ਮਨੀਮਾਜਰਾ ਦੇ ਮਾੜੀ ਵਾਲਾ ਟਾਊਨ ’ਚ ਪਤੀ ਨੇ ਪਤਨੀ ਦੀ ਕੁਹਾੜੀ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਅਤੇ ਵਾਰਦਾਤ ਤੋਂ ਬਾਅਦ ਫ਼ਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮਨੀਮਾਜਰਾ ਦੀ ਪੁਲੀਸ ਨੇ ਪੀੜਤਾ ਨੂੰ ਪੀਜੀਆਈ ਚੰਡੀਗੜ੍ਹ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕਾ ਦੀ ਪਛਾਣ 42 ਸਾਲਾਂ ਮਨਜੀਤ ਕੌਰ ਵਜੋਂ ਹੋਈ ਹੈ। ਪੁਲੀਸ ਨੇ ਹਮਲਾਵਰ ਦੇ ਭਰਾ ਸੱਜਣ ਸਿੰਘ ਦੀ ਸ਼ਿਕਾਇਤ ’ਤੇ ਪਤੀ ਜਰਨੈਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਸੱਜਣ ਸਿੰਘ ਦਾ ਕਹਿਣਾ ਸੀ ਕਿ ਜਰਨੈਲ ਸਿੰਘ ਉਸ ਦੇ ਨਾਲ ਵਾਲੇ ਘਰ ’ਚ ਰਹਿੰਦਾ ਹੈ। ਜਰਨੈਲ ਸਿੰਘ ਦੀ ਇਕ ਧੀ ਦਾ ਵਿਆਹ ਹੋ ਚੁੱਕਾ ਹੈ ਅਤੇ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ 13 ਸਾਲਾ ਧੀ ਅਤੇ 11 ਸਾਲਾ ਪੁੱਤਰ ਨਾਲ ਰਹਿੰਦਾ ਸੀ। ਉਸ ਨੇ ਦੱਸਿਆ ਕਿ ਜਰਨੈਲ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਘਰ ਦਾ ਗੁਜ਼ਾਰਾ ਮਨਜੀਤ ਕੌਰ ਹੀ ਕਰਦੀ ਸੀ। ਸੱਜਣ ਸਿੰਘ ਨੇ ਦੱਸਿਆ ਕਿ ਜਰਨੈਲ ਆਪਣੇ ਪਰਿਵਾਰ ਸਣੇ ਘਰ ’ਚ ਸੌਂ ਰਿਹਾ ਸੀ। ਸਵੇਰੇ 4.30 ਵਜੇ ਦੇ ਕਰੀਬ 13 ਸਾਲਾ ਧੀ ਰੋਂਦੀ ਹੋਈ ਬਾਹਰ ਆਈ ਤਾਂ ਉਨ੍ਹਾਂ ਜਾ ਕੇ ਵੇਖਿਆ ਕਿ ਜਰਨੈਲ ਮਨਜੀਤ ਕੌਰ ’ਤੇ ਕੁਹਾੜੀ ਨਾਲ ਹਮਲਾ ਕਰ ਰਿਹਾ ਸੀ, ਜੋ ਕਿ ਉਨ੍ਹਾਂ ਨੂੰ ਵੇਖ ਕੇ ਫ਼ਰਾਰ ਹੋ ਗਿਆ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਵਾਰਦਾਤ ’ਚ ਵਰਤੀ ਗਈ ਕੁਹਾੜੀ ਬਰਾਮਦ ਕਰ ਕੇ ਜਰਨੈਲ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਮ੍ਰਿਤਕ ਮਨਜੀਤ ਕੌਰ ਦੇ ਚਿਹਰੇ, ਛਾਤੀ ਅਤੇ ਹੱਥਾਂ ’ਤੇ ਕੁਹਾੜੀ ਦੇ ਨਿਸ਼ਾਨ ਹਨ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੀ.ਜੀ.ਆਈ. ਚੰਡੀਗੜ੍ਹ ’ਚ ਪੋਸਟਮਾਰਟਮ ਲਈ ਰੱਖ ਦਿੱਤਾ ਹੈ। ਥਾਣਾ ਮਨੀਮਾਜਰਾ ਦੀ ਪੁਲੀਸ ਨੇ ਮੁਲਜ਼ਮ ਪਤੀ ਜਰਨੈਲ ਸਿੰਘ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।