ਕਿਸਾਨ ਮਾਰੂ ਕਾਲੇ ਕਾਨੂੰਨਾਂ ਵਿਰੁੱਧ ਸੁਲਤਾਨਪੁਰ ਲੋਧੀ ਹਲਕੇ ਵਿਚ ਟਰੈਕਟਰ ਰੈਲੀ 21 ਨੂੰ- ਵਿਧਾਇਕ ਚੀਮਾ

ਕੈਪਸ਼ਨ- ਵਿਧਾਇਕ ਸ. ਨਵਤੇਜ ਸਿੰਘ ਚੀਮਾ।

ਕਿਸਾਨ ਬਚਾਓ, ਪੰਜਾਬ ਬਚਾਓ’ ਦੇ ਨਾਅਰੇ ਨਾਲ ਲੋਕਾਂ ਨੂੰ ਆਰਡੀਨੈਂਸਾਂ ਵਿਰੁੱਧ ਕੀਤਾ ਜਾਵੇਗਾ ਲਾਮਬੰਦ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨੀ ਦੇ ਖਾਤਮੇ ਲਈ ਆਰਡੀਨੈਂਸ ਲਿਆਕੇ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਪੰਜਾਬ ਦੀ ਖੇਤੀ ਅਧਾਰਿਤ ਅਰਥ ਵਿਵਸਥਾ ਦੇ ਖਾਤਮੇ ਤੇ ਕਿਸਾਨੀ ਦੀ ਹੋਂਦ ਨੂੰ ਖਤਮ ਕਰਨ ਦਾ ਕੋਝਾ ਯਤਨ ਕਰਾਰ ਦਿੰਦਿਆਂ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਹਰ ਮੁਹਾਜ਼ ਉੱਪਰ ਕਿਸਾਨਾਂ ਦੀ ਲੜਾਈ ਲੜੇਗੀ।

ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਹਲਕੇ ਵਿਚ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਲੋਕਾਂ ਵਿਚ ਜਾਗਰੂਕਤਾ ਲਿਆਉਣ ਤੇ ਉਨ੍ਹਾਂ ਨੂੰ ਲਾਮਬੰਦ ਕਰਨ ਲਈ ਇਕ ਵਿਸ਼ਾਲ ਟਰੈਕਟਰ ਰੈਲੀ 21 ਸਤੰਬਰ ਦਿਨ ਸੋਮਵਾਰ ਨੂੰ ਹਲਕੇ ਦੇ ਪਿੰਡ ਖੀਰਾਂਵਾਲੀ ਦੇ ਸਟੇਡੀਅਮ ਤੋਂ ਸਵੇਰੇ 9 ਵਜੇ ਸ਼ੁਰੂ ਹੋਵੇਗੀ। ਇਸ ਰੈਲੀ ਵਿਚ ਕਿਸਾਨ ਵੀਰ ਕਾਲੇ ਚੋਲੇ ਪਾ ਕੇ ਆਪਣੇ ਟਰੈਕਟਰਾਂ ਉੱਪਰ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਰੈਲੀ ਪਿੰਡ ਖੀਰਾਂਵਾਲੀ ਤੋਂ ਸ਼ੁਰੂ ਹੋਕੇ ਉੱਚਾ , ਫੱਡੂਢੀਂਗਾ, ਤਲਵੰਡੀ ਚੌਧਰੀਆਂ ਤੋਂ ਸੁਲਤਾਨਪੁਰ ਲੋਧੀ ਵਿਖੇ ਖਤਮ ਹੋਵੇਗੀ।

ਉਨ੍ਹਾਂ ਕਿਹਾ ਕਿ ਰੋਸ ਰੈਲੀ ਦੌਰਾਨ ਨਾ ਸਿਰਫ ਆਰਡੀਨੈਂਸ ਪਾਸ ਕਰਨ ਵਾਲੀ ਕੇਂਦਰ ਸਰਕਾਰ ਤੇ ਉਸਦੇ ਸਹਿਯੋਗੀ ਅਕਾਲੀ ਦਲ ਦੀ ਕਿਸਾਨ ਵਿਰੋਧੀ ਮਨਸ਼ਾ ਨੂੰ ਜਾਹਰ ਕੀਤਾ ਜਾਵੇਗਾ ਕਿ ਕਿਵੇਂ ਉਨ੍ਹਾਂ ਨੇ 3 ਮਹੀਨੇ ਤੱਕ ਇਸ ਕਾਨੂੰਨ ਦਾ ਡਟਵਾਂ ਸਮਰਥਨ ਕੀਤਾ ਤੇ ਹੁਣ ਲੋਕ ਰੋਹ ਕਾਰਨ ਜਿੱਥੇ ਉਹਨਾਂ ਨੂੰ ਕੇਂਦਰੀ ਵਜ਼ਾਰਤ ਛੱਡਣੀ ਪਈ ਉੱਥੇ ਹੀ ਉਹ ਵਿਰੋਧ ਦਾ ਢਕਵੰਜ ਕਰ ਰਹੇ ਹਨ।

ਉਨਾਂ ਕਿਹਾ ਕਿ ਰੋਸ ਰੈਲੀ ਦੌਰਾਨ ਕਿਸਾਨਾਂ ਨੂੰ ਇਨਾਂ ਕਾਨੂੰਨਾਂ ਨਾਲ ਭਵਿੱਖ ਵਿਚ ਕਿਸਾਨ ਨੂੰ ਆਉਣ ਵਾਲੀਆਂ ਚੁਣੌਤੀਆਂ ਬਾਰੇ ਵੀ ਦਸਿਆ ਜਾਵੇਗਾ। ਉਨਾਂ ਕੇਂਦਰ ਸਰਕਾਰ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਕਾਨੂੰਨ ਬਹੁਕੌਮੀ ਕੰਪਨੀਆਂ ਨੂੰ ਕਲੱਸਟਰ ਰਾਹੀਂ ਖੇਤੀ ਕਰਨ ਦੇ ਨਾਲ-ਨਾਲ ਮੰਡੀ ਉੱਪਰ ਮੁਕੰਮਲ ਕਬਜ਼ੇ ਦਾ ਅਧਿਕਾਰ ਦੇਵੇਗਾ ਜਿਸ ਨਾਲ ਨਾ ਕਿਸਾਨ ਆਪਣੀ ਜ਼ਮੀਨ ਦੇ ਮਾਲਕ ਹੁੰਦੇ ਹੋਏ ਵੀ ਮਾਲਕ ਨਹੀਂ ਰਹਿਣਗੇ।

ਉਨਾਂ ਕਿਹਾ ਕਿ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਹਰ ਪਲੇਟਫਫਾਰਮ ਉੱਪਰ ਕਿਸਾਨੀ ਨੂੰ ਬਚਾਉਣ ਲਈ ਜਦੋ ਜਹਿਦ ਕਰੇਗੀ । ਉਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੀ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਲਈ ਪੰਜਾਬ ਦੇ ਪਾਣੀਆਂ ਬਾਰੇ ਸਮਝੌਤੇ ਰੱਦ ਕਰਕੇ 9 ਲੱਖ ਏਕੜ ਜ਼ਮੀਨ ਨੂੰ ਮਾਰੂਥਲ ਹੋਣ ਤੋਂ ਬਚਾਇਆ ਗਿਆ ਸੀ ਤੇ ਹੁਣ ਵੀ ਕਾਂਗਰਸ ਕਿਸਾਨਾਂ ਦੀ ਲੜਾਈ ਨੂੰ ਮੂਹਰੇ ਹੋ ਕੇ ਲੜੇਗੀ।

ਉਨਾਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਕਿਸਾਨ ਮਾਰੂ ਕਾਨੂੰਨ ਨੂੰ ਵਾਪਸ ਲਵੇ ਨਹੀਂ ਤਾਂ ਦੇਸ਼ ਦੇ ਅਨਾਜ ਭੰਡਾਰ ਭਰਨ ਵਾਲੇ ਪੰਜਾਬ ਦੇ ਕਿਸਾਨ ਆਪਣੇ ਹੱਕਾਂ ਦੀ ਰਾਖੀ ਲਈ ਇਹ ਕਾਨੂੰਨ ਰੱਦ ਕਰਨ ਲਈ ਉਸਨੂੰ ਮਜ਼ਬੂਰ ਕਰ ਦੇਣਗੇ।

Previous articleCongress leaders to meet on Monday to discuss organisational issues
Next articleLS passes Bill to decriminalise small offences, promote ease of doing business