ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੋਸ਼ ਲਾਇਆ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਦੇ ਕਿਸਾਨ ਅੱਜ ‘ਕਾਲੀ ਦੀਵਾਲੀ’ ਮਨਾਉਣ ਲਈ ਮਜਬੂਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦਾ ‘ਅਸਲੀ ਰਾਜਧਰਮ’ ਇਹ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲਾਂ ਦਾ ਸਹੀ ਭਾਅ ਮਿਲੇ।
ਸੋਨੀਆ ਗਾਂਧੀ ਨੇ ਬਿਆਨ ਵਿਚ ਕਿਹਾ, ‘‘ਭਾਜਪਾ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਧੋਖੇ ਦੀ ਨੀਂਹ ਰੱਖ ਦਿੱਤੀ ਸੀ। ਉਨ੍ਹਾਂ ਨੇ ਕਿਸਾਨਾਂ ਨੂੰ ਲਾਗਤ ਨਾਲ 50 ਫ਼ੀਸਦੀ ਦਾ ਮੁਨਾਫ਼ਾ ਸਮਰਥਨ ਮੁੱਲ ਦੇ ਤੌਰ ’ਤੇ ਦੇਣ ਦਾ ਵਾਅਦਾ ਕੀਤਾ ਸੀ ਪਰ ਸਾਲ ਦਰ ਸਾਲ ਭਾਜਪਾ ਸਰਕਾਰ ਮੁੱਠੀ ਭਰ ਜਮ੍ਹਾਂਖੋਰਾਂ ਨੂੰ ਫ਼ਾਇਦਾ ਪਹੁੰਚਾਉਂਦੀ ਰਹੀ ਅਤੇ ਅੰਨਦਾਤਾਵਾਂ ਦੇ ਲੱਖਾਂ-ਕਰੋੜਾਂ ਰੁਪਏ ਲੁੱਟਦੀ ਰਹੀ।’’ ਉਨ੍ਹਾਂ ਕਿਹਾ, ‘‘ਸਵਾਲ ਇਹ ਹੈ ਕਿ ਦੀਵਾਲੀ ਦੇ ਤਿਉਹਾਰ ਵਾਲੇ ਦਿਨ ਕਿਸਾਨ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਕਿਉਂ ਹਨ? ਦੇਸ਼ ਦੀਆਂ ਵੱਖ-ਵੱਖ ਮੰਡੀਆਂ ਵਿੱਚ ਸਾਉਣੀ ਦੀਆਂ ਫ਼ਸਲਾਂ ਸਮਰਥਨ ਮੁੱਲ ਨਾਲੋਂ ਅੱਠ ਫੀਸਦ ਤੋਂ ਲੈ ਕੇ 37 ਫੀਸਦ ਤੱਕ ਘੱਟ ’ਤੇ ਵਿਕ ਰਹੀਆਂ ਹਨ। ਇਸ ਦਾ ਅਰਥ ਹੈ ਕਿ ਸਾਉਣੀ ਦੀਆਂ ਫ਼ਸਲਾਂ ਦੀ ਵਿਕਰੀ ਦਰ ਸਮਰਥਨ ਮੁੱਲ ਨਾਲੋਂ ਔਸਤਨ 22.4 ਫੀਸਦੀ ਘੱਟ ਹੈ। ਇਸ ਨਾਲ ਦੇਸ਼ ਦੇ ਕਿਸਾਨਾਂ ਦਾ ਲਗਭਗ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਇਸ ਦੀ ਭਰਪਾਈ ਕੌਣ ਕਰੇਗਾ?’’
INDIA ਕਿਸਾਨ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ: ਸੋਨੀਆ ਗਾਂਧੀ