ਜਲੰਧਰ (ਸਮਾਜ ਵੀਕਲੀ) : ਮਹਿਤਪੁਰ ਪੁਲੀਸ ਵੱਲੋਂ ਧਾਰਮਿਕ ਸੰਸਥਾ ਦੀ ਸ਼ਹਿ ’ਤੇ ਕਿਸਾਨ ਨੂੰ ਗ੍ਰਿਫ਼ਤਾਰ ਕਰਕੇ 30 ਜੁਲਾਈ ਤੱਕ ਰਿਮਾਂਡ ਲੈਣ ਦੇ ਵਿਰੋਧ ਵਿੱਚ ਕਿਸਾਨ ਔਰਤਾਂ ਨੇ ਬੀਬੀ ਪੁਸ਼ਪਿੰਦਰ ਕੌਰ ਅਤੇ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਸ਼ਹਿਰ ਵਿੱਚ ਮੁਜ਼ਾਹਰਾ ਕਰਨ ਤੋਂ ਬਾਅਦ ਕਾਂਗਰਸ ਸਰਕਾਰ ਦਾ ਪੁਤਲਾ ਫੂਕਿਆ।
ਇਕੱਠੀਆਂ ਹੋਈਆਂ ਔਰਤਾਂ ਦੇ ਹੱਕ ’ਚ ਪਹੁੰਚੀ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਅਨੀਤਾ ਸੰਧੂ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਕਰੋਨਾਵਾਇਰਸ ਦਾ ਲਾਹਾ ਲੈ ਕੇ ਕਿਸਾਨ ਵਿਰੋਧੀ ਆਰਡੀਨੈਂਸ ਲਿਆ ਕੇ ਕਿਸਾਨੀ ਨੂੰ ਤਬਾਹੀ ਵੱਲ ਧੱਕ ਰਹੀ ਹੈ, ਦੂਜੇ ਪਾਸੇ ਸੂਬੇ ਦੀ ਕਾਂਗਰਸ ਸਰਕਾਰ ਆਪਣੇ ਸਿਆਸੀ ਮੁਫਾਦ ਖਾਤਰ ਛੋਟੇ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਲੈ ਇੱਕ ਧਾਰਮਿਕ ਸੰਸਥਾ ਦੇ ਵਪਾਰਕ ਹਿੱਤ ਪੂਰ ਰਹੀ ਹੈ ਅਤੇ ਪੁਲੀਸ ਨੂੰ ਹਥਿਆਰ ਵਜੋਂ ਵਰਤ ਰਹੀ ਹੈ। ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਖੋਹਣ ਦਾ ਵਿਰੋਧ ਕਰਦਿਆਂ ਪਿੰਡ ਉਧੋਵਾਲ ਦੀਆਂ ਪੰਜ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਝੂਠੇ ਪਰਚੇ ਦਰਜ ਕਰਕੇ ਸੂਬਾਈ ਸਰਕਾਰ ਨੇ ਸਾਬਤ ਕਰ ਦਿੱਤਾ ਕਿ ਉਹ ਕੇਂਦਰ ਸਰਕਾਰ ਦੀ ਕਾਰਬਨ ਕਾਪੀ ਸਾਬਤ ਹੋ ਰਹੀ ਹੈ।
ਸਾਬਕਾ ਸਰਪੰਚ ਗੁਰਬਖਸ਼ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਹਾਕਮ ਪਾਰਟੀ ਦਾ ਹੱਥ ਠੋਕਾ ਬਣਿਆ ਹੋਇਆ ਹੈ। ਇਸੇ ਲਈ ਬੀਡੀਪੀਓ ਦਫ਼ਤਰ ਦੇ ਅਧਿਕਾਰੀਆਂ ਵੱਲੋਂ 15 ਜੁਲਾਈ ਨੂੰ ਗ੍ਰਾਮ ਸਭਾ ਦਾ ਇਜਲਾਸ ਰੱਖਣ ਦੇ ਬਾਵਜੂਦ ਪਿੰਡ ਉਦੋਵਾਲ ਦਾ ਇਜਲਾਸ ਨਹੀਂ ਕੀਤਾ ਗਿਆ। ਮਗਨਰੇਗਾ ਫੰਡ ਹੋਣ ਦੇ ਬਾਵਜੂਦ ਮਜ਼ਦੂਰ ਬੇਰੁਜ਼ਗਾਰੀ ਦਾ ਸ਼ਿਕਾਰ ਹਨ। ਪਿੰਡਾਂ ਦਾ ਵਿਕਾਸ ਸਿਆਸੀ ਦਖ਼ਲ ਅੰਦਾਜ਼ੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਨੂੰ ਲੈ ਕੇ ਔਰਤਾਂ ਤਿੱਖੇ ਸੰਘਰਸ਼ ਦਾ ਰਾਹ ਪੈਣਗੀਆਂ।