ਜੌੜਕੀਆਂ ਨੇੜੇ ਪਿੰਡ ਮੀਆਂ ਦੇ ਗੁਰਜੰਟ ਫਿਲਿੰਗ ਸਟੇਸ਼ਨ ਤੋਂ ਪੈਟਰੋਲ ਵਿੱਚ ਪਾਣੀ ਦੀ ਮਿਲਾਵਟ ਆਉਣ ’ਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਪੈਟਰੋਲ ਪੰਪ ’ਤੇ ਧਰਨਾ ਲਾਇਆ। ਧਰਨਾਕਾਰੀਆਂ ਨੇ ਪੈਟਰੋਲ ਵਿੱਚ ਪਾਣੀ ਦੀ ਮਿਲਾਵਟ ਨੂੰ ਲੈਕੇ ਪੰਪ ਮਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਪੰਪ ਪ੍ਰਬੰਧਕਾਂ ਨੇ ਪੈਟਰੋਲ ਵਿੱਚ ਪਾਣੀ ਮੀਂਹ ਦੀ ਵਜ੍ਹਾ ਕਾਰਨ ਪਿਆ ਦੱਸਿਆ ਹੈ।
ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਭੰਮੇ ਕਲਾਂ ਦੇ ਗੁਰਲਾਲ ਸਿੰਘ ਇੰਡੀਅਨ ਆਇਲ ਕੰਪਨੀ ਦੇ ਇਸ ਪੰਪ ਤੋਂ ਉਸਨੇ ਆਪਣੇ ਮੋਟਰਸਾਈਕਲ ਵਿੱਚ 110 ਰੁਪਏ ਦਾ ਪੈਟਰੋਲ ਪੁਆਇਆ ਅਤੇ ਕੁਝ ਦੂਰੀ ’ਤੇ ਜਾ ਕੇ ਮੋਟਰਸਾਈਕਲ ਬੰਦ ਹੋ ਗਿਆ। ਉਸ ਨੂੰ ਸ਼ੱਕ ਹੋਇਆ ਕਿ ਪੈਟਰੋਲ ਜਾਂ ਤਾਂ ਘੱਟ ਹੈ ਜਾਂ ਕੋਈ ਹੋਰ ਗੱਲ ਹੈ। ਉਸ ਨੇ ਵਾਪਸ ਆਕੇ ਇੱਕ ਬੋਤਲ ਵਿੱਚ ਤੇਲ ਪਵਾਇਆ ਤਾਂ ਤੇਲ ਵਿੱਚ ਪਾਣੀ ਰਲਿਆ ਹੋਇਆ ਨਿਕਲਿਆ। ਉਸਨੇ ਤੁਰੰਤ ਕਿਸਾਨ ਯੂਨੀਅਨ ਨੂੰ ਸੂਚਿਤ ਕੀਤਾ, ਜਿਸ ਕਰ ਕੇ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਧਰਨਾ ਲਗਾਇਆ ਗਿਆ।
ਉਨ੍ਹਾਂ ਕਿਹਾ ਕਿ ਅੱਜ ਦੀ ਮਹਿੰਗਾਈ ਦੇ ਯੁੱਗ ਵਿੱਚ ਲੋਕ ਮਹਿੰਗੇ ਭਾਅ ਦਾ ਪੈਟਰੋਲ ਖਰੀਦਦੇ ਹਨ ਅਤੇ ਕੁਝ ਅਜਿਹੇ ਕੁਝ ਪੈਟਰੋਲ ਪੰਪ ਵਾਲੇ ਮਹਿਕਮੇ ਦੀ ਮਿਲੀਭੁਗਤ ਨਾਲ ਆਮ ਲੋਕਾਂ ਨੂੰ ਲੁੱਟ ਰਹੇ ਹਨ, ਜੋ ਕਿ ਜਥੇਬੰਦੀ ਨੂੰ ਬਿਲਕੁੱਲ ਮਨਜ਼ੂਰ ਨਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਪ ਮਾਲਕ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਪੰਪ ਦੇ ਮੈਨੇਜਰ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਨਵੀਂ ਮਸ਼ੀਨ ਲਗਾਈ ਸੀ ਅਤੇ ਮਸ਼ੀਨ ਫੀਟਿੰਗ ਦਾ ਕੰਮ ਚੱਲ ਰਿਹਾ ਸੀ, ਜਿਸ ਦੌਰਾਨ ਮੀਂਹ ਦਾ ਪਾਣੀ ਟੈਂਕ ਵਿੱਚ ਅਚਾਨਕ ਆ ਗਿਆ। ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਪੈਟਰੋਲ ਵਿੱਚ ਪਾਣੀ ਨਹੀਂ ਮਿਲਾਇਆ ਗਿਆ ਹੈ।
ਉਧਰ ਫੂਡ ਸਪਲਾਈ ਵਿਭਾਗ ਅਤੇ ਕੰਪਨੀ ਦੇ ਸੇਲਜ਼ ਅਫਸਰ ਨੇ ਆਕੇ ਮਸ਼ੀਨ ਸੀਲ ਕਰ ਦਿੱਤੀ ਹੈ ਅਤੇ ਸੈਂਪਲ ਲੈ ਲਏ ਗਏ ਹਨ।
ਥਾਣਾ ਜੋੜਕੀਆਂ ਦੇ ਮੁਖੀ ਸੰਦੀਪ ਭਾਟੀ ਨੇ ਕਿਹਾ ਕਿ ਪੈਟਰੋਲ ਪੰਪ ’ਤੇ ਪਾਣੀ ਦੀ ਮਿਲਾਵਟ ਦਾ ਮਾਮਲਾ ਆਇਆ ਹੈ। ਇਸ ਸਬੰਧੀ ਦਰਖਾਸਤ ਆ ਚੁੱਕੀ ਹੈ ਅਤੇ ਰਿਪੋਰਟ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਮਲਕੀਤ ਸਿੰਘ ਕੋਟਧਰਮੂ, ਊਤਮ ਸਿੰਘ ਰਾਮਾਂਨੰਦੀ, ਲੀਲਾ ਸਿੰਘ ਭੰਮੇ ਕਲਾਂ, ਸੁਖਵਿੰਦਰ ਸਿੰਘ, ਹਰਚੰਦ ਸਿੰਘ ਨੇ ਵੀ ਸੰਬੋਧਨ ਕੀਤਾ।
INDIA ਕਿਸਾਨ ਜਥੇਬੰਦੀ ਨੇ ਪੈਟਰੋਲ ਪੰਪ ਘੇਰਿਆ