ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੇ ਗਾਜ਼ੀਪੁਰ ਮੋਰਚੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਗੈਰ-ਰਾਜਨੀਤਿਕ) ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਕਾਫ਼ਲੇ ਉਪਰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ’ਚ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਹਮਲੇ ’ਚ ਉਹ ਵਾਲ-ਵਾਲ ਬਚ ਗਏ ਅਤੇ ਉਨ੍ਹਾਂ ਨੂੰ ਦੂਜੀ ਕਾਰ ’ਚ ਅਗਲੇ ਮੁਕਾਮ ਵੱਲ ਰਵਾਨਾ ਕੀਤਾ ਗਿਆ। ਹਮਲੇ ’ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਦਾ ਕਾਫ਼ਲਾ ਅਲਵਰ ਦੇ ਹਰਸੋਲਾ ਤੋਂ ਬਾਂਸੁਰ ਨੂੰ ਜਾ ਰਿਹਾ ਸੀ। ਸਥਾਨਕ ਪੁਲੀਸ ਨੇ ਇਕ ਵਿਦਿਆਰਥੀ ਆਗੂ ਸਮੇਤ ਚਾਰ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਕੁਝ ਲੋਕਾਂ ਨੇ ਟਿਕੈਤ ਦੇ ਕਾਫ਼ਲੇ ’ਤੇ ਪੱਥਰ ਮਾਰੇ ਅਤੇ ਡੰਡੇ ਵੀ ਚਲਾਏ।
ਸ੍ਰੀ ਟਿਕੈਤ ਨੇ ਹਮਲੇ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੰਦਿਆਂ ਸੋਸ਼ਲ ਮੀਡੀਆ ਉਪਰ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਤਤਾਰਪੁਰ ਚੌਰਾਹੇ ’ਤੇ ਭਾਜਪਾ ਦੇ ਗੁੰਡਿਆਂ ਨੇ ਉਨ੍ਹਾਂ ਦੇ ਕਾਫ਼ਲੇ ਉਪਰ ਹਮਲਾ ਕੀਤਾ। ਆਪਣੀ ਭੰਨੀ ਹੋਈ ਕਾਰ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦੀ ਹੱਤਿਆ ਦੀਆਂ ਤਸਵੀਰਾਂ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅਲਵਰ ਦੀ ਘਟਨਾ ਮਗਰੋਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਘਟਨਾ ਮਗਰੋਂ ਸ਼ਾਂਤ ਰਹਿਣ।