ਕਿਸਾਨ ਇਕੱਠਾਂ ’ਤੇ ਸਖ਼ਤੀ ਤੋਂ ਟਲੀ ਸਰਕਾਰ

ਚੰਡੀਗੜ੍ਹ (ਸਮਾਜ ਵੀਕਲੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅੱਜ ਜੇਲ੍ਹ ਭਰੋ ਅੰਦੋਲਨ ਦੇ ਛੇਵੇਂ ਦਿਨ ਪੰਜਾਬ ਸਰਕਾਰ ਨੇ ਵੀ ਅੱਖਾਂ ਮੀਟ ਲਈਆਂ ਹਨ। ਪੰਜਾਬ ਸਰਕਾਰ ਨੇ ਕੋਵਿਡ-19 ਤਹਿਤ ਆਇਦ ਕੀਤੀਆਂ ਪਾਬੰਦੀਆਂ ਨੂੰ ਲੈ ਕੇ ਕਿਸਾਨੀ ਅੰਦੋਲਨ ਪ੍ਰਤੀ ਸਖ਼ਤ ਰੌਂਅ ਦਿਖਾਉਣ ਤੋਂ ਪਾਸਾ ਵੱਟ ਲਿਆ ਹੈ। ਰਾਜ ਸਰਕਾਰ ਤਰਫ਼ੋਂ ਕਿਸਾਨੀ ਜਥਿਆਂ ਨੂੰ ਵੀ ਗ੍ਰਿਫਤਾਰੀ ਲਈ ਹੱਥ ਨਹੀਂ ਪਾਇਆ ਜਾ ਰਿਹਾ ਹੈ।

ਕੇਂਦਰੀ ਖੇਤੀ ਆਰਡੀਨੈਂਸਾਂ ਨੇ ਸਮੁੱਚੇ ਅਰਥਚਾਰੇ ਨੂੰ ਝੰਬ ਦੇਣਾ ਹੈ ਪ੍ਰੰਤੂ ਜੇਲ੍ਹ ਭਰੋ ਅੰਦੋਲਨ ਵਿੱਚ ਸਿਰਫ਼ ਕਿਸਾਨ ’ਤੇ ਮਜ਼ਦੂਰ ਹੀ ਕੁੱਦੇ ਹਨ ਜਦੋਂਕਿ ਵਪਾਰੀ ਵਰਗ ਤੇ ਦੁਕਾਨਦਾਰ ਇਸ ਤੋਂ ਲਾਂਭੇ ਹਨ। ਕਿਸਾਨਾਂ ਨੇ ਅੱਜ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤੇ ਅਤੇ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੰਘਰਸ਼ ਕਮੇਟੀ ਨੇ ਨਾਲੋ ਨਾਲ 14 ਸਤੰਬਰ ਨੂੰ ਦਰਿਆਈ ਸੜਕੀ ਪੁਲ ਜਾਮ ਕਰਨ ਲਈ ਤਿਆਰੀ ਵਿੱਢ ਦਿੱਤੀ ਹੈ। ਕਿਸਾਨ 14 ਸਤੰਬਰ ਨੂੰ ਪੰਜਾਬ ਦੇ ਤਿੰਨ ਪੁਲਾਂ ’ਤੇ ਸੰਕੇਤਕ ਰੂਪ ਵਿਚ ਜਾਮ ਕਰਨਗੇ।

ਜੇਲ੍ਹ ਭਰੋ ਅੰਦੋਲਨ ਤਹਿਤ ਅੱਜ ਕਿਸਾਨਾਂ ਦੇ ਫਾਜ਼ਿਲਕਾ, ਫਿਰੋਜ਼ਪੁਰ, ਤਰਨ ਤਾਰਨ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ ਮੋਗਾ ਵਿੱਚ ਭਰਵੇਂ ਇਕੱਠ ਹੋਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਪਾਰਲੀਮੈਂਟ ਦੇ ਇਜਲਾਸ ਵਿੱਚ 23 ਬਿੱਲਾਂ ਸਮੇਤ 11 ਆਰਡੀਨੈਂਸ ਲਿਆਂਦੇ ਜਾ ਰਹੇ ਹਨ।

ਕਿਸਾਨ ਆਗੂਆਂ ਨੇ ਅਪੀਲ ਕੀਤੀ ਕਿ ਪੰਜਾਬੀ ਕਿਸਾਨ ਅਵੇਸਲੇ ਹੋ ਗਏ ਤਾਂ ਨਵੇਂ ਬਿੱਲ ਖੇਤੀ ਤੇ ਭਾਰੂ ਪੈ ਜਾਣਗੇ। ਆਗੂਆਂ ਨੇ ਕਿਸਾਨ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ 14 ਸਤੰਬਰ ਨੂੰ ਪੰਜਾਬ ਵਿਚ ਹਰੀਕੇ ਹੈੱਡ, ਬਿਆਸ ਪੁਲ ਅਤੇ ਟਾਂਡਾ ਹਰਗੋਬਿੰਦਪੁਰ ਪੁਲ ’ਤੇ ਸੰਕੇਤਕ ਰੂਪ ਵਿਚ ਲਾਏ ਜਾ ਰਹੇ ਜਾਮ ’ਚ ਪੁੱਜਣ। ਕਿਸਾਨਾਂ ਦੇ ਵਫ਼ਦ ਨੇ ਅੱਜ ਗਰਾਮ ਪੰਚਾਇਤਾਂ ਵੱਲੋਂ ਕੇਂਦਰੀ ਆਰਡੀਨੈਂਸਾਂ ਖ਼ਿਲਾਫ਼ ਪਾਏ ਮਤਿਆਂ ਦੀਆਂ ਕਾਪੀਆਂ ਵੀ ਡਿਪਟੀ ਕਮਿਸ਼ਨਰਾਂ ਨੂੰ ਸੌਂਪੀਆਂ।

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਿਸ਼ਵ ਵਪਾਰ ਸੰਸਥਾ ਤੇ ਵਿਸ਼ਵ ਬੈਂਕ ਦੇ ਦਬਾਅ ਹੇਠ ਦੇਸ਼ ਦੇ ਸੰਘੀ ਢਾਂਚੇ ਦਾ ਕੇਂਦਰੀਕਰਨ ਕਰ ਰਹੀ ਹੈ। ਆਗੂਆਂ ਨੇ 14 ਸਤੰਬਰ ਨੂੰ 250 ਕਿਸਾਨ ਧਿਰਾਂ ਵੱਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਅੰਦੋਲਨ ਦੀ ਹਮਾਇਤ ਵੀ ਕੀਤੀ। 15 ਸਤੰਬਰ ਤੋਂ ਪਿੰਡ ਬਾਦਲ ਅਤੇ ਪਟਿਆਲਾ ਵਿੱਚ ਲੱਗਣ ਵਾਲੇ ਮੋਰਚੇ ਦੀ ਹਮਾਇਤ ਕੀਤੀ।  ਆਗੂਆਂ ਨੇ ਅੱਜ ਮੁੜ ਕੇਂਦਰ ਸਰਕਾਰ ਨੂੰ ਵੀ ਚਿਤਾਵਨੀ  ਦਿੱਤੀ ਕਿ ਅਗਰ ਖੇਤੀ ਆਰਡੀਨੈਂਸ  ਰੱਦ ਨਾ ਕੀਤੇ ਤਾਂ ਦੇਸ਼ ਵਿਚ ਗਦਰ  ਫੈਲ ਸਕਦਾ ਹੈ।

Previous articleਦੇਸ਼ ’ਚ ਰਿਕਾਰਡ 97,570 ਨਵੇਂ ਕੇਸ
Next articleਦਿੱਲੀ ਦੰਗੇ: ਯੇਚੁਰੀ, ਯੋਗੇਂਦਰ ਤੇ ਅਪੂਰਵਾਨੰਦ ਨਾਮਜ਼ਦ