ਨਵੀਂ ਦਿੱਲੀ (ਸਮਾਜ ਵੀਕਲੀ) : ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਡਟੀਆਂ ਕਿਸਾਨ ਯੂਨੀਅਨਾਂ ਨੇ ਅੱਜ ਕਿਹਾ ਕਿ ਉਹ ਗੱਲਬਾਤ ਲਈ ਤਿਆਰ ਹਨ, ਪਰ ਸਰਕਾਰ ਇਨ੍ਹਾਂ ਕਾਨੂੰਨਾਂ ’ਚ ‘ਅਰਥਹੀਣ’ ਸੋਧਾਂ ਨੂੰ ਮੁੜ ਨਾ ਦੁਹਰਾਏ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਭੇਜੀਆਂ ਤਜਵੀਜ਼ਾਂ/ਸੋਧਾਂ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਨ, ਲਿਹਾਜ਼ਾ ਸਰਕਾਰ ਅਗਲੇ ਗੇੜ ਦੀ ਗੱਲਬਾਤ ਲਈ ਲਿਖਤ ’ਚ ਕੋਈ ‘ਨਿੱਗਰ’ ਤਜਵੀਜ਼ ਲੈ ਕੇ ਆਏ।
ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ, ‘ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਸੰਘਰਸ਼ਸ਼ੀਲ ਕਿਸਾਨ (ਖੇਤੀ ਕਾਨੂੰਨਾਂ ’ਚ) ਸੋਧ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕਰਨਗੇ। ਪੱਤਰਕਾਰ ਮਿਲਣੀ ’ਚ ਸ਼ਾਮਲ ਸਵਰਾਜ ਇੰਡੀਆ ਮੁਹਿੰਮ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ, ‘ਕਿਸਾਨ ਯੂਨੀਅਨਾਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਉਡੀਕ ਹੈ ਕਿ ਸਰਕਾਰ ਖੁੱਲ੍ਹੇ ਦਿਲ ਨਾਲ ਗੱਲਬਾਤ ਦੀ ਮੇਜ਼ ’ਤੇ ਆੲੇ। ਜੇ ਸਰਕਾਰ ਇਕ ਕਦਮ ਅੱਗੇ ਵਧਾਉਂਦੀ ਹੈ ਤਾਂ ਕਿਸਾਨ ਦੋ ਕਦਮ ਅੱਗੇ ਵਧਾਉਣਗੇ।’ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ‘ਪ੍ਰੇਮ ਪੱਤਰ’ ਲਿਖਣੇ ਬੰਦ ਕਰੇ।