(ਸਮਾਜ ਵੀਕਲੀ)
ਕਿਸਾਨ ਮੋਰਚੇ ਦਾ ਅੱਜ ਬਾਈਵਾਂ ਦਿਨ ਸੀ। ਲਛਮਣ ਤੇ ਜਗੀਰੂ ਨੇ ਫਟਾ-ਫਟ ਪਹਿਲਾਂ ਤਾਂ ਮੁੂੰਗ-ਮਸਰ ਦੀ ਦਾਲ ਰੱਖ ਦਿੱਤੀ, ਫਿਰ ਸਬਜ਼ੀ ਬਾਰੇ ਅਖੀਰ ਫੈਸਲਾ ਕਰ ਹੀ ਲਿਆ, ‘‘ਚਲੋ ਫੇ ਗੋਭੀ, ਮਟਰ ਤੇ ਆਲੂ ਲਿਆਂਦੇ ਪਏ ਆ-ਲਛਮਣਾ ਤੂੰ ਗੰਡੇ ਚੀਰ ਲੈ…ਮੈਂ ਮਿਰਚ ਮਸਾਲਾ ਤਿਆਰ ਕਰਦਾ ਜਦ ਤਕ ਕਾਮਰੇਡ ਹੁਣੀ ਵੀ ਮੁੜ ਆਉਣਗੇ ਨਾਲੇ ਬੰਦਿਆਂ ਦਾ ਪਤਾ ਲਗ ਜਾਊ ਕਿੰਨੇ ਆਂ…ਰੇਸ਼ੂ, ਪਾਖਰ ਤੇ ਗੇਲੂ ਤਾਂ ਆਪਣੇ ਸੌਹੁਰਿਆਂ ਵੱਲ ਰਾਤ ਰਹਿਣਗੇ….ਫੇਰ ਆਪਣੇ ਬਾਈ ਜੀ ਬਚਣਗੇ….ਓਸੇ ਸਾਬ੍ਹ ਨਾਲ ਆਟਾ ਗੁੰਨਣਾ ਪਊ….’’
‘‘ਬਈ ਮੇਰਾ….ਸਵੇਰ ਦੀਆਂ ਕਾਫੀ ਰੋਟੀਆਂ ਬਚੀਆਂ ਪਾਈਆਂ….’’
‘‘ਤੂੰ ਗੱਲਾਂ ਕੀ ਕਰਦਾਂ ਜੁਆਨਾ….ਰੋਟੀਆਂ ਤਾਂ ਅੰਬਾਲੇ ਈ ਬਿਲੇ ਲਗ ਗਈਆਂ ਸੀ ਜਦੋਂ ਫਰੀਦਕੋਟੀਏ ਟਰਕੇ ਸੀ… ਲਮਢੀਂਗ ਨੇ ਮਿਲਦਿਆਂ ਈ ਰੋਟੀ ਮੰਗੀ ਸੀ-’’ ਕਾਮਰੇਡ ਲਛਮਣ ਬੋਰੀ ਵਿਚੋਂ ਆਲੂ ਕੱਢਦਾ ਬੋਲਿਆ। ‘‘ਯਾਰ ਮੈਨੂੰ ਨਈ ਸੀ ਪਤਾ ਐਨੀ ਦੂਰ ਤੱਕ ਆਵਾਂਗੇ….ਮੈਨੁੂੰ ਸੀ ਬਠਿੰਡੇ…ਮਾਨਸੇ ਤੱਕ ਜਾਣਾ ਹਊ…. ਮੈਂ ਤਾਂ ਕੱਪੜੇ ਵੀ ਨਈਂ ਲਿਆਇਆ… ਹੁਣ ਗਹਾਂ ਚਲ ਕੇ ਲੈਣੇ ਪੈਣਗੇ ਏਥੇ ਸੌਵਾਂਗੇ ਕਿੱਥੇ?…ਖਲੀ ਕਿੰਨੇ ਦਿਨ ਲਗਣ …ਵੱਡੇ ਸਰਦਾਰ ਜੀ ਤਾਂ ਕਹਿੰਦੇ…..ਪੰਦਰਾਂ ਵੀਹ ਦਿਨ ਤਾਂ ਪੱਕੇ ਆ….ਮਹੀਨਾ ਖੰਡ ਵੀ ਲਗ ਸਕਦੇ ਆ…ਕਹਿੰਦੇ ਕਿਸੇ ਗੱਲੋਂ ਓਦਰਿਓਂ ਨਾ… ਵਥੇਰੇ ਪੈਸੇ ਆਪਣੇ ਕੋਲ….’’ ਗੱਲ ਕਰਦਾ ਜੀਗਰੂ ਚਲ੍ਹੇ ਵਿਚਲੀ ਮੱਠੀ ਪਈ ਅੱਗ ਵੱਲ ਹੋ ਗਿਆ ਤੇ ਚਿਮਟੇ ਨਾਲ ਲੱਕੜਾਂ ਹਿਲਾਉਣ ਲੱਗ ਪਿਆ।
‘‘ਬਈ ਸੱਚ ਪੁੱਛੋਂ ਤਾਂ….ਬਈ ਮੈਨੂੰ ਤਾਂ ਪਤਾ ਸੀ…..ਛੋਟੇ ਭਾ ਜੀ ਨੇ ਦਸ……ਤਾ ਸੀ…ਬਈ ਟਰੈਕਟਰ ਵਿਚ ਮੀਨ੍ਹੇ ਭਰ ਦਾ ਰਾਸ਼ਣ ਜਮਾ ਕਰ…ਰਾਮਪਾਲ…ਆਪਾਂ ਫੇਰ ਮਣ ਪਕਾ ਆਟਾ, ਦਾਲਾਂ, ਲੂਣ, ਮਿਰਚਾਂ, ਹਲਦੀ ਮਸਾਲੇ ਕੱਠੇ ਕਰਤੇ….ਨਾਲ ਭਾਂਡੇ ਵੀ’’ ਲਛਮਣ ਨੇ ਗੱਲ ਵਿਚਾਲੇ ਹੀ ਛੱਡ ਦਿੱਤੀ ਕਿਉਂਕਿ ਕਾਮਰੇਡ ਹੁਣੀਂ ਮੁੁੜ ਆਏ ਸੀ।
‘‘ਲੈ ਬਈ ਜੁਆਨੋਂ ਮੂੰਫਲੀ ਖਾਓ, ਨਾਲੇ ਉਧਰੋਂ ਵਾਟੇ ਚੋਂ ਗੁੜ ਕੱਢ ਲੈ…ਅੱਧੇ ਘੰਟੇ ਤੱਕ ਆਪਾਂ ਠੋਕ ਕੇ ਮੁਜ਼ਾਹਰਾ ਕਰਾਂਗੇ….ਬਹੁਤ ਬੰਦੇ ਪਹੁੰਚ ਜਾਣਗੇ…ਹੁਣ ਵੱਜੇ ਆ ਸੱਤ…ਰੋਟੀ ਤਿਆਰ ਕਰ ਲਓ…ਅੱਠ ਸਾਢੇ ਅੱਠ ਤੱਕ ਰੋਟੀ ਆਲਾ ਕੰਮ ਨਬੇੜ ਲਓ…. ਮੁਜਾਹਰੇ ਤੋਂ ਬਾਅਦ, ਵਿਹਲੇ ਹੋ ਕੇ ਆਪਾਂ ਨਾਲੇ ਅੰਬ ਖਾਵਾਂਗੇ ਫੇਰ ਰਾਤ ਨੂੰ ਮੂੰਗਫਲੀ…ਆਪਾਂ ਵੀਹ ਬੰਦੇ ਆਂ…ਕਿਸੇ ਨੇ ਵੀ ਇੱਧਰ ਉਧਰ ਨੀ ਹੋਣਾ…ਆਪਣੇ ਟਰੈਕਟਰ ਦੀ ਨਿਸ਼ਾਨੀ ਯਾਦ ਰੱਖਣੀ ਆਂ…ਫੈਸਲਾ ਹੋਇਆ ਤੜਕੇ ਆਪਾਂ ਚਲ ਕੇ ਛੇ ਵਜਦੇ ਨੂੁੰ ਟਿਕਾਣੇ ਤੇ ਪਹੁੰਚਦੇ ਹੋਣਾ…ਸ਼ਾਬਾਸ਼ੇ… ਸ਼ੇਰੋ….’’ ਕਹਿ ਕੇ ਕਾਮਰੇਡ ਨੇ ਪੱਗ ਲਾ ਕੇ ਟਰੈਕਟਰ ਦੇ ਵਿਚ ਰੱਖ ਦਿੱਤੀ।
ਉਨ੍ਹਾਂ ਦਾ ਟਰੈਕਟਰ ਦਿੱਲੀ ਦੀ ਬਾਈਪਾਸ ਉਪਰ ਮੁਜ਼ਾਹਰੇ ਵਾਲੀ ਥਾਂ ਉੱਤੇ ਟਰੈਕਟਰਾਂ ਦੀ ਭੀੜ ਦੇ ਬਾਹਰ ਠੀਕ ਵੇਲੇ ਸਿਰ ਪਹੁੰਚ ਗਿਆ। ਕਾਮਰੇਡ ਇੱਥੇ ਹੀ ਉੱਚੀ-ਉੱਚੀ ਨਾਹਰੇ ਲਾਉਣ ਲੱਗਾ…ਫਿਰ ਨਾਲ ਈ ਨਾਲ ਵਾਲੇ ਬੰਦੇ ਵੀ ਸ਼ੁਰੂ ਹੋ ਗਏ। ਉਨ੍ਹਾਂ ਵੱਲ ਦੇਖ ਦੇ ਦੂਜੇ ਜੁੜੇ ਹੋਏ ਕਿਸਾਨ ਵੀ ਨਾਹਰੇ ਮਾਰਨ ਲੱਗੇ।
‘‘ਕਾਮਰੇਡ ਜੀ ਆਓ ਪਹਿਲਾਂ ਘੁੱਟ-ਘੁੱਟ ਚਾਹ ਪੀ ਲਈਏ….’’ ਨਾਲੇ ਜੋਸ਼ ਹੋਰ ਭਰ ਜੂ….ਕਿਸਾਨ ਏਕਤਾ ਜੰਦਾਬਾਦ…ਜਿੰਦਾਬਾਦ! ਨਾਲ ਹੀ ਦੂਜੇ ਬੰਦੇ ਵੀ ਸ਼ੁਰੂ ਹੋ ਗਏ ਤੇ ਉਨ੍ਹਾਂ ਉਪਰ ਲਈਆਂ ਰਜਾਈਆਂ ਕੱਠੀਆਂ ਕਰਕੇ ਪੈਰਾਂ ਵਲ ਰੱਖ ਦਿੱਤੀਆਂ। ਨਾਹਰੇ ਹੋਰ ਤੇਜ਼ ਹੁੰਦੇ ਗਏ। ਉਨ੍ਹਾਂ ਦੇ ਪਿੱਛੇ ਟਰੈਕਟਰਾਂ ਦੀ ਭੀੜ ਜੁੜਦੀ ਗਈ।
‘‘ਜੋਗੀ ਉਹ ਤੂੰ ਫੇਰ ਗੱਲ ਦੱਸੀ ਈ ਨਈਂ…. ਕੀ ਫੈਸਲੇ ਹੋਏ ….ਫਰੀਦ ਕੋਟੀਆਂ ਦੀ ਮੀਟਿੰਗ ਵਿੱਚ?’’ ਰੇਸ਼ੂ ਲਮਢੀਂਗ ਨੇ ਖੜ੍ਹੇ ਹੁੰਦਿਆਂ ਪੁੱਛਿਆ।
ਮੈਂ ਸੋਚਿਆ ਜਦੋਂ ਸਾਰੇ ਜਣੇ ਚਾਹ ਪੀਣ ਬੈਠਾਂਗੇ ਫਿਰ ਗੱਲ ਕਰੂੰ….ਪਹਿਲੀ ਗੱਲ ਇਹ ਆ ਕੋਈ ਦੂਸਰੇ ਨੂੰ ਜਾਤ-ਕੁਜਾਤ ਨਾਲ ਨਈਂ ਬੁਲਾਵੇਗਾ….’’
‘‘ਮੈਂ ਸਮਝਿਆ ਨਈਂ ਪੂਰੀ ਗੱਲ?’’ ਨਾਲੇ ਪਾਖਰ ਨੇ ਗੱਲ ਮੁਕਾਈ।
‘‘ਆਹੀ ਯਾਰ ਜਿਦਾਂ ਆਪਾਂ ਕਈ ਦੂਸਰੇ ਨੂੰ ਜਾਤ ਉਤੇ ਹਾਕ ਮਾਰ ਲੈਂਦੇ ਆਂ….ਜਾ ਪਿੰਡਾਂ ਵਾਲੀ ਬੋਲੀ ਵਿੱਚ ਹਾਕ ਮਾਰ ਲੈਂਦੇ ਆਂ….ਉਹ ਸਭ ਬੰਦ।’’
‘‘ਇਹ ਤਾਂ ਯਾਰ ਬੜੇ ਹਾਲੇ ਦੇ ਫੈਸਲੇ ਆ…. ਏਸ ਗੱਲ ਨਾਲ ਸਾਡੇ ਸਭ ਲੋਕਾਂ ਵਿੱਚ ਬੜੀ ਤਬਦੀਲੀ ਆਏਗੀ….ਅਸੀਂ ਸਾਰੇ ਕਿਸਾਨ ਆਂ ਜਾਂ ਮਜ਼ਦੂਰ ਆਂ…ਕੋਈ ਕਿਸੇ ਦੇ ਅਧੀਨ ਥੋੜ੍ਹੋ ਆ …ਐਵੇਂ ਅਗਲੇ ਨੂੰ ਜਾਤ ਦਾ ਨਾਂ ਲੈ ਕੇ ਹਾਕ ਮਾਰੀ ਜਾਓ….ਸਿੱਧਾ ਅਨਪੜ੍ਹਾਂ ਵਾਲੀ ਗੱਲ ਆ।’’
‘‘ਬਸ ਬਈ ਸੰਗਰੂਰ ਵਾਲੇ ਬੰਦੇ ਨੇ ਸਿਰੇ ਦੀ ਗੱਲ ਮੁਕਾਈ…ਕਹਿੰਦਾ ਨਾ ਕਿਸੇ ਨੂੰ ਜਾਤ ਨਾਲ ਬੁਲਾਉਣਾ ਨਾ ਗੋਰਾ ਜਾਂ ਚਿੱਟਾ, ਕਾਲਾ ਕਹਿ ਕੇ ….ਸਭ ਅਸੀਂ ਕਿਸਾਨ ਆਂ…ਭਾਰਤੀ ਕਿਸਾਨ….ਜਾਂ ਭਾਰਤੀ ਮਜ਼ਦੂਰ….ਇਹ ਪੱਕੇ ਫੈਸਲੇ ਆ…ਇਹ ਲਾਗੂ ਸਭ ਨੇ ਕਰਨੇ ਆਂ…..ਕੋਈ ਕਿਸੇ ਨੂੰ ਨਾਂ -ਕੁ ਨਾਂ ਨਾਲ ਨਾ ਬੁਲਾਵੇ….’’
‘‘ਗੱਲ ਵੀ ਸੋਲਾਂ ਆਨੇ ਸਹੀ ਆ….ਕਿਉਂ ਬਈ ਭੀਮ?’’
‘‘ਬਈ ਐਦਾਂ ਦੇ ’ਕੱਠਾਂ ਮੁਜਾਹਰਿਆਂ ’ਚ ਐਦਾਂ ਦੀਆਂ ਗੱਲਾਂ ਵੱਧ ਸਿੱਖਣ ਨੂੰ ਮਿਲਦੀਆਂ …ਕਿਉਂ ਬਈ ਲਛਮਣ!’’…..ਲੈ ਐਧਰ ਦੇਖੋ ਬਠਿੰਡੇ ਆਲਿਆਂ ਨੇ ਲੰਗਰ ਵੀ ਸ਼ੁਰੂ ਕਰ ਦਿੱਤਾ….ਐਡਾ ਕੀ ਭੋਖੜਾ ਮਚਿਆ ਪਿਆ….’’ ਬਰਨਾਲੇ ਵਾਲੇ ਲਮਢੀਂਗ ਨੇ ਥੋੜ੍ਹਾ ਜਿਹਾ ਗੰਭੀਰ ਹੋ ਕੇ ਆਖਿਆ ਤਾਂ ਪ੍ਰੀਤਮ ਬੋਲਿਆ, ‘‘ਯਾਰ ਇਕ ਦੂਜੇ ਨੂੰ ਦੇਖੋ ਦੇਖੀ ਐਵੇਂ ਮਨ ਕਾਹਲਾ ਪੈ ਜਾਂਦਾ।’’
ਆਪਾਂ ਵੀ ਮੁੰਡਿਆਂ ਨੂੁੰ ਕਹੀਏ ਨਬੇੜਨ ਕੰਮ ਵਿਚੋਂ…..ਬਈ ਏਥੇ ਕਿਹੜਾ ਲਾਟੂ ਜਗਦੇ ਆ… ਜਾਂ ਪੱਖੇ ਚਲਦੇ ਆ….ਬਸ ਜਿਹੜਾ ਕੰਮ ਨਿਬੜਦਾ ਨਿਬੇੜੋ ਵਿੱਚੋਂ…ਫੇਰ ਨਾਲੇ ’ਕੱਠੇ ਹੋਣ ਦਾ ਵੇਲਾ ਵੀ ਨੇੜੇ ਆਈ ਜਾਂਦਾ….’’ ਲਛਮਣ ਨੇ ਸਾਰੀ ਗੱਲ ਮੁਕਾ ਕੇ ਆਪਣੀ ਪੱਗ ਲਾਹੀ ਤੇ ਕੇਸਾਂ ਵਿੱਚ ਹੱਥ ਫੇਰਦਾ ਬੋਲਿਆ….‘‘ਲੈ ਦੋ ਦਿਨ ਨ੍ਹਾਤੇ ਨੀ ਤਾਂ ਮਿੱਟੀਓ ਮਿੱਟੀ ਜੰਮ ਗਈ….’’ ਮਿਲਣੀ ਕਰਨੀ ਆਂ। ‘‘ਚੱਲ ਤੈਂ ਕਿਹੜਾ ਕਿਤੇ … ਜਾਂ ਸਾਜਰੇ ਹਿੰਮਤ ਕਰ ….ਤੇ ਮੀਲ ਭਰ ’ਤੇ ਮੋਟਰ ਚਲਦੀ ਆ…ਕਰ ਆ ਸ਼ਨਾਨੇ’’
‘‘ਸ਼ਾਬਾਸ਼ੇ ਤੇਰੇ…ਨਹੀਂ ਰੀਸਾਂ ਤੇਰੀਆਂ ਵੀ…ਉਥੇ ਹੋਰ ਵੀ ਲੋਕਾਂ ਦਾ ਮੇਲਾ ਲੱਗਾ ਹੋਣਾ….ਮੈਂ ਤਾਂ ਕਹਿੰਦਾ ਬਿਨਾਂ ਨ੍ਹਾਤੇ ਈ ਚੰਗੇ ਆਂ…ਸਵੇਰੇ ਦੋ ਮੁਜ਼ਾਹਰੇ ਆ….ਪਹਿਲਾਂ ਅੰਬਰਸਰੀਆਂ ਦਾ …ਫੇਰ ਨਾਲ ਈ ਸਾ੍ਹਮਣੇ ਵਾਲਿਆਂ ਦਾ…ਦੋਨੋਂ ਦੇਖ ਸੁਣ ਕੇ ਇਕ ਵਾਰੀ ਤਾਂ ਨੰਦ ਆ ਜੂ…ਇਕ ਵਾਰੀ ਤਾਂ ਪ੍ਰਧਾਨ ਮੰਤਰੀ ਦੀ ਹਵਾ ਨਿਕਲ ਜੂ….’’
ਇਸੇ ਮੌਕੇ ਇਕ ਪਾਸੇ ਤੋਂ ਬੰਦੇ ਲੰਗਰ ਲਈ ਵਾਜਾਂ ਮਾਰਨ ਲੱਗੇ। ਪੰਜ ਸੱਤ ਜਣੇ ਲੰਗਰ ਨੂੰ ਹੋ ਤੁਰੇ, ਦੋ ਚਾਰ ਨੇ ਪਾਣੀ ਵਾਲੇ ਟੱਬਾਂ ਨੂੰ ਹੱਥ ਪਾ ਲਿਆ।
ਕਿਸਾਨਾਂ ਤੇ ਕਿਸਾਨ-ਮਜ਼ਦੂਰਾਂ ਦਾ ਬਹੁਤ ਵੱਡਾ ਕੱਠ ਜੁੜੀ ਜਾਂਦਾ ਸੀ। ਬੜੀ ਬਿਊਂਤ ਨਾਲ ਇਕ ਪਾਸੇ ਟਰੈਕਟਰ ਖੜ੍ਹੇ ਕੀਤੇ ਹੋਏ ਸਨ। ਬਹੁਤ ਸਾਰੇ ਨੌਜਵਾਨ ਮੋਟਰ ਸਾਈਕਲਾਂ-ਸਕੂਟਰਾਂ ਉੱਤੇ ਵੀ ਪਹੁੰਚੇ ਹੋਏ ਸਨ ਤੇ ਪਹੁੰਚੀ ਵੀ ਜਾ ਰਹੇ ਸਨ। ਹਰ ਟਰੈਕਟਰ ਉੱਪਰ ਮੀਂਹ ਕਣੀ ਤੋਂ ਬਚਣ ਲਈ ਛੱਤ ਪਾ ਲਈ ਗਈ ਸੀ। ਇੱਕ ਗੱਲ ਹੋਰ ਦੇਖੋ ਤੁਸੀਂ, ਸਭ ਟਰੈਕਟਰਾਂ ਵਾਲੇ ਰੋਟੀ ਦਾਲ ਲਈ ਭਾਂਡੇ ਲੈ ਕੇ ਆਏ ਸੀ। ਲੰਗਰ ਵਰਤਾਉਣ ਲਈ ਪਲਾਸਟਿਕ ਦੇ ਭਾਂਡੇ ਬਹੁਤਿਆਂ ਕੋਲ ਜਮ੍ਹਾ ਕੀਤੇ ਹੋਏ ਸਨ, ਜਿਦਾਂ ਕਿਤੇ ਲਾਗ ਲਗਣ ਲੱਗੀ ਹੋਵੇ। ਬਈ ਸਿੱਧੇ ਬੰਦਿਆਂ ਲਈ ਇਹ ਲਾਗ ਨਾਲੋਂ ਕਿਤੇ ਘੱਟ ਗੱਲ ਸੀ! ਬਹੁਤ ਟਰੈਕਟਰਾਂ ਵਾਲੇ ਬਾਲਣ ਤੇ ਦੀਵੇ-ਬੱਤੀ ਦਾ ਬੰਦੋਬਸਤ ਕਰਕੇ ਆਏ ਸੀ। ਚੁੱਲ੍ਹਾ ਬਨਾਉਣ ਦੀ ਕਿਹੜੀ ਗੱਲ ਸੀ…ਇਧਰ ਉਧਰ ਹੱਥ ਮਾਰੋ ਤਾਂ ਵਥੇਰੇ ਝਾੜ-ਬੂਝੇ ਟੁੱਟੇ ਪਏ ਮਿਲ ਜਾਣਗੇ।
ਕਾਮਰੇਡ ਲਛਮ ਤੇ ਉਸ ਦੇ ਸਾਥੀਆਂ ਨੂੰ ਜਿਵੇਂ ਜੋਸ਼ ਚੜ੍ਹਦਾ ਹੀ ਜਾ ਰਿਹਾ ਸੀ। ਏਨਾ ਇਕੱਠ ਦਿੱਲੀ ਦੀ ਬਰੂਹਾਂ ’ਤੇ ਕਦ ਹੋਣਾ ਸੀ, ਕੋਈ ਸੋਚ ਵੀ ਨਹੀਂ ਸੀ ਸਕਦਾ। ਲਛਮਣ ਕਹਿਣ ਲੱਗਾ ਬਈ ਇਹ ਤਾਂ ਅੰਦੋਲਨ ਰੂਪ ਹੀ ਹੋਰ ਧਾਰ ਗਿਆ। ਇਹ ਤਾਂ ਲੋਕ-ਸ਼ਕਤੀ ਦਾ ਮੁਜਾਹਰਾ ਬਣ ਗਿਆ। ਸਰਕਾਰ ਨੂੰ ਬਖ਼ਤ ਪਾ ਤਾ। ਜਨਤਾ ਜਦੋਂ ਇੱਕ ਸ਼ਕਤੀ ਬਣ ਕੇ ਉੱਠ ਖਲੋਏ ਤਾਂ ਬੜੀਆਂ ਬੜੀਆਂ ਸ਼ਕਤੀਆਂ ਹਿੱਲ ਜਾਂਦੀਆਂ।
ਕਿਸਾਨਾਂ ਦੀਆਂ ਸਾਰੀਆਂ ਜੱਥੇਬੰਦੀਆਂ ਇੱਕ ਮੁੱਠ ਹਨ। ਇਹ ਜਿਹੜੇ ਕਿਸਾਨੀ ਵਿਰੁੱਧ ਕਾਲੇ ਕਾਨੂੰਨ ਬਣਾਏ, ਇਹ ਤਾਂ ਰੱਦ ਕਰਨੇ ਹੀ ਪੈਣੇ। ਪ੍ਰਧਾਨ ਮੰਤਰੀ ਨੂੰ ਗੋਡੇ ਟੇਕਣੇ ਹੀ ਪੈਣੇ। ਔਹ ਦੇਖੋ, ਹੋਰ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਬਹੁੜ ਰਹੇ ਨੇ। ਜਿੱਤ ਤਾਂ ਹੋਕੇ ਹੀ ਰਹੂਗੀ, ਲਛਮਣ ਨੇ ਦੂਰ ਤੀਕਰ ਨਜ਼ਰ ਘੁੰਮਾਈ। ਪਰ ਦੇਖੋ, ਸੁਣ ਲਓ, ਜਬਰ ਤੇ ਜ਼ੁਲਮ ਦਾ ਮੁਕਾਬਲਾ ਸ਼ਾਂਤੀ-ਅਮਨ ਨਾਲ ਹੈ। ਦੇਸ ਆਪਣਾ ਹੈ ਪਰ ਸਰਕਾਰ ਦੀ ਮੱਤ ਮਾਰੀ ਗਈ, ਸਰਮਾਏਦਾਰੀ ਦੇ ਹੱਥਾਂ ਵਿੱਚ ਵਿਕ ਗਈ।
ਕਿਸਾਨ ਜਥੇਬੰਦੀ ਦਾ ਆਗੂ ਉੱਚੀ ਆਵਾਜ਼ ’ਚ ਨਾਅਰੇ ਲਾ ਰਿਹਾ ਸੀ। ਕਿਸਾਨ ਏਕਤਾ ਜਿੰਦਾਬਾਦ। ਲਛਮਣ ਨੇ ਵੀ ਆਪਣੀ ਮੋੜਵੀਂ ਆਵਾਜ਼ ’ਚ ਨਾਅਰੇ ਲਾਣੇ ਸ਼ੁਰੂ ਕਰ ਦਿੱਤੇ ।
ਨੋਟ : ਪ੍ਰੇਮ ਗੋਰਖੀ ਦੀ ਇਹ ਅੰਤਮ ਤੇ ਅਧੂਰੀ ਕਹਾਣੀ ਨੁੂੰ ਪੂਰਿਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਉਸ ਦੇ ਲਿਖਣ ਵਾਲੇ ਗੱਤੇ ’ਤੋਂ ਪ੍ਰਾਪਤ ਹੋਈ। ਉਸ ਦੇ ਜਨਮ ਦਿਨ 15 ਜੂਨ ਮੌਕੇ ਪਾਠਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ।
ਮਨਮੋਹਨ ਸਿੰਘ ਦਾਊਂ
ਧੰਨਵਾਦ ਸਹਿਤ- ਨਵਰੂਪ ਰੂਪੀ (ਬੇਟੀ ਪ੍ਰੇਮ ਗੋਰਖੀ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly