ਕੀ ਲੋਕਾਂ ਨੂੰ ਜ਼ਬਰੀ ਘਰਾਂ ‘ਚ ਰੱਖਣ ਲਈ ਰੂਸ ਨੇ ਸੜਕਾਂ ‘ਤੇ ਛੱਡੇ 800 ਸ਼ੇਰ ?

ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਹਰ ਮੁਲਕ ਲਾਕਡਾਊਨ ਕਰ ਰਿਹਾ ਹੈ, ਉਥੇ ਹੀ ਭਾਰਤ ‘ਚ ਵੀ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਸਖਤੀ ਨਾਲ ਲਾਕਡਾਊਨ ਕਰਨ ਬਾਰੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਪੰਜਾਬ ‘ਚ ਤਾਂ ਸਰਕਾਰ ਵੱਲੋਂ ਕਰਫਿਊ ਵੀ ਲਾ ਦਿੱਤਾ ਗਿਆ ਹੈ। ਏਸੇ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ‘ਚ ਰੂਸ ਦੇ ਰਾਸ਼ਟਰਪਤੀ ਵੱਲੋਂ ਰੂਸ ਦੀਆਂ ਸੜਕਾਂ ‘ਤੇ 800 ਸ਼ੇਰ ਛੱਡਣ ਦਾ ਦਾਅਵਾ ਕੀਤਾ ਗਿਆ ਹੈ। ਜਦੋਂ ਬਾਬੂਸ਼ਾਹੀ ਨੇ ਏਸ ਖਬਰ ਦੀ ਪੜਚੋਲ ਕੀਤੀ ਤਾਂ ਪਤਾ ਚੱਲਿਆ ਕਿ ਇਹ ਖਬਰ ਬਿਲਕੁਲ ਝੂਠੀ ਹੈ ਅਤੇ ਬਿਨਾ ਕਿਸੇ ਜਾਂਚ ਪੁਸ਼ਟੀ ਦੇ ਇਸਨੂੰ ਲੋਕ ਅੱਗੇ ਦੀ ਅੱਗੇ ਸ਼ੇਅਰ ਕਰ ਰਹੇ ਹਨ। ਹੋਰ ਤੇ ਹੋਰ ਕਈ ਮੀਡੀਆ ਅਦਾਰੇ ਵੀ ਇਸ ਖਬਰ ਨੂੰ ਸ਼ੇਅਰ ਕਰੀ ਜਾ ਰਹੇ ਹਨ।

ਦਰਅਸਲ ਇਹ ਤਸਵੀਰ ਵਿਚਲਾ ਸ਼ੇਰ, ਜਿਸ ਦਾ ਨਾਮ ਕੋਲੰਬਸ ਹੈ, ਜੋਹਾਨਸਬਰਗ (ਦੱਖਣੀ ਅਫਰੀਕਾ) ਵਿਚ ਇਕ ਫਿਲਮ ਦੇ ਸੀਨ ਨੂੰ ਫਿਲਮਾਉਣ ਲਈ ਲਿਆਇਆ ਗਿਆ ਸੀ। ਜਿਸ ਬਾਰੇ ਬਾਬੂਸ਼ਾਹੀ ਵੱਲੋਂ ਇੰਟਰਨੈੱਟ ਸਰਚ ਕੀਤਾ ਗਿਆ ਤਾਂ ‘ਡੇਲੀ ਮੇਲ’ ਦੁਆਰਾ ਸਾਲ 2016 ‘ਚ ਇੱਕ ਰਿਪੋਰਟ ਪੋਸਟ ਕੀਤੀ ਗਈ ਹੈ। ਉਥੇ ਹੀ ਨਿਊਯਾਰਕ ਪੋਸਟ ‘ਚ ਲਿਖਿਆ ਗਿਆ ਹੈ ਕਿ ਇਸ ਫਿਲਮ ਨੂੰ ਸ਼ੂਟਿੰਗ ਦੀ ਆਗਿਆ ਹੀ ਨਹੀਂ ਮਿਲ ਪਾਈ ਸੀ।

ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਇੱਕ ਬ੍ਰੇਕਿੰਗ ਨਿਊਜ਼ ਪਲੇਟ ਵਾਲੀ ਇਸੇ ਸ਼ੇਰ ਦੀ ਫੋਟੋ ਵੀ ਖੂਬ ਵਾਇਰਲ ਹੋ ਰਹੀ ਹੈ, ਜੋ ਵੀ ਬਿਲਕੁਲ ਝੂਠੀ ਹੈ ਤੇ ਇਹ ਇੱਕ ਵੈੱਬਸਾਈਟ ਰਾਹੀਂ ਬਣਾਈ ਗਈ ਹੈ ਜਿਥੋਂ ਤੁਸੀਂ ਬ੍ਰੇਕਿੰਗ ਨਿਊਜ਼ ਪਲੇਟ ਅੰਦਰ ਕਿਸੇ ਵੀ ਫੋਟੋ ਨੂੰ ਫਿਟ ਕਰ ਸਕਦੇ ਹੋ।

Previous articleMan who died of COVID-19 visited Italy recently: Mamata
Next articleਵਿਦੇਸ਼ਾਂ ਤੋਂ ਆਏ ਭਾਰਤੀ ਘਰਾਂ ਅੰਦਰ ਨਿਗਰਾਨੀ ਹੇਠ ਰੱਖੇ