(ਸਮਾਜ ਵੀਕਲੀ)
ਮਾਂ ਧਰਤੀ ਦੇ ਬੱਚੇ ਬਣ ਕੇ
ਇਕ ਇਕ ਰੁੱਖ ਲਗਾਈਏ ਜੀ
ਕੁਦਰਤ ਰਾਣੀ ਸਾਂਭ ਕੇ ਰੱਖੀਏ
ਜੀਵਨ ਸਫ਼ਲ ਬਣਾਈਏ ਜੀ
ਪਵਣ ਗੁਰੂ ਪਾਣੀ ਪਿਤਾ
ਮਾਤਾ ਧਰਤੀ ਮਾਂ ਹੈ ਜੀ
ਬਾਬੇ ਨਾਨਕ ਨੇ ਵਡਿਆਇਆ
ਮਾਂ ਦੀ ਸੰਘਣੀ ਛਾਂ ਹੈ ਜੀ
ਨਾ ਵੱਢੀਏ ਅਸੀਂ ਰੁੱਖਾਂ ਤਾਈਂ
ਲੋਕਾਂ ਨੂੰ ਸਮਝਾਈਏ ਜੀ
ਕੁਦਰਤ ਰਾਣੀ……..
ਪੰਜ ਤੱਤਾਂ ਦੀ ਸ੍ਰਿਸ਼ਟੀ ਸੋਹਣੀ
ਸਾਜ਼ੀ ਸਿਰਜਣਹਾਰੇ ਨੇ
ਨਦੀਆਂ ਨਾਲੇ ਪਰਬਤ ਸੋਹਣੇ
ਸੂਰਜ ਚੰਨ ਸਿਤਾਰੇ ਨੇ
ਆਓ ਰਲ ਕੇ ਗੀਤ ਖ਼ੁਸ਼ੀ ਦੇ
ਝਰਨਿਆਂ ਵਾਂਗਰ ਗਾਈਏ ਜੀ
ਕੁਦਰਤ੍ ਰਾਣੀ……..
ਉੱਚੇ ਉੱਚੇ ਰੁੱਖਾਂ ਦੇ ਨਾਲ
ਕੁਦਰਤ ਰਾਣੀ ਸੋਂਹਦੀ ਏ
ਹਰ ਪ੍ਰਾਣੀ ਦੇ ਮਨ ਨੂੰ ਭਾਵੇ
ਹਰ ਸ਼ੈਅ ਨੂੰ ਹੀ ਮੋੰਹਦੀ ਏ
ਪਿਆਰ ਦੀਆਂ ਪੀਂਘਾਂ ਹੱਸ ਹੱਸ ਕੇ
ਕੁਦਰਤ ਦੇ ਨਾਲ ਪਾਈਏ ਜੀ
ਕੁਦਰਤ ਰਾਣੀ……..
ਅਕਲਾਂ ਦੇ ਖੂਹ ਖਾਲੀ ਹੋ ਗਏ
ਲਾਈ ਅੱਗ ਪਰਾਲੀਆਂ ਨੂੰ
ਨਕਦੀ ਖਾਦਾਂ ਪਾਈ ਜਾਵੇ
ਕੀ ਹੋ ਗਿਆ ਅੱਜ ਦੇ ਹਾਲੀਆਂ ਨੂੰ
ਜਿਹੜੀ ਧਰਤੀ ਸੋਨਾ ਉਗਲੇ
ਨਾ ਇੰਝ ਬਾਂਝ ਬਣਾਈਏ ਜੀ
ਕੁਦਰਤ ਰਾਣੀ…….
ਮੀਤ ਜੇ ਚਾਹੁੰਦੇ ਸੁੱਖ ਨੂੰ ਪਾਉਣਾ
ਧਰਤੀ ਨੂੰ ਫਿਰ ਪਊ ਬਚਾਉਣਾ
ਰੁੱਖ ਤੇ ਕੁੱਖ ਬਚਾ ਲਓ ਰਲ ਕੇ
ਸਾਫ਼ ਕਰ ਦਿਓ ਧਰਤੀ ਪੌਣਾਂ
ਪਾਕ ਪਵਿੱਤਰ ਨਦੀਆਂ ਤਾਈਂ
ਜਾ ਕੇ ਸੀਸ ਨਿਵਾਈਏ ਜੀ
ਕੁਦਰਤ ਰਾਣੀ………
ਹਰਜੀਤ ਕੌਰ ਮੀਤ
ਗੁਰਦਾਸਪੁਰ