ਨਵੀਂ ਦਿੱਲੀ (ਸਮਾਜ ਵੀਕਲੀ) : ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਦੂਸਰਾ ਕਾਫ਼ਲਾ ਅੱਜ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਦਿੱਲੀ ਦੀਆਂ ਬਰੂਹਾਂ ਸਿੰਘੂ ਬਾਰਡਰ ’ਤੇ ਲਾਏ ਮੋਰਚੇ ਵਿੱਚ ਪਹੁੰਚ ਗਿਆ। ਕਾਫਲਾ ਇੰਨਾ ਵੱਡਾ ਸੀ ਕਿ ਇਹ 8 ਲਾਊਡ ਸਪੀਕਰਾਂ ਵਾਲੀਆਂ ਗੱਡੀਆਂ ਲਾ ਕੇ ਵੀ ਕੰਟਰੋਲ ਨਹੀਂ ਸੀ ਹੋ ਰਿਹਾ। ਮਜ਼ਦੂਰਾਂ ਕਿਸਾਨਾਂ ਦੇ ਕਾਫਲੇ ਨੇ ਕੁੰਡਲੀ ਬਾਰਡਰ ਉੱਤੇ ਲੱਗੇ ਪਹਿਲੇ ਨਾਕੇ ਨੂੰ ਤੋੜਿਆ ਤਾਂ ਪੁਲੀਸ ਨੇ ਦੂਜੇ ਨਾਕੇ ਨੂੰ ਮਜ਼ਬੂਤ ਕਰਨ ਲਈ ਰਸਤੇ ਵਿੱਚ ਟਿੱਪਰ, ਟਰੱਕਾਂ ਅਤੇ ਹੋਰਨਾਂ ਸਾਧਨਾਂ ਰਾਹੀਂ ਭਾਰੀ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ।
ਹਾਲਾਂਕਿ ਕਾਫ਼ਲੇ ਦਾ ਦਬਾਅ ਲਗਾਤਾਰ ਵਧਦਾ ਵੇਖ ਕੇ ਵੱਡੀ ਗਿਣਤੀ ’ਚ ਤਾਇਨਾਤ ਪੁਲੀਸ ਬਲਾਂ ਨੂੰ ਪਿੱਛੇ ਹਟਣਾ ਪਿਆ। ਲੰਮੇ ਜਾਮ ਲੱਗੇ ਹੋਣ ਕਰਕੇ ਸੈਂਕੜੇ ਵਾਹਨ ਰਸਤੇ ਵਿੱਚ ਹੀ ਫਸੇ ਰਹੇ। ਪੁਲੀਸ ਨੇ ਕਈ ਥਾਵਾਂ ਉਤੇ ਕਾਫਲੇ ਵਿੱਚ ਸ਼ਾਮਲ ਵਾਹਨਾਂ ਨੂੰ ਗ਼ਲਤ ਰਸਤੇ ਪਾ ਕੇ ਗੁੰਮਰਾਹ ਵੀ ਕੀਤਾ। ਕਿਸਾਨਾਂ-ਮਜ਼ਦੂਰਾਂ ਦੇ ਕਾਫਲੇ ਦਾ ਪਹਿਲਾ ਹਿੱਸਾ ਭਾਵੇਂ ਦਿੱਲੀ-ਪਾਣੀਪਤ ਰੋਡ ਉੱਤੇ ਨਰੇਲਾ-ਕੁੰਡਲੀ ਬਾਰਡਰ ਉੱਤੇ ਪਹੁੰਚਣ ਵਿੱਚ ਕਾਮਯਾਬ ਹੋ ਗਿਆ, ਪਰ ਹਜ਼ਾਰਾਂ ਵਾਹਨ ਸਾਰੀ ਰਾਤ ਤੇ ਦੂਜੇ ਦਿਨ ਵੀ ਟਰੈਫਿਕ ਜਾਮ ਵਿੱਚ ਫਸੇ ਰਹੇ। ਵਾਲੰਟੀਅਰਾਂ ਦੀ ਵਿਸ਼ੇਸ਼ ਤਾਇਨਾਤੀ ਕਰਕੇ ਕਾਫਲਿਆਂ ਨੂੰ ਪੰਡਾਲ ਵਿੱਚ ਲਿਆਂਦਾ ਗਿਆ।
ਸੂਬਾ ਆਗੂਆਂ ਨੇ ਮੋਰਚੇ ਨੂੰ ਸੰਬੋਧਤ ਹੁੰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀ ਖੇਤਰਾਂ ਵਿੱਚ ਹੋਰ ਸੁਧਾਰਾਂ ਦੀਆਂ ਗੱਲਾਂ ਕਰਕੇ ਖੇਤੀ ਖੇਤਰ ਵਿੱਚ ਨਿੱਜੀ ਨਿਵੇਸ਼ ਨੂੰ ਹੱਲਾਸ਼ੇਰੀ ਦੀਆਂ ਗੱਲਾਂ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਖੇਤੀ ਤਾਂ ਪਹਿਲਾਂ ਹੀ ਨਿੱਜੀ ਹੈ, ਪਰ ਪ੍ਰਧਾਨ ਮੰਤਰੀ ਦਾ ਇਰਾਦਾ ਹੁਣ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਖੇਤਰ ਵਿੱਚ ਲਿਆਉਣਾ ਹੈ।