(ਸਮਾਜ ਵੀਕਲੀ)- ਹੰਝੂ ਕੀ ਹੁੰਦੇ ਹਨ, ਕੀ ਇਹ ਅੱਖਾਂ ਚੋ ਵਹਿਣ ਵਾਲਾ ਸਿਰਫ ਖਾਰਾ ਪਾਣੀ ਹੀ ਹੁੰਦੇ ਹਨ ? ਇਸ ਸਵਾਲ ਦੇ ਉੱਤਰ ਵਜੋਂ ਕਿਹਾ ਜਾ ਸਕਦਾ ਹੈ ਕਿ ਹੰਝੂ ਸਿਰਫ ਖਾਰਾ ਪਾਣੀ ਹੀ ਨਹੀੰ ਹੁੰਦਾ ਸਗੋਂ ਇਹ ਤਾਂ ਮਨੋਂ ਭਾਵਨਾਵਾਂ ਦੇ ਵੇਗ ਦੀ ਵਧੀਕਤਾ ਦੇ ਕਾਰਨ ਆਪ ਮੁਹਾਰੇ ਅੱਖਾਂ ਚੋ ਵਹਿ ਤੁਰਿਆ ਉਹ ਨੀਰ ਹੁੰਦਾ ਹੈ ਜਿਸ ਵਿੱਚ ਇਕ ਬਹੁਤ ਗੂਹੜਾ ਭਾਵਾਤਮਕ ਤੂਫ਼ਾਨ ਛੁਪਿਆ ਹੁੰਦਾ ਹੈ, ਜੋ ਪੱਥਰਾਂ ਨੂੰ ਮੋਮ ਕਰ ਸਕਦਾ ਹੈ, ਪਰਬਤਾਂ ਨੂੰ ਤੋੜ ਸਕਦਾ ਹੈ, ਪੱਥਰ ਮਨਾਂ ਉੱਤੇ ਵਦਾਨ ਦੀ ਤਰਾਂ ਵਾਰ ਕਰਦਾ ਹੈ, ਤੁਫ਼ਾਨ ਪੈਦਾ ਕਰ ਸਕਣ ਦੇ ਸਮਰੱਥ ਵੀ ਹੁੰਦਾ ਹੈ ਤੇ ਸ਼ਾਂਤੀ ਵੀ ਵਰਤਾ ਸਕਦਾ ਹੈ । ਹੰਝੂ, ਚੁੱਪ ਦੀ ਜ਼ੁਬਾਨ ਹੁੰਦੇ ਹਨ, ਅਣਕਹੇ ਨੂੰ ਬਹੁਤ ਹੀ ਛਿਦਤ ਨਾਲ ਕਹਿਣ ਦੀ ਕਲਾ ਹੁੰਦੇ ਹਨ ।
ਗੱਲ ਅਜੇ ਕੱਲ੍ਹ ਸ਼ਾਮ ਦਿੱਲੀ ਦੇ ਗਾਜੀਪੁਰ ਬਾਰਡਰ ‘ਤੇ ਕਿਸਾਨ ਮੋਰਚੇ ਚ ਵਾਪਰੀ ਘਟਨਾ ਦੀ ਹੈ । ਕਿਸਾਨ ਆਗੂ ਰਕੇਸ਼ ਟਿਕੈਟ ਦੀਆਂ ਅੱਖਾਂ ਚ ਕਿਸਾਨਾਂ ਦੇ ਦਰਦ ਦੀ ਛਿਦਤ ਮਹਿਸੂਸ ਕਰਦਿਆਂ ਹੰਝੂ ਕੀ ਆਏ ਕਿ ਉਹਨਾਂ ਹੰਝੂਆ ਨੇ ਸਮੇਂ ਦੀ ਲੋੜ ਮੁਤਾਬਿਕ ਲੋਕ ਮਨਾਂ ‘ਤੇ ਅਜਿਹੀ ਗਹਿਰੀ ਸੱਟ ਮਾਰੀ ਕਿ ਦਿਨ ਚੜ੍ਹਦਿਆਂ ਹੀ ਉਕਤ ਕਿਸਾਨ ਆਗੂ ਦੇ ਆਸ ਪਾਸ ਉਸਦੀਆਂ ਅੱਖਾਂ ਦੇ ਹੰਝੂ ਪੂੰਝਣ ਵਾਸਤੇ ਲੱਖਾਂ ਲੋਕਾਂ ਦਾ ਇਕੱਠ ਜੁੜ ਗਿਆ, ਜਿਸ ਨਾਲ 26 ਜਨਵਰੀ ਤੋਂ ਬਾਦ ਲੀਹੋਂ ਭਟਕਣ ਦੇ ਕਥਿਤ ਇਲਜ਼ਾਮਾਂ ਦੀ ਮਾਰ ਦਾ ਝੰਬਿਆ ਬੈਂਕ ਫੁੱਟ ‘ਤੇ ਪਹੁੰਚਿਆ ਕਿਸਾਨ ਸੰਘਰਸ਼ ਇਕ ਵਾਰ ਫਿਰ ਲੀਹੇ ਚੜ੍ਹ ਗਿਆ ।
ਉਹ ਮੋਰਚਾ, ਜਿਸ ਨੂੰ ਬਦਨਾਮ ਕਰਕੇ ਮੋਦੀ ਸਰਕਾਰ ਤਿੱਤਰ ਬਿੱਤਰ ਕਰਨ ਵਾਸਤੇ ਆਪਣੇ ਲਾਮ ਲਛਕਰ ਨਾਲ ਪੱਬਾਂ ਭਾਰ ਹੋ ਰਹੀ ਸੀ ਤੇ ਸਰਕਾਰੀ ਮਸ਼ੀਨਰੀ ਦੇ ਜ਼ੋਰ ਨਾਲ ਕਿਸਾਨ ਮੋਰਚੇ ਨੂੰ ਸਮਾਪਤ ਕਰਨ ਦੀਆਂ ਤਰਕੀਬਾਂ ਬਣਾ ਰਹੀ ਸੀ, ਟਿਕੈਟ ਦੇ ਹੰਝੂਆਂ ਨਾਲ ਭਮੱਤਰਕੇ ਰਹਿ ਗਈ । ਜੋ ਮੋਰਚਾ ਸਰਕਾਰ ਦੇ ਵਾਸਤੇ ਪਹਿਲਾਂ ਹੀ ਵੱਡੀ ਸਿਰਦਰਦੀ ਬਣਿਆ ਹੋਇਆ ਸੀ, ਹੁਣ ਉਹੀ ਮੋਰਚਾ ਇਕ ਵਾਰ ਫੇਰ ਹੰਝੂਆਂ ਦੀ ਤਾਕਤ ਨਾਲ ਮੋਦੀ ਸਰਕਾਰ ਦੇ ਸਾਹਮਣੇ ਉਸ ਤੋ ਵੀ ਵੱਡੀ ਸਿਰਦਰਦੀ ਦੇ ਵਿਕਰਾਲ ਰੂਪ ਵਿੱਚ ਸਾਹਮਣੇ ਆਣ ਖੜ੍ਹਾ ਹੋਇਆ ।
ਰਕੇਸ਼ ਟਿਕੈਟ ਦੇ ਹੰਝੂਆਂ ਨੇ ਸਾਬਤ ਕਰ ਦਿੱਤਾ ਹੈ ਕਿ ਹੰਝੂ ਮਨੁੱਖ ਦੀਆਂ ਅੱਖਾਂ ਚ ਸਿਰਫ ਦੁੱਖ ਜਾਂ ਸੁੱਖ ਦੇ ਅਹਿਸਾਸ ਦੇ ਪ੍ਰਗਟਾਵੇ ਕਰਕੇ ਹੀ ਨਹੀਂ ਆਂਉਦੇ ਸਗੋਂ ਹੰਝੂਆ ਦਾ ਸੰਬੰਧ ਅੰਦਰੋਂ ਉਠੀ ਸੱਚੀ ਪੀੜਾ ਦੇ ਅਹਿਸਾਸ ਦੀ ਡੂੰਘਾਈ ਨਾਲ ਵੀ ਹੁੰਦਾ ਹੈ । ਦੂਜੀ ਗੱਲ ਇਹ ਵੀ ਹੁੰਦੀ ਹੈ ਕਿ ਇਨਸਾਨੀ ਅੱਖ ਚ ਹੰਝੂ ਜਦੋਂ ਆਪ ਮੁਹਾਰੇ ਵਹਿ ਤੁਰਦੇ ਹਨ ਏ ਤਾਂ ਉਹ ਆਪਣੇ ਆਪ ਚ ਅਜਿਹਾ ਸੈਲਾਬ ਹੁੰਦੇ ਹਨ ਜਿਸ ਨੂੰ ਕਦੇ ਵੀ ਨੱਕਾ ਨਹੀਂ ਮਾਰਿਆਂ ਜਾ ਸਕਦਾ ।
ਕਿਸਾਨ ਨੇਤਾ ਰਕੇਸ਼ ਟਿਕੈਟ ਦੇ ਵਹਿ ਤੁਰੇ ਹੰਝੂਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਵਗਦੇ ਹੰਝੂਆ ਨੂੰ ਕੋਈ ਪੂੰਝਣ ਵਾਲਾ ਹੋਵੇ ਤਾਂ ਉਹਨਾਂ ਹੰਝੂਆ ਦਾ ਮੁੱਲ ਸੁੱਚੇ ਹੀਰੇ ਮੋਤੀਆ ਨਾਲੋਂ ਵੀ ਬਹੁਤ ਵੱਧ ਹੁੰਦਾ ਹੈ । ਏਹੀ ਕਾਰਨ ਹੈ ਕਿ ਕਿਸਾਨ ਨੇਤਾ ਦੇ ਹੰਝੂ ਪੂੰਝਣ ਵਾਸਤੇ ਹਜ਼ਾਰਾਂ ਨਹੀਂ ਬਲਕਿ ਲੱਖਾਂ ਲੋਕ ਪਲਾਂ ਵਿੱਚ ਹੀ ਉਸ ਦੀ ਤਾਬਿਆ ਆਣ ਪਹੁੰਚੇ ਤੇ ਉਹਨਾਂ ਹੰਝੂਆਂ ਦਾ ਮੁੱਲ ਅਨਮੋਲ ਹੋ ਗਿਆ ।
ਇਹ ਹੰਝੂਆ ਦੀ ਹੀ ਤਾਕਤ ਰਹੀ ਕਿ ਕਿਸਾਨ ਅੰਦੋਲਨ ਨਾਲ ਜੁੜੇ ਕਿਸਾਨਾ ਅੰਦਰ ਇਕ ਵਾਰ ਫੇਰ ਨਵੀਂ ਰੂਹ ਫੂਕੀ ਗਈ ਤੇ ਉਹ ਮੁੜ ਤੋੰ ਤਾਜਾ ਦਮ ਹੋ ਕੇ ਅੰਦੋਲਨ ਦੇ ਰਣ ਤੱਤੇ ਚ ਆਣ ਕੁੱਦੇ ।
ਸੋ ਹੰਝੂਆ ਨਾਲ ਜੁੜੀਆ ਸੱਚੀਆ ਤੇ ਸੁੱਚੀਆਂ ਭਾਵਨਾਵਾਂ ਦੀ ਦੂਰੋ ਹੀ ਪਹਿਚਾਣ ਹੋ ਜਾਂਦੀ ਹੈ । ਅੱਖਾਂ ਚ ਬਹੁਤ ਵੱਡੀ ਤਾਕਤ ਹੈ ਕਦੀ ਇਹ ਆਪ ਗੱਲਾਂ ਕਰਦੀਆਂ ਹਨ, ਕਈ ਅਣਕਹੇ ਸ਼ਬਦਾਂ ਦੀ ਵਿਆਖਿਆ ਕਰਦੀਆਂ ਹਨ ਤੇ ਕਦੀ ਇਹਨਾਂ ਚੋਂ ਵਹਿ ਤੁਰੇ ਹੰਝੂ ਮਨ ਦੀਆਂ ਭਾਵਨਾ ਦੇ ਪ੍ਰਗਟਾਵਾ ਕਰਦੇ ਹਨ । ਇਸੇ ਕਰਕੇ ਕਿਹਾ ਦਾਂਦਾਂ ਹੈ ਕਿ ਹੰਝੂ ਮੋਤੀ ਹੁੰਦੇ ਮੇ, ਹੰਝੂ ਦਿਲਾਂ ਦੇ ਵਲਵਲੇ ਹੁੰਦੇ ਨੇ । ਇਹ ਮਨੋਭਾਵਨਾਵਾਂ ਦਾ ਵਹਿਣ ਵੀ ਹੁੰਦੇ ਤੇ ਵੇਗ ਵੀ । ਕਦੀ ਇਹ ਖੁਸ਼ੀ ਦਾ ਇਜ਼ਹਾਰ ਬਣਦੇ ਨੇ ਕਦੀ ਗ਼ਮੀ ਦਾ ਸਮੁੰਦਰ । ਹੰਝੂ ਮਨ ਦਾ ਭਾਰ ਹਲਕਾ ਵੀ ਕਰਦੇ ਨੇ, ਮਾਨਸਿਕ ਤਵਾਜ਼ਨ ਬਣਾਈ ਰੱਖਣ ਚ ਵੱਡਾ ਰੋਲ ਵੀ ਨਿਭਾਉਂਦੇ ਹੋਏ ਵੱਡੇ ਸੁਨੇਹਿਆਂ ਦੇ ਸੰਚਾਰਕ ਵੀ ਬਣਦੇ ਨੇ । ਹੁਣ ਇਸ ਦੇ ਨਾਲ ਹੀ ਇਹ ਵੀ ਕਹਿ ਸਕਦੇ ਹਾਂ ਕਿ ਹੰਝੂ ਕਈ ਲਹਿਰਾਂ ਪੈਦਾ ਕਰਨ ਦੀ ਸਮਰੱਥਾ ਰੱਖਦੇ ਨੇ ਤੇ ਕਈ ਲਹਿਰਾਂ ਚ ਨਵੀਂ ਰੂਹ ਦਾ ਸੰਚਾਰ ਵੀ ਕਰਦੇ ਨੇ ।
ਮੇਰੀ ਨਿੱਜੀ ਰਾਇ ਹੈ ਕਿ ਜੇਕਰ ਕਿਸਾਨ ਨੇਤਾ ਰਕੇਸ਼ ਟਿਕੈਟ ਦੀਆ ਅੱਖਾਂ ਚ ਛਮ ਥਮ ਵਹਿੰਦੇ ਹੰਝੂਆ ਦਾ ਵਹਾਅ ਪੈਦਾ ਨਾ ਹੁੰਦਾ ਤਾਂ ਸ਼ਾਇਦ ਕਿਸਾਨ ਅੰਦੋਲਨ ਦਾ ਚੱਲਦੇ ਰੱਖਣਾ ਕਾਫ਼ੀ ਮੁਸ਼ਕਲ ਹੋ ਜਾਂਦਾ। ਸੋ ਹੰਝੂਆ ਨੂੰ ਰੋਕ ਕੇ ਕਦੇ ਵੀ ਪੱਥਰ ਬਣਨ ਦੀ ਕੋਸ਼ਿਸ਼ ਨ ਕਰੋ, ਜਦੋਂ ਵੀ ਮਨ ਭਰੇ ਇਹਨਾਂ ਨੂੰ ਆਪ ਮੁਹਾਰੇ ਝਲਾਰਾਂ ਬਣਕੇ ਵਹਿਣ ਦਿਓ । ਇਸ ਤਰਾਂ ਆਪਣੇ ਮਨ ਨੂੰ ਵੀ ਸਕੂਨ ਮਿਲੇਗਾ ਤੇ ਦੂਸਰਿਆਂ ਤੱਕ ਦੁੱਖ ਜਾਂ ਸੁੱਖ ਦੇ ਵੇਗ ਦੀ ਤੀਖਣਤਾ ਦਾ ਸੁਨੇਹਾ ਵੀ ਪਹੁੰਚ ਜਾਵੇਗਾ ।
– ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
30/01/2021