ਪਿਛਲੇ ਦਿਨੀਂ ਪਿੰਡ ਕੋਕਰੀ ਕਲਾਂ ਵਾਸੀ ਰਾਜ ਕੁਮਾਰ ਰਾਜੂ ਦੀ ਕਿਰਾਏਦਾਰਾਂ ਨਾਲ ਚੱਲ ਰਹੇ ਝਗੜੇ ਦੌਰਾਨ ਮੌਤ ਹੋ ਗਈ ਸੀ। ਪੀੜਤ ਪਰਿਵਾਰ ਨੇ 84 ਘੰਟੇ ਬੀਤ ਜਾਣ ਬਾਅਦ ਵੀ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ। ਅੱਜ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਅਤੇ ਵੱਖ ਵੱਖ ਜੱਥੇਬੰਦੀਆਂ ਨੇ ਕਰੀਬ 1 ਘੰਟਾ ਅਜੀਤਵਾਲ ਵਿੱਚ ਫਿਰੋਜ਼ਪੁਰ-ਲੁਧਿਆਣਾ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ। ਇਸ ਕਾਰਨ ਆਮ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਪੁਲੀਸ ਨੇ ਪਹਿਲਾਂ ਵੀ 24 ਘੰਟਿਆਂ ਵਿੱਚ ਕਾਰਵਾਈ ਦਾ ਭਰੋਸਾ ਦੇ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਸੀ ਤੇ ਧਰਨਾ ਚੁਕਾਇਆ ਸੀ। ਪਰ ਪੁਲੀਸ 24 ਘੰਟੇ ਬੀਤ ਜਾਣ ’ਤੇ ਕਥਿਤ ਦੋੋਸ਼ੀਆਂ ਨੂੰ ਗਿ੍ਰਫਤਾਰ ਨਹੀਂ ਕਰ ਸਕੀ। ਉਗਰਾਹਾਂ ਅਤੇ ਹੋਰ ਜੱਥੇਬੰਦੀਆਂ ਨੇ 1 ਘੰਟਾ ਆਵਾਜਾਈ ਬੰਦ ਰੱਖ ਕੇ ਰੋਸ ਪ੍ਰਗਟਾਇਆ ਅਤੇ ਮਗਰੋਂ ਪੁਲੀਸ ਨੂੰ ਚੇਤਾਵਨੀ ਦਿੰਦਿਆਂ ਆਵਾਜਾਈ ਬਹਾਲ ਕਰ ਦਿੱਤੀ ਪਰ ਉਨ੍ਹਾਂ ਥਾਣਾ ਅਜੀਤਵਾਲ ਅੱਗੇ ਦਿਨ-ਰਾਤ ਧਰਨਾ ਦੇਣ ਦਾ ਐਲਾਨ ਕਰ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਦੇ ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਨੇ ਕਿਹਾ ਕਿ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਵੇਖ ਕੇ ਲੱਗਦਾ ਹੈ ਕਿ ਸਾਨੂੰ ਧਰਨੇ ਨੂੰ ਤਿੱਖਾ ਰੂਪ ਦੇਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਜੇ ਕੱਲ ਤੱਕ ਦੋਸ਼ੀਆਂ ਨੂੰ ਗਿ੍ਰਫਤਾਰ ਨਾ ਕੀਤਾ ਗਿਆ ਤਾਂ ਧਰਨੇ ਨੂੰ ਜ਼ਿਲ੍ਹਾ ਪੱਧਰੀ ਕਰ ਦਿੱਤਾ ਜਾਵੇਗਾ। ਪ੍ਰੈਸ ਸਕੱਤਰ ਨਛੱਤਰ ਸਿੰਘ ਹੇਰ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣ ਤਕ ਮਿ੍ਰਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
INDIA ਕਿਸਾਨ ਯੂਨੀਅਨ ਨੇ ਫਿਰੋਜ਼ਪੁਰ ਲੁਧਿਆਣਾ ਮਾਰਗ ਕੀਤਾ ਬੰਦ