟੀਰ ਮਾਰਕੇ ਅਾਪਣੇ ਅਾਪ ਨੂੰ ਹੀ ਕਹਿੰਦਾ, ਉਫ ! ਇਹ ਬੱਸ ਪਲਟ ਜਾਣ ਨਾਲ ਬਹੁਤ ਸਾਰੇ ਲੋਕ ਮਾਰੇ ਗਏ ਹੋਣਗੇ ! ਮੁਟਿਆਰ ਨੇ ਮਲਕੜੇ ਜਿਹੇ ਤਸਵੀਰ ਵੱਲ ਦੇਖਿਆ ਤੇ ਉਸ ਦੀ ਹਾਸੀ ਨਾ ਰੁਕੇ ਨਾਲ ਹੀ ਕਹਿੰਦੀ ਕਿ, ” ਚੌਰਿਆ, ਪਹਿਲਾਂ ਅੰਗਰੇਜ਼ੀ ਪੜ੍ਹਨੀ ਸਿੱਖ, ਫੇਰ ਅਖਬਾਰ ਹੱਥ ਚ ਫੜੀਂ, ਤੂੰ ਅਖਬਾਰ ਹੀ ਪੁੱਠੀ ਫੜੀ ਹੋਈ ਹੈ, ਬੱਸ ਨੂੰ ਕੁਝ ਨਹੀੰ ਹੋਿੲਆ, ਉਹ ਠੀਕ ਹੈ ।” ਮੁਟਿਆਰ ਦੀ ਗੱਲ ਸੁਣਕੇ ਆਸ ਪਾਸ ਬੈਠੀਆਂ ਸਵਾਰੀਆਂ ਹੱਸ ਹੱਸ ਕੇ ਲੋਟ ਪੋਟ ਵੀ ਹੋ ਗਈਆਂ ਤੇ ਨੌਜਵਾਨ ਬਹੁਤ ਸ਼ਰਮਿੰਦਾ ਹੋਇਆ, ਅਖਬਾਰ ਵਾਲੇ ਬਾਬੂ ਨੇ ਮਲਕੜੇ ਜਿਹੇ ਮੂੰਹ ਭੁਆਂ ਕੇ ਦੇਖਿਆ, ਮੁਸਕਰਾਇਆ ਤੇ ਨੌਜਵਾਨ ਦੇ ਹੱਥੋਂ ਅਖਬਾਰ ਦਾ ਪੱਤਰਾਂ ਫੜ ਲਿਆ ।
ਕੁਝ ਦਿਨ ਪਹਿਲਾਂ ਸ਼ਾਮ ਨੂੰ ਇਕ ਫ਼ੋਨ ਆਇਆ, ਫ਼ੋਨ ਕਰਨ ਵਾਲਾ ਮੇਰੀ ਜਾਣ ਪਛਾਣ ਵਾਲਾ ਬੰਦਾ ਸੀ, ਘੁੱਟ ਕੁ ਲਾਈ ਹੋਈ ਸੀ, ਦੁਆ ਸਲਾਮ ਤੋਂ ਬਾਦ ਕਹਿੰਦਾ ਕਿ ਤੁਸੀ ਕੁੱਜ ਦਿਨ ਪਹਿਲਾਂ ਜਸਵੰਤ ਕੰਵਲ ਬਾਰੇ ਲਿਖਿਆ ਸੀ ਜੇ ਮੈਨੂੰ ਬੜਾ ਚੰਗਾ ਲੱਗਾ …… ਮੈਂ ਧੰਨਵਾਦ ਕੀਤਾ …… ਅੱਗੋਂ ਕਹਿੰਦਾ ਤੁਸੀ ਉਸ ਨੂੰ “ਚੰਦ” ਵੀ ਆਖਿਆ ਜੋ ਮੈਨੂੰ ਚੰਗਾ ਨਹੀ ਲੱਗਾ ਕਿਉਂਕਿ ਉਹ ਤਾਂ ਕਾਮਰੇਡ ਸੀ, ਨਾਸਤਿਕ ਸੀ, ਸਿੱਖ ਧਰਮ ਨੂੰ ਨਹੀਂ ਮੰਨਦਾ ਸੀ ਤੇ ਉਸ ਨੂੰ ਬ੍ਰਹਿਮੰਡੀ ਚੇਤਨਾ ਦਾ ਬਿਲਕੁਲ ਵੀ ਗਿਆਨ ਨਹੀਂ ਸੀ …… ਮੈਂ ਬੜਾ ਸਮਝਾਇਆ ਕਿ ਜਸਵੰਤ ਕੰਵਲ ਇਕ ਲੇਖਕ ਸੀ ਤੇ ਲੇਖਕਾਂ ਦੀ ਇਸ ਤਰਾਂ ਦੀ ਦਾਇਰਾਬੰਦੀ ਵੀਹੀ ਕੀਤੀ ਜਾ ਸਕਦੀ ਤੇ ਫਿਰ “ਚੰਦ ‘ਤੇ ਥੁੱਕਣਾ” ਇਕ ਮੁਹਾਵਰਾ ਹੈ ਜੋ ਉਸ ਵੇਲੇ ਵਰਤਿਆਂ ਜਾਂਦਾ ਹੈ ਜਦੋਂ ਕੋਈ ਆਪਣੀ ਔਕਾਤੋਂ ਬਾਹਰੀ ਗੱਲ ਕਰੇ ਜਾਂ ਕੋਈ ਕਿਸੇ ਸਾਫ ਸੁਥਰੀ ਸ਼ਖਸ਼ੀਅਤ ਉੱਤੇ ਬਿਨਾ ਮਤਲਬ ਚਿੱਕੜਬਾਜੀ ਕਰੇ, ਪਰ ਉਹ ਭਾਈ ਸਾਹਿਬ ਕਹਿਣ ਕਿ ਨਹੀਂ, ਸ਼ਹੇ ਦੀਆ ਟੰਗਾ ਹੀ ਤਿੰਨ ਹੁੰਦੀਆਂ ਹਨ । ਅੱਕ ਹਾਰ ਕੇ ਜਦ ਮੇਰੇ ਵੱਲੋਂ ਦੋ ਕੁ ਸਵਾਲ ਪੁੱਛੇ ਗਏ ਤਾਂ ਕਿ ਇਹ ਪਤਾ ਕੀਤਾ ਜਾ ਸਕੇ ਕਿ ਉਹ ਭਾਈ ਸਾਹਿਬ ਕਿੱਡੇ ਕੁ ਬ੍ਰਹਮ ਗਿਆਨੀ ਹਨ ਤੇ ਉਹਨਾਂ ਦੇ ਗਿਆਨ ਦਾ ਘੇਰਾ ਕਿੱਡਾ ਕੁ ਵਿਸ਼ਾਲ ਹੈ ਤਾਂ ਜਾ ਕਿ ਪਤਾ ਲੱਗਾ ਕਿ ਆਪਣੇ ਆਪ ਨੂੰ ਗਿਆਨੀ ਸਮਝਣ ਵਾਲਾ ਉਹ ਸੱਜਣ “ਚੰਦ ‘ਤੇ ਥੁਕਣ” ਵਾਲੇ ਮੁਹਾਵਰੇ ਦੇ ਮੁੱਢਲੇ ਅਰਥਾਂ ਤੋਂ ਵੀ ਪੈਦਲ ਸੀ !!
– ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
20/07/2020