ਆਈਪੀਐੱਲ ਦੇ ਬਾਰਵੇਂ ਸ਼ੀਜ਼ਨ ਦੇ 23 ਮਾਰਚ ਤੋਂ ਆਰੰਭ ਹੋਣ ਵਾਲੇ ਮੁਕਾਬਲਿਆਂ ਲਈ ਸਮੁੱਚੀਆਂ ਟੀਮਾਂ ਵੱਲੋਂ ਅਭਿਆਸ ਆਰੰਭ ਕਰ ਦਿੱਤਾ ਗਿਆ ਹੈ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਅੱਜ ਦੂਜੇ ਦਿਨ ਵੀ ਮੁਹਾਲੀ ਦੇ ਫੇਜ਼ 9 ਦੇ ਪੀਸੀਏ ਸਟੇਡੀਅਮ ਵਿਖੇ ਪ੍ਰੈਕਟਿਸ ਕੀਤੀ। ਆਪਣੇ ਘਰੇਲੂ ਮੈਦਾਨ ਵਿੱਚ ਟੀਮ ਦੀ ਪ੍ਰੈਕਟਿਸ ਅਗਲੇ ਕਈਂ ਦਿਨ ਜਾਰੀ ਰਹੇਗੀ। ਕਿੰਗਜ਼ ਇਲੈਵਨ ਆਈਪੀਐੱਲ ਦੇ ਮੌਜੂਦਾ ਸੀਜ਼ਨ ਦਾ ਪਹਿਲਾ ਮੈਚ 25 ਮਾਰਚ ਨੂੰ ਜੈਪੁਰ ਵਿਖੇ ਰਾਜਸਥਾਨ ਰਾਇਲਜ ਨਾਲ ਖੇਡੇਗੀ। ਇਸੇ ਤਰ੍ਹਾਂ 27 ਮਾਰਚ ਨੂੰ ਕਿੰਗਜ਼ ਇਲੈਵਨ ਦਾ ਦੂਜਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਈਡਨ ਗਾਰਡਨ ਕਲਕੱਤਾ ਵਿਖੇ ਹੋਵੇਗਾ। ਮੁਹਾਲੀ ਵਿਖੇ ਆਈਪੀਐੱਲ ਦਾ ਪਹਿਲਾ ਮੈਚ 30 ਮਾਰਚ ਨੂੰ ਕਿੰਗਜ਼ ਇਲੈਵਨ ਅਤੇ ਮੁੰਬਈ ਇੰਡੀਅਨਜ਼ ਦਰਮਿਆਨ ਹੋਵੇਗਾ ਅਤੇ ਪਹਿਲੀ ਅਪਰੈਲ ਨੂੰ ਕਿੰਗਜ਼ ਇਲੈਵਨ ਅਤੇ ਦਿੱਲੀ ਕੈਪਟੀਲਜ਼ ਭਿੜੇਗੀ। ਆਈਪੀਐਲ ਪ੍ਰਬੰਧਕਾਂ ਵੱਲੋਂ ਚੋਣਾਂ ਕਾਰਨ ਸਮੁੱਚੇ ਮੈਚਾਂ ਨੂੰ ਅਧਿਕਾਰਤ ਤੌਰ ਤੇ ਐਲਾਨਿਆ ਨਹੀਂ ਗਿਆ ਹੈ ਪਰ ਆਈਪੀਐੱਲ ਵੱਲੋਂ ਬਣਾਈ ਰੂਪ ਰੇਖਾ ਅਨੁਸਾਰ ਮੁਹਾਲੀ ਵਿਖੇ ਇਸ ਸੀਜ਼ਨ ਦੇ ਛੇ ਮੈਚ ਹੋਣਗੇ ਅਤੇ ਚਾਰ ਮਈ ਨੂੰ ਇੱਥੇ ਆਖਰੀ ਮੈਚ ਹੋਵੇਗਾ। ਸਮੁੱਚੇ ਮੈਚ ਰਾਤੀਂ ਅੱਠ ਵਜੇ ਆਰੰਭ ਹੋਣਗੇ। ਅੱਜ ਦੀ ਪ੍ਰੈਕਟਿਸ ਵਿੱਚ ਕਿੰਗਜ਼ ਇਲੈਵਨ ਪੰਜਾਬ ਦੇ ਨਾਮੀ ਖਿਡਾਰੀਆਂ ਕਰੁਣ ਨਾਇਰ, ਮਯੰਕ ਅਗਰਵਾਲ, ਕੇ.ਐਲ ਰਾਹੁਲ, ਆਰ ਅਸ਼ਵਿਨ, ਹਾਡਰਸ ਵਿਲਜੋਨ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ, ਹਰਪ੍ਰੀਤ ਸਿੰਘ ਬਰਾੜ ਆਦਿ ਨੇ ਪ੍ਰੈਕਟਿਸ ਦੌਰਾਨ ਬੱਲੇਬਾਜ਼ੀ ਅਤੇ ਗੇਦਬਾਜ਼ੀ ਕਰਕੇ ਖੂਬ ਪਸੀਨਾ ਵਹਾਇਆ। ਸਮੁੱਚੇ ਖਿਡਾਰੀ ਆਈਪੀਐੱਲ ਲਈ ਕਾਫ਼ੀ ਉਤਸ਼ਾਹਿਤ ਹਨ ਅਤੇ ਉਹ ਕਿੰਗਜ਼ ਇਲੈਵਨ ਨੂੰ ਇਸ ਵਾਰ ਹਰ ਹਾਲਤ ਵਿੱਚ ਮੋਹਰੀ ਬਣਾਉਣ ਦੇ ਰੌਂਅ ਵਿੱਚ ਹਨ। ਕਿੰਗਜ਼ ਇਲੈਵਨ ਪੰਜਾਬ ਦੀ ਪੂਰੀ ਟੀਮ ਵਿੱਚ ਰਵੀਚੰਦਰਨ ਅਸ਼ਵਿਨ (ਕਪਤਾਨ), ਕੇ ਐਲ ਰਾਹੁਲ, ਕ੍ਰਿਸ ਗੇਲ, ਐਂਡ੍ਰਿਊ ਟਾਇ, ਮਯੰਕ ਅਗਰਵਾਲ, ਅੰਕਿਤ ਰਾਜਪੂਤ, ਮੁਜੀਬ ਉਰ ਰਹਿਮਾਨ, ਕਰੁਣ ਨਾਇਰ, ਡੇਵਿਡ ਮਿੱਲਰ, ਮਨਦੀਪ ਸਿੰਘ, ਮੋਏਸਿਸ ਹੇਨਰਿਕਸ, ਨਿਕੋਲਸ ਪੂਰਾਨ, ਮੁਹੰਮਦ ਸ਼ਮੀ, ਸਰਫਰਾਜ ਖਾਨ, ਵਰੁਣ ਚੱਕਰਵਰਤੀ, ਸੈਮ ਕੁਰਾਨ, ਅਰਸ਼ਦੀਪ ਸਿੰਘ, ਦਰਸ਼ਨ ਨਲਕੰਡੇ, ਪ੍ਰਭਸਿਮਰਨ ਸਿੰਘ, ਅਗਨੀਵੇਸ਼ ਅਯਾਚੀ, ਹਰਪ੍ਰੀਤ ਬਰਾੜ, ਮੁਰੂਗਨ ਅਸ਼ਵਿਨ ਸ਼ਾਮਿਲ ਹਨ।
Sports ਕਿੰਗਜ਼ ਇਲੈਵਨ ਪੰਜਾਬ ਵੱਲੋਂ ਮੁਹਾਲੀ ਸਟੇਡੀਅਮ ’ਚ ਅਭਿਆਸ ਜਾਰੀ