ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿੱਚ ਖੇਤੀ ਆਰਡੀਨੈਂਸਾਂ ਖਿਲਾਫ਼ 31 ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਦੌਰਾਨ ਵੀਰਵਾਰ ਤੋਂ ਜਾਰੀ ਸੰਘਰਸ਼ ਦੌਰਾਨ ਅੱਜ ਸੂਬੇ ਵਿੱਚ ਸੰਘਰਸ਼ਸ਼ੀਲ ਕਿਸਾਨਾਂ ਨੇ ਲਗਾਤਾਰ ਰੇਲ ਮਾਰਗਾਂ ’ਤੇ ਧਰਨੇ ਦਿੱਤੇ। ਕਿਸਾਨਾਂ ਵੱਲੋਂ ਦਿੱਲੀ-ਅੰਮ੍ਰਿਤਸਰ, ਫਿਰੋਜ਼ਪੁਰ-ਅੰਮ੍ਰਿਤਸਰ, ਦਿੱਲੀ-ਬਠਿੰਡਾ, ਅੰਬਾਲਾ-ਬਠਿੰਡਾ, ਲੁਧਿਆਣਾ-ਜਾਖਲ, ਲੁਧਿਆਣਾ-ਫਿਰੋਜ਼ਪੁਰ ਮੁੱਖ ਰੇਲਵੇ ਮਾਰਗਾਂ ਸਮੇਤ ਹੋਰਨਾਂ ਰੇਲ ਪਟੜੀਆਂ ’ਤੇ ਵੀਰਵਾਰ ਤੋਂ ਲਗਾਏ ਗਏ ਧਰਨੇ ਅੱਜ ਵੀ ਜਾਰੀ ਰਹੇ।
ਕਿਸਾਨਾਂ ਦੇ ਰੇਲ ਰੋਕੋ ਸੰਘਰਸ਼ ਦੌਰਾਨ ਪੰਜਾਬ ਦਾ ਪੂਰੇ ਮੁਲਕ ਨਾਲੋਂ ਰੇਲ ਲਿੰਕ ਟੁੱਟ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਰੋਕੋ ਨੂੰ 29 ਸਤੰਬਰ ਤੱਕ ਵਧਾਉਣ ਅਤੇ ਪਹਿਲੀ ਅਕਤੂਬਰ ਤੋਂ ਅਣਮਿਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਕਿਸਾਨਾਂ ਦੇ ਇਸ ਸੰਘਰਸ਼ ਕਾਰਨ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਲਈ ਸੰਕਟ ਖੜ੍ਹਾ ਹੋ ਸਕਦਾ ਹੈ। ਰਿਪੋਰਟਾਂ ਮੁਤਾਬਕ ਅੱਜ ਤਰਨ ਤਾਰਨ, ਅੰਮ੍ਰਿਤਸਰ, ਫਿਰੋਜ਼ਪੁਰ, ਪਟਿਆਲਾ, ਜਲੰਧਰ, ਲੁਧਿਆਣਾ, ਸੰਗਰੂਰ, ਬਰਨਾਲਾ, ਬਠਿੰਡਾ, ਮੋਗਾ, ਮੁਕਤਸਰ ਆਦਿ ਜ਼ਿਲ੍ਹਿਆਂ ’ਚ ਕਿਸਾਨਾਂ ਨੇ ਰੇਲ ਪਟੜੀਆਂ ’ਤੇ ਧਰਨੇ ਦਿੱਤੇ। ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤਾ ਗਿਆ ਸੀ ਤੇ ਇਸ ਅੰਦੋਲਨ ਨੂੰ 31 ਕਿਸਾਨ ਜਥੇਬੰਦੀਆਂ ਦੀ ਹਮਾਇਤ ਹਾਸਲ ਹੈ।
ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋ ਰੇਲਵੇ ਮਾਰਗਾਂ ਉੱਤੇ ਲਾਏ ਪੱਕੇ ਮੋਰਚੇ ਦੇ ਤੀਜੇ ਦਿਨ ਮਾਝਾ ਤੇ ਮਾਲਵਾ ਦੇ ਨਾਲ ਦੋਆਬਾ ਵਿੱਚ ਵੀ ਰੇਲਵੇ ਟਰੈਕ ਜਾਮ ਕੀਤੇ ਗਏ। ਆਗੂਆਂ ਨੇ ਪੰਜਾਬ ਦੇ ਸੰਸਦ ਮੈਬਰਾਂ ਨੂੰ ਅਸਤੀਫੇ ਦੇਣ ਦੀ ਮੰਗ ਕਰਦਿਆਂ ਭਾਜਪਾ ਸੰਸਦ ਮੈਂਬਰਾਂ ਤੇ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦਾ ਐਲਾਨ ਕੀਤਾ। ਪੰਜਾਬ ਬੰਦ ਨੂੰ ਸਾਰੇ ਵਰਗਾਂ ਤੋਂ ਮਿਲੀ ਭਰਵੀਂ ਹਮਾਇਤ ਤੋਂ ਉਤਸ਼ਾਹਤ ਹਜ਼ਾਰਾਂ ਕਿਸਾਨ-ਮਜ਼ਦੂਰ ਤੇ ਬੀਬੀਆਂ ਅੱਜ ਵੀ ਰੇਲਵੇ ਟਰੈਕਾਂ ਉੱਤੇ ਲਾਏ ਪੱਕੇ ਮੋਰਚਿਆਂ ’ਚ ਡਟੇ ਰਹੇ।
ਇਨ੍ਹਾਂ ਮੋਰਚਿਆਂ ਵਿੱਚ ਮਜ਼ਦੂਰਾਂ, ਅਧਿਆਪਕਾਂ, ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਬੇਰੁਜ਼ਗਾਰ, ਠੇਕਾ ਕਾਮੇ, ਜਲ ਸਪਲਾਈ ਕਾਮੇ, ਵਕੀਲ, ਡਾਕਟਰ, ਦੁਕਾਨਦਾਰ, ਵਪਾਰੀ, ਦੋਧੀ, ਟੈਕਸੀ ਚਾਲਕ, ਮਿੰਨੀ ਬੱਸ ਚਾਲਕ, ਆਟੋ ਚਾਲਕ, ਸਮਾਜਿਕ ਧਾਰਮਿਕ ਸੇਵਾਦਾਰ, ਖੇਡ-ਕਲੱਬਾਂ ਦੇ ਮੈਂਬਰ, ਪੰਚ ਸਰਪੰਚ ਤੇ ਹੋਰ ਸ਼ਾਮਲ ਹੋਏ।
ਫਿਰੋਜ਼ਪੁਰ ਜੰਕਸ਼ਨ, ਅੰਮ੍ਰਿਤਸਰ ਦਿੱਲੀ ਮਾਰਗ, ਗੁਰਦਾਸਪੁਰ, ਟਾਂਡਾ ਮੁਕੇਰੀਆਂ, ਜਲੰਧਰ ਕੈਂਟ ਤੇ ਤਰਨਤਾਰਨ, ਫਾਜ਼ਿਲਕਾ ਵਿੱਚ ਰੇਲਵੇ ਟਰੈਕਾਂ ਉੱਤੇ ਜੁੜੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਗੁਰਲਾਲ ਸਿੰਘ ਪੰਡੋਰੀ, ਹਰਪ੍ਰੀਤ ਸਿੰਘ ਸਿੱਧਵਾਂ, ਸੁਖਵਿੰਦਰ ਸਿੰਘ ਸਭਰਾ ਨੇ ਤਿੰਨੇ ਖੇਤੀ ਬਿਲਾਂ ਦੇ ਵਿਰੋਧ ਵਿੱਚ ਪੰਜਾਬ ਦੇ 13 ਲੋਕ ਸਭਾ ਤੇ ਰਾਜ ਸਭਾ ਦੇ ਸੰਸਦ ਮੈਂਬਰਾਂ ਨੂੰ ਤੁਰੰਤ ਅਸਤੀਫੇ ਦੇਣ ਦੀ ਮੰਗ ਕਰਦਿਆਂ ਭਾਜਪਾ ਦੇ ਸੰਸਦ ਮੈਂਬਰਾਂ ਤੇ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦਾ ਐਲਾਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਪੰਜਾਬ ਤੇ ਭਾਰਤ ਬੰਦ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਕੰਧ ਉੱਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਤੇ ਤਿੰਨੇ ਖੇਤੀ ਬਿੱਲ ਰੱਦ ਕਰ ਦੇਣੇ ਚਾਹੀਦੇ ਹਨ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ 48 ਘੰਟਿਆਂ ਦੇ ਰੇਲ-ਜਾਮ ਦੀ ਹਮਾਇਤ ਵਜੋਂ ਮਾਲਵੇ ਦੇ 9 ਜ਼ਿਲ੍ਹਿਆਂ ਵਿੱਚ ਮਾਨਸਾ, ਬਰਨਾਲਾ, ਨਾਭਾ(ਪਟਿਆਲਾ), ਛਾਜਲੀ (ਸੰਗਰੂਰ), ਰਾਮਪੁਰਾ (ਬਠਿੰਡਾ), ਅਜੀਤਵਾਲ (ਮੋਗਾ), ਕੋਟਕਪੂਰਾ (ਫਰੀਦਕੋਟ), ਗਿੱਦੜਬਾਹਾ (ਮੁਕਤਸਰ) ਅਤੇ ਜਲਾਲਾਬਾਦ (ਫਾਜ਼ਿਲਕਾ) ਵਿੱਚ ਰੇਲ-ਪਟੜੀਆਂ ’ਤੇ ਹਮਾਇਤੀ ਧਰਨੇ ਲਾਏ ਗਏ ਅਤੇ ਦੇਵੀਦਾਸਪੁਰਾ (ਅੰਮ੍ਰਿਤਸਰ) ਵਿੱਚ ਸੱਦਾ ਦੇਣ ਵਾਲੀ ਜਥੇਬੰਦੀ ਦੇ ਰੇਲ-ਜਾਮ ਧਰਨੇ ’ਚ ਹਮਾਇਤੀ ਜੱਥਾ ਸ਼ਾਮਲ ਹੋਇਆ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਜਥੇਬੰਦੀ ਦੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਰਾਜਵਿੰਦਰ ਸਿੰਘ ਰਾਮਨਗਰ, ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ, ਹਰਪ੍ਰੀਤ ਕੌਰ ਜੇਠੂਕੇ, ਸਤਵਿੰਦਰ ਕੌਰ ਸ਼ਾਦੀਹਰੀਕੇ, ਸਨੇਹਦੀਪ, ਅਮਰੀਕ ਸਿੰਘ ਗੰਢੂਆਂ ਆਦਿ ਸ਼ਾਮਲ ਸਨ।
ਭਾਜਪਾ ਕਾਰਕੁਨਾਂ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਪੱਖ ’ਚ ਪ੍ਰਚਾਰ ਕਰਨ ਦੇ ਸੱਦੇ ਦੀ ਚੁਣੌਤੀ ਕਬੂਲ ਕਰਦਿਆਂ ਬੁਲਾਰਿਆਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਅਜਿਹੇ ਅੰਨ੍ਹੇ ਮੋਦੀ-ਭਗਤਾਂ ਨੂੰ ਥਾਂ ਥਾਂ ਘੇਰ ਕੇ ਲਾ-ਜਵਾਬ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਅਗਲੇ ਪੜਾਅ ’ਤੇ 31 ਜਥੇਬੰਦੀਆਂ ਦੇ ਸੱਦੇ ਉੱਤੇ ਪਹਿਲੀ ਅਕਤੂਬਰ ਤੋਂ ਅਣਮਿਥੇ ਸਮੇਂ ਲਈ ਲਾਏ ਜਾਣ ਵਾਲੇ ਰੇਲ ਜਾਮ ਵੀ ਪੂਰੀ ਤਰ੍ਹਾਂ ਕਾਮਯਾਬ ਕੀਤੇ ਜਾਣਗੇ। ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਭਰਵੀਆਂ ਨੌਜਵਾਨ ਮੀਟਿੰਗਾਂ ਕਰਕੇ ਸ਼ਹੀਦ ਦੀ ਇਨਕਲਾਬੀ ਵਿਚਾਰਧਾਰਾ ਤੋਂ ਜਾਣੂੰ ਕਰਵਾਉਂਦਿਆਂ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਜਾਵੇਗਾ।