ਕਪੁਰਥਲਾ , ਸਮਾਜ ਵੀਕਲੀ ( ਕੌੜਾ ) – ਤਿੰਨ ਕਾਲ਼ੇ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਵਿਖੇ ਨਿਰੰਤਰ ਚੱਲ ਰਹੇ ਰੋਸ ਧਰਨੇ ਨੂੰ ਸਫ਼ਲ ਬਣਾਉਣ ਅਤੇ ਮਜ਼ਬੂਤ ਕਰਨ ਲਈ ਕਿਸਾਨ ਅਤੇ ਮਜ਼ਦੂਰ ਵੀਰਾਂ ਨੁੰ ਮੁੜ ਲੱਕ ਬੰਨ੍ਹ ਕੇ ਦਿੱਲੀ ਵੱਲ ਚਾਲੇ ਪਾਉਣੇ ਚਾਹੀਦੇ ਹਨ। ਉਕਤ ਅਪੀਲ ਕਰਦਿਆਂ ਕਿਸਾਨ ਆਗੂ ਜਗਦੀਪ ਸਿੰਘ ਵੰਝ ਨੇ ਕਿਹਾ ਕਿ ਉਹ ਐਨ ਆਰ ਆਈਜ਼ ਵੀਰਾਂ ਅਤੇ ਇਲਾਕ਼ੇ ਦੇ ਪਿੰਡ ਖੈੜਾ ਦੋਨਾ, ਮਿੱਠਾ, ਕੜਾਹਲ ਕਲਾਂ, ਮਲੀਆਂ, ਨੀਵੀ ਤਲਵੰਡੀ, ਨੀਵੀਆਂ ਕੜਾਹਲਾਂ, ਦੁਰਗਾਪੁਰ, ਕੋਠੇ ਈਸ਼ਰਵਾਲ, ਕੌਲ ਤਲਵੰਡੀ, ਹੁਸੈਨਪੁਰ, ਕੜ੍ਹਾਹਲ ਖ਼ੁਰਦ, ਸੁਖੀਆ ਨੰਗਲ, ਮੁਰਾਦਪੁਰ ਆਦਿ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਦੇ ਟਿਕਰੀ ਬਾਰਡਰ ਦੇ ਪੋਲ ਨੰਬਰ 325 ਵਿਖੇ ਪਿਛਲੇ 6 ਮਹੀਨਿਆਂ ਤੋਂ ਨਿਰੰਤਰ ਗੁਰੂ ਕੇ ਲੰਗਰ ਦੀ ਸੇਵਾ ਚਲਾ ਰਹੇ ਹਨ।
ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਏਜੇਂਸੀਆਂ ਵੱਲੋਂ ਕਿਸਾਨਾਂ ਦੇ ਸੰਗਰਸ਼ ਨੂੰ ਤਾਰਪੀਡੋ ਕਰਨ ਲਈ ਬੇਸ਼ਕ ਤਰਾਂ — ਤਰਾਂ ਦੀਆਂ ਚਾਲਾਂ ਚਲਾਈਆਂ ਗਈਆਂ ਹਨ ਅਤੇ ਹੁਣ ਵੀ ਝੂਠੀਆਂ ਤੇ ਬੇਬੁਨਿਆਦ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਿਹਨਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ । ਉਹਨਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਆਪਣੇ ਪੂਰੇ ਜਲੌਅ ਉਤੇ ਹੈ ,ਅਤੇ ਜਲਦੀ ਹੀ ਕਿਸਾਨਾਂ ਨੂੰ ਫਤਹਿ ਮਿਲੇਗੀ।
ਕਿਸਾਨ ਆਗੂ ਜਗਦੀਪ ਵੰਝ ਨੇ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਸ਼੍ਰੇਣੀ ਦੇ ਲੋਕਾਂ ਨੂੰ ਆਪਣੇ ਨਿੱਜੀ ਸਵਾਰਥਾਂ ਤੋਂ ਉਪਰ ਉੱਠ ਕੇ ਦਿੱਲੀ ਸੰਘਰਸ਼ ਨੂੰ ਸਫ਼ਲ ਅਤੇ ਮਜ਼ਬੂਤ ਬਣਾਉਣ ਲਈ ਹਰ ਪੱਖੋਂ ਆਪਣਾ ਲੋੜੀਂਦਾ ਯੋਗਦਾਨ ਪਾਉਣਾ ਚਾਹੀਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly