ਲੰਡਨ- ਭਾਰਤੀ ਮੂਲ ਦੇ ਸਭ ਤੋਂ ਜ਼ਿਆਦਾ ਸਮਾਂ ਲੋਕ ਸਭਾ ਮੈਂਬਰ ਰਹੇ ਕੀਥ ਵਾਜ਼ ਨੇ ਅੱਜ 32 ਸਾਲ ਦੀ ਆਪਣੀ ਲੰਬੀ ਪਾਰੀ ਮਗਰੋਂ ਡਰੱਗ ਸਕੈਂਡਲ ਦੇ ਸੰਦਰਭ ਵਿੱਚ ਸੇਵਾ ਮੁਕਤੀ ਲੈਣ ਦਾ ਐਲਾਨ ਕਰ ਦਿੱਤਾ। ਉਹ ਲੇਬਰ ਪਾਰਟੀ ਦੇ ਲੈਸਟਰ ਪੂਰਬੀ ਤੋਂ 1987 ਤੋਂ ਐਮਪੀ ਬਣਦੇ ਆ ਰਹੇ ਹਨ। ਉਨ੍ਹਾਂ ਦੇ ਸੇਵਾਮੁਕਤੀ ਦੇ ਐਲਾਨ ਮਗਰੋਂ ਹੁਣ ਇਸ ਹਲਕੇ ਵਿੱਚ 12 ਦਸੰਬਰ ਨੂੰ ਵੋਟਾਂ ਪੈਣਗੀਆਂ। ਉਨ੍ਹਾਂ ਆਪਣੀ ਵੈੱਬਸਾਈਟ ’ਤੇ ਆਖਿਆ ਕਿ ਉਹ ਲੈਸਟਰ ਪੂਰਬੀ ਤੋਂ 32 ਸਾਲ ਮੈਂਬਰ ਪਾਰਲੀਮੈਂਟ ਰਹੇ। ਉਨ੍ਹਾਂ ਇਸ ਦੌਰਾਨ ਅੱਠ ਜਨਰਲ ਚੋਣਾਂ ਜਿੱਤੀਆਂ। ਉਨ੍ਹਾਂ ਆਪਣੇ ਸੁਨੇਹੇ ਵਿੱਚ ਕਿਹਾ ਕਿ ਉਹ ਇਸ ਸ਼ਹਿਰ ਵਿੱਚ 1985 ਵਿੱਚ ਆਏ ਸਨ। ਉਨ੍ਹਾਂ ਆਪਣੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਉਨ੍ਹਾਂ ਨੂੰ ਐੱਮਪੀ ਬਣਾਉਣ ਵਿੱਚ ਮਦਦ ਕੀਤੀ। ਲੇਬਰ ਪਾਰਟੀ ਦੇ ਮੁਖੀ ਜਰਮੀ ਕੋਰਬਿਨ ਨੇ ਵੀ ਅਨੁਭਵੀ ਐਮਪੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕੀਥ ਨੂੰ ਆਪਣਾ ਮਾਰਗ ਦਰਸ਼ਕ ਆਖਿਆ। ਉਨ੍ਹਾਂ ਕਿਹਾ ਕਿ ਸ੍ਰੀ ਕੀਥ ਨੇ 1987 ਤੋਂ ਐੱਮਪੀ ਬਣ ਕੇ ਮਿਸਾਲੀ ਕੰਮ ਕੀਤਾ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਉਨ੍ਹਾਂ ਦਾ ਪਾਰਲੀਮੈਂਟ ’ਚ ਕਾਰਵਾਈ ਬੜੀ ਸ਼ਲਾਘਾ ਵਾਲੀ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇੰਗਲੈਂਡ ਵਿੱਚ ਏਸ਼ੀਅਨ ਮੂਲ ਦੇ ਪਹਿਲੇ ਮੰਤਰੀ ਬਣੇ ਸਨ।
HOME ਕੀਥ ਵਾਜ਼ ਵੱਲੋਂ ਸੇਵਾਮੁਕਤੀ ਦਾ ਐਲਾਨ