ਬੋਹਾ- ਖੇਤਰ ਦੇ ਪਿੰਡ ਧਰਮਪੁਰੇ ਦਾ ਭਗਵਾਨ ਸਿੰਘ ਭੱਠਲ ਬੀਤੇ ਸਮੇਂ ਵਿੱਚ ਭਾਈ ਵੰਡ ਵਿੱਚ ਆਉਂਦੀ ਸਾਢੇ ਛੇ ਕਿਲੇ ਉਪਜਾਊ ਜ਼ਮੀਨ ਦਾ ਮਾਲਕ ਸੀ ਤੇ ਜਵਾਨੀ ਵੇਲੇ ਉਸ ਦੀ ਗਿਣਤੀ ਚੰਗੇ ਹਾਲ ਵਾਹਕ ਕਿਸਾਨਾਂ ਵਿੱਚ ਸੀ ਪਰ ਬੁਢਾਪੇ ਤੱਕ ਅੱਪੜਦਿਆਂ ਨਾ ਉਸ ਕੋਲ ਜ਼ਮੀਨ ਰਹੀ ਤੇ ਨਾ ਘਰ ਬਾਰ। ਇਸ ਵੇਲੇ ਉਹ ਬਿਮਾਰੀ ਦੀ ਹਾਲਤ ਵਿੱਚ ਗਲੀਆਂ ਵਿਚ ਰੁਲਣ ਤੇ ਮੰਗ ਕੇ ਰੋਟੀ ਖਾਣ ਲਈ ਮਜਬੂਰ ਹੈ। ਕੜਾਕੇ ਦੀ ਠੰਢ ਵਿੱਚ ਉਸ ਦੇ ਸਿਰ ’ਤੇ ਛੱਤ ਵੀ ਨਹੀਂ, ਇਸ ਲਈ ਉਹ ਗੁਆਢੀਆਂ ਵੱਲੋਂ ਤਰਸ ਦੇ ਆਧਾਰ ’ਤੇ ਬਣਾ ਕੇ ਦਿੱਤੇ ਤੰਬੂ ਵਿੱਚ ਮਾੜੀ ਜ਼ਿੰਦਗੀ ਗੁਜ਼ਾਰ ਰਿਹਾ ਸੀ। ਇਸੇ ਪਿੰਡ ਵਿੱਚ ਰਹਿ ਰਹੇ ਸਕੇ ਭਰਾ ਨੇ ਉਸ ਦੀ ਸੇਵਾ ਸੰਭਾਲ ਕਰਨ ਤੋਂ ਜਵਾਬ ਦੇ ਦਿੱਤਾ ਤਾਂ ਉਸ ਨੂੰ ਬਿਮਾਰ ਹਾਲਤ ਵਿੱਚ ਸੰਭਾਲਣ ਲਈ ਹਸਨਪੁਰ (ਲੁਧਿਆਣਾ) ਦੀ ਸਮਾਜ ਸੇਵੀ ਸੰਸਥਾ ‘ਮਨੁੱਖਤਾ ਦੀ ਸੇਵਾ , ਸਭ ਤੋਂ ਵੱਡੀ ਸੇਵਾ’ ਅੱਗੇ ਆਈ ਤੇ ਪਿੰਡ ਵਾਸੀਆਂ ਤੇ ਉਸਦੇ ਭਰਾ ਦੀ ਹਾਜ਼ਰੀ ਵਿੱਚ ਉਸ ਨੂੰ ਆਪਣੇ ਨਾਲ ਲੈ ਗਈ।
ਪਿੰਡ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਗਵਾਨ ਹੋਰਾਂ ਚਾਰ ਭਰਾ ਸਨ ਤੇ ਉਨ੍ਹਾਂ ਦੇ ਪਿਤਾ ਕੋਲ 27 ਕਿੱਲੇ ਜ਼ਮੀਨ ਸੀ। ਵੱਡੇ ਭਰਾ ਦੀ ਮੌਤ ਹੋ ਚੁੱਕੀ ਹੈ ਤੇ ਉਹ ਬਾਕੀ ਤਿੰਨ ਭਰਾ ਇਸੇ ਪਿੰਡ ਵਿੱਚ ਹੀ ਰਹਿੰਦੇ ਹਨ। ਵਿਆਹ ਨਾ ਹੋ ਸਕਣ ਉਸ ਦਾ ਛੋਟਾ ਭਰਾ ਘੁੱਦਾ ਸਿੰਘ ਵੀ ਉਸ ਨਾਲ ਹੀ ਰਹਿੰਦਾ ਸੀ। ਘਰ ਦੀਆਂ ਲੋੜਾਂ , ਨਸ਼ੇ ਦੀ ਆਦਤ ਤੇ ਕੁਝ ਛੋਟੇ ਭਰਾ ਘੁੱਦੇ ਦੀ ਬਿਮਾਰੀ ਦੇ ਇਲਾਜ ਲਈ ਭਗਵਾਨ ਸਿੰਘ ਨੇ ਆਪਣੀ ਸਾਰੀ ਜ਼ਮੀਨ ਵੇਚ ਦਿੱਤੀ ਤੇ ਬੁਢਾਪੇ ਵਿੱਚ ਰੋਟੀ ਤੋਂ ਵੀ ਮੁਥਾਜ ਹੋ ਗਿਆ। ਛੋਟੇ ਭਰਾ ਦੇ ਘੁੱਦੇ ਦੇ ਨਾਂ ਤੇ ਚਾਰ ਕਿੱਲੇ ਜ਼ਮੀਨ ਬੋਲਦੀ ਹੋਣ ਕਾਰਨ ਉਨ੍ਹਾਂ ਦਾ ਭਰਾ ਉਸ ਨੂੰ ਤਾਂ ਆਪਣੇ ਨਾਲ ਲੈ ਗਿਆ ਪਰ ਬਿਮਾਰੀ ਦੀ ਹਾਲਤ ਵਿੱਚ ਭਗਵਾਨ ਸਿੰਘ ਨੂੰ ‘ਭਗਵਾਨ’ ਦੇ ਆਸਰੇ ਹੀ ਛੱਡ ਦਿਤਾ ਗਿਆ।
ਇਸ ਸਬੰਧੀ ਸਰਪੰਚ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਭਗਵਾਨ ਦੀ ਅਤਿਅੰਤ ਤਰਸਯੋਗ ਹਾਲਤ ਵੇਖ ਕੇ ਪਿੰਡ ਵਾਸੀਆਂ ਨੇ ਸਮਾਜ ਸੇਵੀ ਸੰਸਥਾ ਨੂੰ ਇਸ ਦੀ ਸਾਂਭ ਸੰਭਾਲ ਕਰਨ ਦੀ ਬੇਨਤੀ ਕੀਤੀ ਸੀ। ਉਸ ਦੇ ਭਰਾ ਦਰਬਾਰਾ ਸਿੰਘ ਨੇ ਕਿਹਾ ਕਿ ਕਿ ਉਹ ਤਾਂ ਭਗਵਾਨ ਨੂੰ ਆਪਣੇ ਘਰ ਰੱਖਣ ਲਈ ਤਿਆਰ ਹੈ ਪਰ ਉਸ ਦਾ ਬਾਕੀ ਪਰਿਵਾਰ ਨਹੀਂ ਮੰਨਦਾ।
ਮਨੁੱਖਤਾ ਦੀ ਸੇਵਾ ਸੰਸਥਾ ਦੇ ਮੁੱਖ ਆਗੂ ਗੁਰਪ੍ਰੀਤ ਸਿੰਘ ਮਿੰਟੂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ 150 ਦੇ ਕਰੀਬ ਅਜਿਹੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰ ਰਹੀ ਹੈ ਜੋ ਭਗਵਾਨ ਸਿੰਘ ਵਾਂਗ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ।
INDIA ਕਿੱਲਿਆਂ ਦਾ ਮਾਲਕ ਰੋਟੀ ਨੂੰ ਵੀ ਤਰਸਿਆ