(ਸਮਾਜ ਵੀਕਲੀ)
ਤੂੰ ਤਿੰਨ ਖੇਤੀ ਕਨੂੰਨ ਬਣਾ ਕੇ
ਸਾਡੇ ਦਿਲਾਂ ‘ਚ ਭਾਂਬੜ ਮਚਾਏ ਹਾਕਮਾ।
ਸਾਨੂੰ ਖੇਤ ਮਾਂ ਤੋਂ ਵੀ ਵੱਧ ਪਿਆਰੇ ਨੇ
ਤੈਨੂੰ ਇਹ ਗੱਲ ਕਿਉਂ ਨਾ ਸਮਝ ਆਏ ਹਾਕਮਾ।
ਤੂੰ ਕਾਰਪੋਰੇਟ ਘਰਾਣਿਆਂ ਦੇ ਲਾਭ ਲਈ
ਇਹ ਕਾਲੇ ਕਨੂੰਨ ਬਣਾਏ ਹਾਕਮਾ।
ਇਨ੍ਹਾਂ ਨੂੰ ਰੱਦ ਕਰਵਾਉਣ ਲਈ
ਅਸੀਂ ਸੜਕਾਂ ਤੇ ਉਤਰ ਆਏ ਹਾਕਮਾ।
ਤੂੰ ਸਾਨੂੰ ਰੋਕਣ ਲਈ, ਸਾਡੇ ਤੇ
ਪੁਲਿਸ ਤੋਂ ਗੈਸ ਦੇ ਗੋਲੇ ਛਡਾਏ ਹਾਕਮਾ।
ਸੱਭ ਰੋਕਾਂ ਨੂੰ ਹਟਾ ਕੇ ਅਸੀਂ
ਦਿੱਲੀ ਦੇ ਬਾਰਡਰਾਂ ਤੇ ਆਏ ਹਾਕਮਾ।
ਸਿੰਘੂ, ਕੁੰਡਲੀ ਤੇ ਟਿਕਰੀ ਬਾਰਡਰਾਂ ਤੇ
ਅਸੀਂ ਪੱਕੇ ਧਰਨੇ ਲਾਏ ਹਾਕਮਾ।
ਪਏ ਮੀਂਹ ਤੇ ਠੰਡ ਵੀ ਜ਼ੋਰਾਂ ਦੀ
ਅਸੀਂ ਫਿਰ ਵੀ ਨਹੀਂ ਘਬਰਾਏ ਹਾਕਮਾ।
ਅਸੀਂ ਕੱਲੇ ਨਹੀਂ, ਸਾਡੇ ਨਾਲ
ਮਜ਼ਦੂਰ ਤੇ ਬੁੱਧੀਜੀਵੀ ਵੀ ਆਏ ਹਾਕਮਾ।
ਤੂੰ ਕੁਰਸੀ ਦੇ ਨਸ਼ੇ ‘ਚ ਚੂਰ ਹੋ ਕੇ
ਇਨ੍ਹਾਂ ਬਿੱਲਾਂ ਦੇ ਲਾਭ ਗਿਣਾਏ ਹਾਕਮਾ।
ਵੈਰੀ ਨਾਲ ਲੜਨ ਵੇਲੇ ਦੇਸ਼ ਭਗਤ ਅਸੀਂ
ਹੱਕ ਮੰਗੇ,ਤਾਂ ਗੱਦਾਰ ਕਹਾਏ ਹਾਕਮਾ।
ਸਾਡੇ ਨਾਲ ਮਾਵਾਂ,ਭੈਣਾਂ ਤੇ ਬਜ਼ੁਰਗ ਨੇ
ਅਸੀਂ ਘਰ ਖਾਲੀ ਕਰ ਆਏ ਹਾਕਮਾ।
ਰੋਜ਼ ਸ਼ਹੀਦ ਹੋਈ ਜਾਣ ਸਾਡੇ ਸਾਥੀ
ਤੈਨੂੰ ਰਤਾ ਤਰਸ ਨਾ ਆਏ ਹਾਕਮਾ।
ਏਨਾ ਨਾ ਪਰਖ ਸਬਰ ਸਾਡੇ ਨੂੰ
ਕਿਤੇ ਸਾਡਾ ਸਬਰ ਨਾ ਮੁੱਕ ਜਾਏ ਹਾਕਮਾ।
ਅਸੀਂ ਜਿੱਤ ਕੇ ਹੀ ਮੁੜਾਂਗੇ ਘਰਾਂ ਨੂੰ
ਭਾਵੇਂ ਸਾਡੀ ਜਾਨ ਵੀ ਚਲੀ ਜਾਏ ਹਾਕਮਾ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554