ਨਵੀਂ ਦਿੱਲੀ (ਸਮਾਜਵੀਕਲੀ): ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸਵਾਲ ਕੀਤਾ ਕਿ ਕੀ ਚੀਨੀ ਫੌਜੀਆਂ ਨੇ ਲੱਦਾਖ ’ਚ ਭਾਰਤੀ ਖੇਤਰ ’ਤੇ ਕਬਜ਼ਾ ਕਰ ਲਿਆ ਹੈ।
ਸ੍ਰੀ ਗਾਂਧੀ ਨੇ ਟਵੀਟ ਕੀਤਾ, ‘ਜੇਕਰ ਰੱਖਿਆ ਮੰਤਰੀ ਦਾ ਹੱਥ ਦੇ ਨਿਸ਼ਾਨ ’ਤੇ ਟਿੱਪਣੀ ਵਾਲਾ ਕੰਮ ਪੂਰਾ ਹੋ ਗਿਆ ਹੋਵੇ ਤਾਂ ਉਹ ਇਸ ਦਾ ਜਵਾਬ ਦੇ ਸਕਦੇ ਹਨ ਕਿ ਕੀ ਚੀਨ ਦੇ ਫੌਜੀਆਂ ਨੇ ਲੱਦਾਖ ’ਚ ਭਾਰਤੀ ਖੇਤਰ ’ਤੇ ਕਬਜ਼ਾ ਤਾਂ ਨਹੀਂ ਕਰ ਲਿਆ।’
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਅਮਿਤ ਸ਼ਾਹ ਦੇ ਬਿਆਨ ਕਿ ਮੌਜੂਦਾ ਸਮੇਂ ਦੇਸ਼ ਦੀ ਰੱਖਿਆ ਨੀਤੀਆਂ ਨੂੰ ਸਾਰੀ ਦੁਨੀਆ ਮੰਨ ਰਹੀ ਹੈ ’ਤੇ ਬੀਤੇ ਦਿਨ ਸ਼ਾਇਰਾਨਾ ਅੰਦਾਜ਼ ’ਚ ਨਿਸ਼ਾਨਾ ਲਾਇਆ ਸੀ ਅਤੇ ਇਸ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਮਿਰਜ਼ਾ ਗਾਲਿਬ ਦਾ ਸ਼ੇਅਰ ਥੋੜ੍ਹੇ ਵੱਖਰੇ ਢੰਗ ਨਾਲ ਪੇਸ਼ ਕਰ ਕੇ ਜਵਾਬ ਦਿੱਤਾ ਸੀ।
ਰਾਜਨਾਥ ਸਿੰਘ ਨੇ ਕਿਹਾ ਸੀ, ‘ਹਾਥ ਮੇਂ ਦਰਦ ਹੋ ਤੋ ਦਵਾ ਕੀਜੇ, ‘ਹਾਥ’ ਹੀ ਜਬ ਦਰਦ ਹੋ ਤੋਂ ਕਿਆ ਕੀਜੇ।’ ‘ਹੱਥ’ ਦਾ ਪੰਜਾ ਕਾਂਗਰਸ ਦਾ ਚੋਣ ਚਿੰਨ੍ਹ ਹੈ। ਇਸੇ ਦੌਰਾਨ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਰੱਖਿਆ ਮੰਤਰੀ ਨੂੰ ਰਾਹੁਲ ਗਾਂਧੀ ਦੇ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ।
ਪਾਰਟੀ ਦੇ ਚੋਣ ਚਿੰਨ੍ਹ ਦੀ ਨਿੰਦਾ ਕਰਨ ਨਾਲ ਦੇਸ਼ ਦੀ ਰਾਖੀ ਨਹੀਂ ਹੋਣੀ। ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਸਰਕਾਰ ਨੂੰ ਹੱਥ ਤੋਂ ਧਿਆਨ ਹਟਾ ਕੇ ਸਰਹੱਦ ਵੱਲ ਧਿਆਨ ਦੇਣਾ ਚਾਹੀਦਾ ਹੈ।