(ਸਮਾਜ ਵੀਕਲੀ)
ਛਿੱਦੋ, ਮਿੰਦੋ ਜਦ ਇਹ ਆਵਣ,
ਕਿੰਨੀਆਂ ਕੁੜੀਆਂ ਨਾਲ ਲਿਆਵਣ।
ਪਿੜ ਬੰਨ੍ਹ ਕੇ ਇਹ ਹੋਵਣ ਇਕੱਠੀਆਂ,
ਰਲ-ਮਿਲ ਨੱਚਣ, ਗਿੱਧਾ ਪਾਵਣ।
ਪਿੱਪਲੀ ਪੀਘਾਂ ਪਾਵਣ ਰਲ ਕੇ,
ਅੰਬਰੀ ਇਹ ਤਾਂ ਹੀਂਘ ਚੜਾਵਣ।
ਸਿਰਾਂ ਦੇ ਉੱਤੇ ਲੈ ਫੁਲਕਾਰੀ,
ਹੱਥਾਂ ਉੱਤੇ ਮਹਿੰਦੀ ਲਾਵਣ।
ਸਿਰ ਤੇ ਸੱਗੀ, ਪੈਂਰ੍ਹੀ ਜੁੱਤੀ,
ਕੰਨ੍ਹਾਂ ਦੇ ਵਿੱਚ ਬਾਲੇ ਪਾਵਣ।
ਸੂਟ ਪੰਜਾਬੀ, ਘੱਗਰੇ, ਲਹਿਗੇ,
ਗੁੱਤਾਂ ਦੇ ਵਿੱਚ, ਡੋਰੀਏ ਪਾਵਣ।
ਰੰਗ-ਬਰੰਗੀਆਂ ਲੈ ਕੇ ਚੁੰਨੀਆਂ,
ਜਿਦ-ਜਿਦ ਕੇ ਇਹ ਗਿੱਧਾ ਪਾਵਣ।
ਹੱਥ ਫੜ ਕੇ ਇਹ ਇੱਕ-ਦੂਜੀ ਦਾ,
ਅੱਡੀਆਂ ਜੋੜ ਕੇ ਕਿੱਕਲੀ ਪਾਵਣ।
ਵੀਰੇ-ਭਾਬੀ ਨੂੰ ਵਡਿਆਵਣ,
ਜੁਆਈ ਨੂੰ ਫਿੱਟੇ! ਮੂੰਹ ਵਰਤਾਵਣ।
ਸੌਣ ਮਹੀਨੇ ਇਕੱਠੀਆਂ ਹੋ ਕੇ,
ਬੌਹੜਾਂ ਥੱਲੇ ਤੀਆਂ ਲਾਵਣ।
“ਸੰਦੀਪ” ਧੀਆਂ ਇਹ ਰਹਿਣ ਵਸਦੀਆਂ,
ਸਦਾ ਹੀ ਸਭ ਦੀ ਖੈਰ ਮਨਾਵਣ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017