ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਅੱਜ ਦਹਿਸ਼ਤਗਰਦਾਂ ਨਾਲ ਹੋਏ ਮੁਕਾਬਲੇ ਵਿੱਚ ਪੁਲੀਸ ਦਾ ਡੀਐਸਪੀ ਤੇ ਇਕ ਫ਼ੌਜੀ ਜਵਾਨ ਸ਼ਹੀਦ ਹੋ ਗਏ ਜਦੋਂਕਿ ਪੁਲੀਸ ਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਜੈਸ਼-ਏ-ਮੁਹੰਮਦ ਦੇ ਤਿੰਨ ਦਹਿਸ਼ਤਗਰਦ ਨੂੰ ਮਾਰ ਮੁਕਾਇਆ। ਮੁਕਾਬਲੇ ਵਿੱਚ ਫ਼ੌਜ ਦਾ ਮੇਜਰ ਤੇ ਜਵਾਨ ਜ਼ਖ਼ਮੀ ਹੋ ਗਏ। ਸ਼ਹੀਦ ਹੋਏ ਡੀਐਸਪੀ ਦੀ ਪਛਾਣ ਅਮਨ ਠਾਕੁਰ ਤੇ ਫ਼ੌਜੀ ਜਵਾਨ ਦੀ ਹਵਾਲਦਾਰ ਸੋਮਬੀਰ ਵਜੋਂ ਹੋਈ ਹੈ। ਮੁਕਾਬਲੇ ਦੌਰਾਨ ਡੀਐਸਪੀ ਦੀ ਗਰਦਨ ਵਿੱਚ ਗੋਲੀ ਲੱਗੀ, ਜੋ ਜਾਨਲੇਵਾ ਸਾਬਤ ਹੋਈ। ਅਧਿਕਾਰੀਆਂ ਮੁਤਾਬਕ ਮੁਕਾਬਲਾ ਕੁਲਗਾਮ ਦੇ ਤੁਰੀਗਾਮ ਖੇਤਰ ਵਿੱਚ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਤੁਰੀਗਾਮ ਖੇਤਰ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਸੂਹੀਆ ਜਾਣਕਾਰੀ ਮਿਲਣ ਮਗਰੋਂ ਖੇਤਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਆਰੰਭੀ ਤਾਂ ਦਹਿਸ਼ਤਗਰਦਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਦੁਵੱਲੀ ਗੋਲੀਬਾਰੀ ’ਚ ਪੁਲੀਸ ਪਾਰਟੀ ਨੇ ਜਿੱਥੇ ਜੈਸ਼ ਦੇ ਤਿੰਨ ਦਹਿਸ਼ਤਗਰਦਾਂ (ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ) ਨੂੰ ਮਾਰ ਮੁਕਾਇਆ, ਉਥੇ ਦਹਿਸ਼ਤਗਰਦਾਂ ਦੀ ਗੋਲੀ ਨਾਲ ਡੀਐਸਪੀ ਅਮਨ ਠਾਕੁਰ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਅਧਿਕਾਰੀ ਨੂੰ ਹਵਾਈ ਰਸਤੇ ਫ਼ੌਜੀ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਰਾਹ ਵਿੱਚ ਹੀ ਦਮ ਤੋੜ ਦਿੱਤਾ। ਸ਼ਹੀਦ ਹੋਇਆ ਡੀਐਸਪੀ, ਜੰਮੂ ਕਸ਼ਮੀਰ ਪੁਲੀਸ ਵਿੱਚ 2011 ਬੈਚ ਦਾ ਅਫ਼ਸਰ ਸੀ ਤੇ ਜੰਮੂ ਦੇ ਡੋਡਾ ਜ਼ਿਲ੍ਹੇ ਦਾ ਵਸਨੀਕ ਸੀ। ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ, ‘ਇਸ ਮੰਦਭਾਗੀ ਘਟਨਾ ਵਿੱਚ ਅਸੀਂ ਇਕ ਬਹਾਦਰ ਅਧਿਕਾਰੀ ਨੂੰ ਗੁਆ ਲਿਆ ਹੈ। ਉਹ ਇਕ ਲੜਾਕਾ ਸੀ ਤੇ ਉਸ ਨੇ ਅੱਜ ਦੇ ਅਪਰੇਸ਼ਨ ਦੀ ਮੂਹਰੇ ਹੋ ਕੇ ਅਗਵਾਈ ਕੀਤੀ ਸੀ।’ ਠਾਕੁਰ ਕੁਲਗਾਮ ਵਿੱਚ ਪਿਛਲੇ ਦੋ ਸਾਲ ਤੋਂ ਤਾਇਨਾਤ ਸੀ ਤੇ ਉਸ ਨੇ ਖੇਤਰ ਵਿੱਚ ਕਈ ਅਤਿਵਾਦ ਵਿਰੋਧੀ ਅਪਰੇਸ਼ਨਾਂ ਨੂੰ ਸਫ਼ਲਤਾਪੂਰਕ ਅੰਜਾਮ ਦਿੱਤਾ ਸੀ। ਡੀਐਸਪੀ ਨੂੰ ਅਜੇ ਪਿਛਲੇ ਮਹੀਨੇ ਮਿਸਾਲੀ ਸੇਵਾਵਾਂ ਲਈ ਡੀਜੀਪੀ ਦੇ ਪ੍ਰਸ਼ੰਸਾ ਮੈਡਲ ਦੇ ਐਜਾ਼ਜ਼ ਨਾਲ ਨਿਵਾਜਿਆ ਗਿਆ ਸੀ।
HOME ਕੁਲਗਾਮ: ਡੀਐੱਸਪੀ ਸ਼ਹੀਦ; 3 ਜੈਸ਼ ਦਹਿਸ਼ਤਗਰਦ ਹਲਾਕ