8 ਨਵੰਬਰ ਨੂੰ ਵਿਸ਼ਾਲ ਕਨਵੈਨਸ਼ਨ ਕਰਨ ਦਾ ਐਲਾਨ
ਹੁਸੈਨਪੁਰ (ਕੌੜਾ) (ਸਮਾਜ ਵੀਕਲੀ) : –ਮੋਦੀ ਸਰਕਾਰ ਵੱਲੋਂ ਤਾਨਾਸ਼ਾਹੀ ਤਰੀਕੇ ਨਾਲ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਸੰਘਰਸ਼ ਦੀ ਲਾਮਬੰਦੀ ਕਰਨ ਲਈ ਅੱਜ ਕਪੂਰਥਲਾ ਇਲਾਕੇ ਦੇ ਸਰਪੰਚਾਂ, ਪੰਚਾਂ ਅਤੇ ਪਤਵੰਤੇ ਸੱਜਣਾਂ ਦੀ ਬੇਹੱਦ ਮਹੱਤਵਪੂਰਨ ਮੀਟਿੰਗ ਸਾਥੀ ਸਰਵਜੀਤ ਸਿੰਘ, ਜਨਰਲ ਸੈਕਟਰੀ, ਆਰਸੀਐਫ ਇੰਪਲਾਈਜ਼ ਯੂਨੀਅਨ ਦੇ ਸੱਦੇ ਤੇ ਸ੍ਰੀਮਤੀ ਗੁਰਵਿੰਦਰ ਕੌਰ ਬਾਜਵਾ ਮੈਂਬਰ ਪੰਚਾਇਤ, ਪਿੰਡ ਰਾਵਲ ਦੇ ਗ੍ਰਹਿ ਵਿਖੇ ਹੋਈ।
ਜਿਸ ਵਿੱਚ ਮੋਦੀ ਸਰਕਾਰ ਦੁਆਰਾ ਤਾਨਾਸ਼ਾਹੀ ਤਰੀਕੇ ਨਾਲ ਥੋਪੇ ਤਿੰਨ ਖੇਤੀ ਕਾਨੂੰਨਾਂ, ਬਿਜਲੀ ਸੋਧ ਐਕਟ 2020, ਕਿਰਤ ਕਨੂੰਨਾਂ ਵਿੱਚ ਪੂੰਜੀਪਤੀਆਂ ਦੇ ਪੱਖ ਵਿਚ ਬਦਲਾਅ ਕਰਨ ਕਰਕੇ ਮਜ਼ਦੂਰਾਂ ਅਤੇ ਕਿਰਤੀਆਂ ਨੂੰ ਉਹਨਾਂ ਦੇ ਰਹਿਮੋ ਕਰਮ ਉੱਪਰ ਛੱਡਣ ਅਤੇ ਭਾਰਤ ਸਰਕਾਰ ਦੀਆਂ ਸਾਮਰਾਜੀ ਨੀਤੀਆਂ ਦੇ ਖਿਲਾਫ਼ ਲਾਮਬੰਦੀ ਕਰਨ ਅਤੇ ਕਿਸਾਨ ਅੰਦੋਲਨ ਨੂੰ ਗਤੀ ਦੇਣ ਦੇ ਲਈ ਇਲਾਕੇ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਇਲਾਕੇ ਵਿਚ ਜਨਤਕ ਮੁਹਿੰਮ ਦੀ ਸ਼ੁਰੂਆਤ ਕਰਨ ਅਤੇ 8 ਨਵੰਬਰ ਨੂੰ ਵਿਸ਼ਾਲ ਰੋਸ ਧਰਨਾ ਰੇਲ ਕੋਚ ਫੈਕਟਰੀ ਕਪੂਰਥਲਾ ਗੇਟ ਨੰਬਰ 2 ਉਪਰ ਕਰਨ ਦਾ ਫੈਸਲਾ ਕੀਤਾ ਗਿਆ।
ਨਾਲ ਹੀ *ਕਿਸਾਨ-ਮਜ਼ਦੂਰ-ਮਲਾਜਮ ਸੰਘਰਸ਼ ਕਮੇਟੀ* ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਸਰਵਜੀਤ ਸਿੰਘ ਸਰਪੰਚ ਮਹਿੰਦਰ ਸਿੰਘ ਨਾਵਲ ਸਰਪੰਚ ਰਾਜਵਿੰਦਰ ਸਿੰਘ ਅਵਤਾਰ ਤਾਰੀ ਬਿਹਾਰੀਪੁਰੀਆ ਸੁਰਜੀਤ ਸਿੰਘ ਟਿੱਬਾ ਤੇ ਹੋਰਾਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਤਾਨਾਸ਼ਾਹੀ ਤਰੀਕੇ ਨਾਲ ਕਿਸਾਨਾਂ ਨੂੰ ਆਜ਼ਾਦੀ ਦੇਣ ਦੇ ਨਾਂ ਉਪਰ ਖੇਤੀ ਫਸਲਾਂ, ਕਿਸਾਨਾਂ, ਖੇਤੀ ਅਤੇ ਜ਼ਮੀਨ ਨੂੰ ਦੁਨੀਆਂ ਭਰ ਦੀਆਂ ਕਾਰਪੋਰੇਸ਼ਨਾਂ ਨੂੰ ਲੁਟਾਉਣਾ ਚਾਹੁੰਦੀ ਹੈ ਤਾਂ ਕਿ ਉਨ੍ਹਾਂ ਦੇ ਮੁਨਾਫ਼ੇ ਬੇਲਗਾਮ ਵੱਧ ਸਕਣ।
ਨਾਲ ਹੀ ਦੇਸ਼ ਦੇ ਮਜ਼ਦੂਰਾਂ-ਕਿਰਤੀਆਂ ਤੇ ਮਿਹਨਤਕਸ਼ ਲੋਕਾਂ ਨੂੰ ਕਿਰਤ ਕਨੂੰਨਾਂ ਵਿੱਚ ਅਖੌਤੀ ਸੋਧਾਂ ਦੇ ਨਾਮ ਉਪਰ ਪੂੰਜੀਪਤੀ ਜਰਵਾਣਿਆਂ ਅੱਗੇ ਬੰਨ੍ਹ ਕੇ ਸੁਟਿਆ ਜਾ ਰਿਹਾ ਹੈ ਅਤੇ ਵਿਸ਼ਵ ਬੈਂਕ, ਆਈ ਐਮ ਐਫ, ਵਿਸ਼ਵ ਵਪਾਰ ਸੰਗਠਨ ਅੱਗੇ ਨਤਮਸਤਕ ਹੁੰਦੇ ਹੋਏ ਦੇਸ ਦੀ ਕੁਦਰਤੀ ਵਸੀਲਿਆਂ, ਖਣਿਜ ਪਦਾਰਥਾਂ, ਜੰਗਲਾਂ, ਦਰਿਆਵਾਂ, ਸਰਕਾਰੀ ਤੇ ਸਰਕਾਰੀ ਸੰਸਥਾਵਾਂ ਅਤੇ ਦੇਸ਼ ਦੇ ਮੇਹਨਤਕਸ਼ ਲੋਕਾਂ ਨੂੰ ਅੰਨੀ ਲੁੱਟ ਦੁਨੀਆਂ ਭਰ ਦੀਆਂ ਸਾਮਰਾਜੀ ਕੰਪਨੀਆਂ ਹਵਾਲੇ ਕੀਤਾ ਜਾ ਰਿਹਾ ਹੈ।
ਜਿਸ ਦੇ ਵਿਰੁੱਧ ਇਕਜੁੱਟ ਤੇ ਮਜ਼ਬੂਤ ਸੰਘਰਸ਼ ਦੀ ਅਣਸਰਦੀ ਲੋੜ ਹੈ। ਪੰਜਾਬ ਤੇ ਹਰਿਆਣਾ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਲਾਮ ਕਰਦਿਆਂ, ਅਤੇ ਉਸ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਆਗੂਆਂ ਨੇ ਕਿਸਾਨੀ ਸੰਘਰਸ਼ ਨੂੰ ਹਰ ਕਿਸਮ ਦਾ ਸਹਿਯੋਗ ਦੇਣ ਦਾ ਪ੍ਰਣ ਕੀਤਾ। ਜਿਸ ਲਈ ਹਾਜਰ ਸਾਰੇ ਪਤਵੰਤੇ ਸੱਜਣਾਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਹਰ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ।
ਮੀਟਿੰਗ ਵਿੱਚ 8 ਨਵੰਬਰ ਦੇ ਵਿਸਾਲ ਧਰਨੇ ਨੂੰ ਸਫਲ ਬਣਾਉਣ ਦੇ ਲਈ ਇਲਾਕੇ ਵਿਚ ਪੋਸਟਰ, ਪੈਂਫਲਿਟ, ਨੁੱਕੜ ਮੀਟਿੰਗਾਂ, ਅਨਾਊਂਸਮੈਂਟਾਂ, ਸਕੂਟਰ, ਮੋਟਰਸਾਈਕਲ ਰੈਲੀ ਤੇ ਹੋਰ ਪ੍ਰੋਗਰਾਮ ਕਰਨ ਦਾ ਫ਼ੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਸਰਪੰਚ ਮਹਿੰਦਰ ਸਿੰਘ, ਰਾਵਲ, ਸਰਪੰਚ ਰਾਜਵਿੰਦਰ ਸਿੰਘ, ਸੈਦੋ ਭੁਲਾਣਾ, ਸਰਪੰਚ ਦਰਸ਼ਨ ਸਿੰਘ, ਬਿਹਾਰੀਪੁਰ, ਸਰਪੰਚ ਰਣਜੀਤ ਸੋਨੂੰ, ਸੈਦੋਵਾਲ, ਸਰਪੰਚ ਬਲਵਿੰਦਰ ਸਿੰਘ, ਹੁਸੈਨਪੁਰ, ਸਰਪੰਚ ਸੁੱਚਾ ਸਿੰਘ, ਝੱਲ ਬੀਬੜੀ, ਸ੍ਰੀ ਲਖਵਿੰਦਰ ਸਿੰਘ ਸਾਬਕਾ ਸਰਪੰਚ, ਸ੍ਰੀ ਬਲਜਿੰਦਰ ਸਿੰਘ, ਮੈਂਬਰ ਪੰਚਾਇਤ ਪਿੰਡ ਠੱਠਾ ਟਿੱਬਾ, ਸ੍ਰੀਮਤੀ ਨਿਰਮਲ ਕੌਰ, ਮੈਂਬਰ ਪੰਚਾਇਤ, ਪਿੰਡ ਟਿੱਬਾ, ਗੁਰਸੇਵਕ ਸਿੰਘ, ਪਿੰਡ ਢੁਡੀਆਂਵਾਲ, ਸ੍ਰੀ ਅਵਤਾਰ ਤਾਰੀ ਬਿਹਾਰੀਪੁਰ, ਸ੍ਰੀ ਪੀਕੇ ਕੌਸ਼ਿਲ ਤੇ ਆਰਸੀਐਫ ਇੰਪਲਾਈਜ਼ ਯੂਨੀਅਨ ਵੱਲੋਂ ਸ੍ਰੀ ਮਨਜੀਤ ਸਿੰਘ ਬਾਜਵਾ, ਸੰਯੁਕਤ ਸਕੱਤਰ, ਬਚਿੱਤਰ ਸਿੰਘ ਉੱਪ ਪ੍ਰਧਾਨ, ਤਲਵਿੰਦਰ ਸਿੰਘ, ਨੌਜਵਾਨ ਆਗੂ, ਜਸਪਾਲ ਸਿੰਘ ਸੇਖੋਂ, ਪ੍ਰਧਾਨ, ਸੈਲ ਡਿਵੀਜ਼ਨ, ਅਮਰੀਕ ਸਿੰਘ, ਪ੍ਰੈਸ ਸੈਕਟਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।