ਕਿਸਾਨ ਅੰਦੋਲਨ – ਪਹਿਲਾਂ ਮੋਰਚਾ ਫ਼ਤਿਹ ਕਰ ਲਓ, ਛਿੱਤਰੀਂ ਦਾਲ ਫੇਰ ਵੰਡ ਲਿਓ !!

Prof. S S Dhillon

(ਸਮਾਜ ਵੀਕਲੀ)

ਕਿਸੇ ਵੀ ਜੰਗ/ ਅੰਦੋਲਨ ਜਾਂ ਮੋਰਚੇ ਨੂੰ ਫ਼ਤਿਹ ਕਰਨ ਵਾਸਤੇ ਏਕੇ ਤੇ ਇੱਕਜੁੱਟਤਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਪਰ ਇਸ ਦੇ ਨਾਲ ਹੀ ਅਨੁਸ਼ਾਸਨ , ਸਖ਼ਤ ਮਿਹਨਤ ਅਤੇ ਟੀਚੇ ਪ੍ਰਤੀ ਸ਼ਪੱਸ਼ਟਤਾ ਦੇ ਗੁਣ ਹੋਣੇ ਕਿਸੇ ਵੀ ਜੱਦੋ-ਜਹਿਦ ਵਿੱਚ ਸਫਲਤਾ ਪ੍ਰਾਪਤ ਕਰਨ ਦੀ ਗਰੰਟੀ ਹੁੰਦੇ ਹਨ । ਜੋ ਸੰਘਰਸ਼ ਇਹਨਾਂ ਗੁਣਾ ਤੋ ਸੱਖਣੇ ਹੁੰਦੇ ਹਨ ਜਾਂ ਕਿਸੇ ਕਾਰਨ ਹੋ ਜਾਂਦੇ ਹਨ, ਉਹ ਦਿਸ਼ਾਹੀਣ ਹੋ ਕੇ ਨਿਸ਼ਾਨੇ ਤੋਂ ਭਟਕ ਜਾਂਦੇ ਹਨ ਤੇ ਛੇਤੀਂ ਹੀ ਦਮ ਤੋੜ ਜਾਂਦੇ ਹਨ ।

ਇਸ ਵਿੱਚ ਕੋਈ ਸ਼ੱਕ ਨਹੀ ਕਿ ਪਿਛਲੇ ਪੰਜ ਕੁ ਮਹੀਨੇ ਤੋਂ ਤਿੰਨ ਖੇਤੀ ਕਾਨੂੰਨਾ ਨੂੰ ਲੈ ਕੇ ਚੱਲ ਰਿਹਾ ਕਿਰਤੀ ਕਿਸਾਨਾਂ ਦਾ ਅੰਦੋਲਨ ਇਸ ਵੇਲੇ ਜਨ ਅੰਦੋਲਨ ਬਣ ਚੁੱਕਾ ਹੈ । ਪੰਜਾਬ ਤੋ ਸ਼ੁਰੂ ਹੋਇਆ ਇਹ ਅੰਦੋਲਨ ਹਰਿਆਣੇ ਚੋ ਹੁੰਦਾ ਹੋਇਆ ਪੂਰੇ ਭਾਰਤ ਵਿਚ ਫੈਲ ਚੁੱਕਾ ਹੈ । ਅੱਜ ਇਸ ਦਾ ਪਰਭਾਵ ਵਿਸ਼ਵ ਦੇ ਹਰ ਕੋਨੇ ‘ਤੇ ਪੈ ਰਿਹਾ ਹੈ, ਪਰ 26 ਜਨਵਰੀ ਦੀ ਟਰੈਕਟਰ ਪਰੇਡ ਤੇ ਲਾਲ ਕਿਲੇ ‘ਤੇ ਕਿਸਾਨੀ ਤੇ ਖਾਲਸਈ ਝੰਡਾ ਝੁਲਾਉਣ ਦੀਆਂ ਘਟਨਾਵਾ ਤੋਂ ਬਾਅਦ ਇਸ ਅੰਦੋਲਨ ਵਿਚ ਅਚਨਚੇਤ ਹੀ ਕਾਫੀ ਬਦਲਾਵ ਦੇਖੇ ਗਏ । ਕਿਸਾਨ ਆਗੂ ਰਕੇਸ਼ ਟਿਕੈਟ ਦੀ ਇਕ ਅਵਾਜ ‘ਤੇ ਜਿਥੇ ਸਾਰਾ ਯੂ ਪੀ ਹਰਿਆਣਾ ਤੇ ਰਾਜਸਥਾਨ, ਰਾਤੋ ਰਾਤ ਦਿੱਲੀ ਦੇ ਗਾਜੀਪੁਰ ਬਾਰਡਰ ‘ਤੇ ਪਹੁੰਚ ਗਏ, ਉਥੇ ਪੰਜਾਬ ਵਾਲੇ ਵੀ ਪਿੱਛੇ ਨਾ ਰਹੇ ।

ਪੰਜਾਬ ਦੀਆਂ 32 ਕਿਸਾਨ ਜਥੇਬੰਦੀਆ ਚ ਵਿਚਾਰਧਾਰਕ ਵਖਰੇਵਾਂ ਕਾਫੀ ਦੇਰ ਤੋ ਚਲਦਾ ਆ ਰਿਹਾ ਹੈ ਏਹੀ ਵੱਡਾ ਕਾਰਨ ਹੈ ਕਿ ਖੇਤੀ ਬਿੱਲਾਂ ਨੂੰ ਲੈ ਕੇ ਬੇਸ਼ੱਕ ਇਹਨਾਂ ਧੜਿਆਂ ਨੇ ਰਸਮੀ ਏਕਾ ਤਾਂ ਜਰੂਰ ਕਰ ਲਿਆ ਪਰ ਦਿਲੋ ਹਮੇਂਸਾ ਵੱਖ ਵੱਖ ਹੀ ਰਹੇ । ਏਕੇ ਦਾ ਫੱਟਾ ਲਗਾ ਕੇ ਜਿਨਾ ਚਿਰ ਇਹ ਜਥੇਬੰਦੀਆ ਅੰਦੋਲਨ ਚਲਾਉੰਦੀਆਂ ਰਹੀਆਂ, ਲੋਕ ਨਾਲ ਜੁੜਦੇ ਰਹੇ, ਸਹਿਯੋਗ ਦਿੰਦੇ ਰਹੇ, ਸਭ ਕੁੱਜ ਠੀਕ ਰਿਹਾ ਤੇ ਕੇਂਦਰ ਸਰਕਾਰ ‘ਤੇ ਦਬਾਅ ਵੀ ਬਣਦਾ ਰਿਹਾ।

ਇਹਨਾ ਜਥੇਬੰਦੀਆ ਵਿਚਲੀ ਆਪਸੀ ਫੁੱਟ ਦੀ ਅੱਗ ਸਮੇ ਸਮੇ ਕਿਸਾਨ ਅੰਦੋਲਨ ਦਰਮਿਆਨ ਵੀ ਭੜਕਦੀ ਰਹੀ ਹੈ । ਗਰਮ ਤੇ ਨਰਮ ਧੜਿਆਂ ਵਿਚਕਾਰ ਟਕਰਾਅ ਸਮੇਂ ਸਮੇਂ ਹੁੰਦਾ ਰਿਹਾ ਹੈ , ਪਰ ਗਣੀਮਤ ਇਹ ਰਹੀ ਕਿ ਇਸ ਦਾ ਅੰਦੋਲਨ ਤੇ ਕੋਈ ਬਹੁਤਾ ਮਾੜਾ ਅਸਰ ਨਹੀ ਪਿਆ, ਪਰ 26 ਜਨਵਰੀ ਤੋਂ ਬਾਅਦ ਜਿਥੇ ਕਿਸਾਨ ਸੰਘਰਸ਼ ਆਪਣੇ ਅਗਲੇ ਫੇਜ ਚ ਦਾਖਲ ਹੋ ਗਿਆ ਉਥੇ ਕਿਸਾਨ ਆਗੂ ਲੀਹੋ ਉਤਰਦੇ ਨਜਰ ਆਏ ।

ਬਲਵੀਰ ਸਿੰਘ ਰਾਜੇਵਾਲ ਬੇਸ਼ਕ ਹੰਢਿਆ ਹੋਇਆ ਸੂਢਵਾਨ ਕਿਸਾਨ ਆਗੂ ਹੈ, ਪਰ ਕਈ ਵਾਰ ਉਹ ਬਹੁਤ ਹੀ ਬੇਤੁਕੀਆ ਤੇ ਯੱਭਲੀਆਂ ਸਟੇਟਮੈਂਟਾ ਦੇ ਕੇ ਆਪ ਹੀ ਉਹਨਾਂ ਚ ਫਸਦਾ ਰਿਹਾ ਹੈ ਤੇ ਬਾਦ ਚ ਮੁਆਫੀ ਮੰਗ ਕੇ ਖੈਹੜਾ ਛੁਡਾਉਂਦਾ ਰਿਹਾ । ਉਸ ਦਾ ਇਹ ਵਰਤਾਰਾ ਕਿਸਾਨ ਅੰਦੋਲਨ ਵਿਚ ਵਾਰ ਵਾਰ ਸਾਹਮਣੇ ਆਉੰਦਾ ਰਿਹਾ । ਪਤਾ ਨਹੀ ਕੀ ਗੱਲ ਹੈ ਕਿ ਇਹ ਲੋਕ ਸਹੀ ਰਸਤੇ ਤੁਰਦੇ ਤੁਰਦੇ ਔਝੜੇ ਕਿਓਂ ਪੈ ਜਾਂਦੇ ਹਨ । ਆਪਣੇ ਅਸਲ ਨਿਸ਼ਾਨੇ ਨੁੰ ਭੁੱਲਕੇ ਇਕ ਦੂਸਰੇ ‘ਤੇ ਚਿੱਕੜ ਸੁੱਚਣ ਨੂੰ ਹੀ ਪਹਿਲ ਕਿਓਂ ਦੇਣ ਲਗਦੇ ਹਨ, ਇਕ ਦੂਸਰੇ ਨਾਲ ਕੁਕੜ ਖੋਹੀ ਕਿਓ ਕਰਨ ਲੱਗ ਜਾਂਦੇ ਹਨ ? ਇਹਨਾਂ ਦੀ ਇਕ ਦੂਸਰੇ ਵਿਰੁਧ ਕੀਤੀ ਗਈ ਇਲਜਾਮ ਤਰਾਸ਼ੀ ਨਾਲ ਵਿਰੋਧੀ ਧਿਰ ਨੂੰ ਕਿੰਨਾ ਵੱਡਾ ਫਾਇਦਾ ਹੁੰਦਾ ਹੈ, ਏਨੀ ਕੁ ਸਧਾਰਨ ਗੱਲ ਨੂੰ ਸਮਝਣ ਤੋ ਵੀ ਇਹਨਾ ਦੀ ਅਕਲ ਜਵਾਬ ਕਿਓਂ ਦੇ ਜਾਂਦੀ ਹੈ ।

ਸਿਆਣੇ ਕਹਿੰਦੇ ਹਨ ਕਿ ਆਪਣੇ ਮਿੱਥੇ ਹੋਏ ਉਦੇਸ਼ ਨੂੰ ਪਰਾਪਤ ਕਰਨ ਵਾਸਤੇ ਬਿਰਤੀਆ ਇਕਾਗਰ ਕਰਕੇ ਨੱਕ ਦੀ ਸੇਧੇ ਨਿਸ਼ਾਨੇ ਵੱਲ ਅੱਗੇ ਦਰ ਅਗੇਰੇ ਵਧਣਾ ਜਰੂਰੀ ਹੁੰਦਾ ਹੈ ਤੇ ਅਜਿਹਾ ਕਰਦੇ ਸਮੇ ਰਸ਼ਤੇ ਵਿਚ ਭੌਂਕ ਰਹੇ ਕੁਤਿਆ ਦੇ ਵੱਟੇ ਮਾਰਨ ਰੁਝ ਜਾਣ ਦਾ ਭਾਵ ਰਸਤੇ ਤੋ ਭਟਕ ਜਾਣਾ ਜਾਂ ਫਿਰ ਮੰਜਿਲ ਤੋਂ ਥਿਰਕ ਜਾਣਾ ਹੁੰਦਾ ਹੈ । ਮਹਾਂਭਾਰਤ ਦੇ ਅਰਜਨ ਦਾ ਧਿਆਨ ਮੱਛੀ ਦੀ ਅੱਖ ‘ਤੇ ਨਾ ਹੁੰਦਾ ਤਾਂ ਨਿਸ਼ਾਨਾ ਕਦੇ ਵੀ ਥਾਂ ਸਿਰ ਨਾ ਲੱਗਦਾ । ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵੀ ਉਦੇਸ ਦੀ ਪੂਰਤੀ ਲਈ ਧਿਆਨ ਦਾ ਇਕਾਗਰ ਹੋਣਾ ਜਰੂਰੀ ਤੇ ਪਹਿਲੀ ਸ਼ਰਤ ਹੁੰਦਾ ਹੈ, ਪਰ ਕਿਸਾਨ ਅੰਦੋਲਨ ਦੇ ਮਾਮਲੇ ਚ ਵੱਖ ਵੱਖ ਕਿਸਾਨ ਨੇਤਾ ਜੋ ਆਪੋ ਆਪਣੀਆਂ ਗਾਜਰਾਂ ਮੂਲੀਆ ਵੇਚ ਰਹੇ ਹਨ ਜਾਂ ਆਪੋ ਆਪਣੀ ਡੱਫਲੀ ਤੇ ਆਪੋ ਆਪਣਾ ਰਾਗ ਅਲਾਪ ਰਹੇ ਹਨ, ਇਸ ਤਰਾਂ ਦੇ ਵਰਤਾਰੇ ਨਾਲ ਉਹਨਾਂ ਦੀ ਮਾਨਸਿਕ ਭਟਕਣ ਦਾ ਅੰਦਾਜਾ ਤਾਂ ਸਹਿਜੇ ਹੀ ਲੱਗ ਜਾਂਦਾ ਹੈ, ਪਰ ਇਸ ਗੱਲ ਦੀ ਸਮਝ ਨਹੀ ਆਉਂਦੀ ਕਿ ਕੀ ਇਹਨਾਂ ਨੂੰ ਏਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਉਹ ਜਿੱਤੀ ਹੋਈ ਬਾਜੀ ਹਾਰਨ ਦੀ ਜਮੀਨ ਤਿਆਰ ਕਰ ਰਹੇ ਹਨ । ਸ਼ਾਇਦ ਇਸ ਪੱਖੋ ਸ਼ਾਹ ਮੁਹੰਮਦ ਨੇ ਸੱਚ ਹੀ ਆਖਿਆ ਸੀ ਕਿ “ਫੌਜਾਂ ਜਿੱਤ ਕੇ ਆਖਿਰ ਨੂੰ ਹਾਰੀਆਂ ਨੇ।” ਹੁਣਦੇ ਹਾਲਾਤ ਦੇਖ ਕੇ ਇੰਜ ਲਗਦਾ ਹੈ ਕਿ ਜਿਵੇਂ ਕਿਸਾਨ ਅੰਦੋਲਨ ਚ ਅੱਜ ਵੀ ਡੋਗਰਿਆ ਦੀ ਫੌਜ ਸਰਪਟ ਦੌੜ ਰਹੀ ਹੋਵੇ । ਪੂਰੀ ਤਰਾਂ ਭਖੇ ਹੋਏ ਸੰਘਰਸ਼ ਦੋਰਾਨ ਇਹਨਾ ਦਾ ਆਪਸੀ ਕਾਟੋ ਕਲੇਸ਼ ਚਲਦਾ ਦੇਖ ਕੇ ਤੇ ਛਿੱਤਰੀ ਦਾਲ ਵਰਤੀਂਦੀ ਦੇਖ ਕੇ ਬਹੁਤ ਦੁੱਖ ਵੀ ਹੁੰਦਾ ਹੈ ਤੇ ਅਫਸੋਸ਼ ਵੀ । ਆਪਣੇ ਅਸਲ ਨਿਸ਼ਾਨੇ, ਖੇਤੀ ਬਿੱਲਾਂ ਦੀ ਬਰਖਾਸਤਗੀ ਕਰਾਉਣ ਦੀ ਬਜਾਏ ਇਹ ਆਪੋ ਆਪਣੀ ਹਾਊਮੇ ਨੂੰ ਪੱਠੇ ਪਾਉਣ ਚ ਰੁਝਦੇ ਜਾ ਰਹੇ ਹਨ । ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇਕਰ 26 ਜਨਵਰੀ ਵਾਲੇ ਦਿਨ ਰਕੇਸ਼ ਟਿਕੈਟ ਅੱਗੇ ਨਾ ਆਉਂਦਾ ਤਾਂ 26 ਜਨਵਰੀ ਦੀ ਰਾਤ ਤੇ 27 ਜਨਵਰੀ ਦੀ ਸਵੇਰ ਇਕ ਹੋਰ ਨਵੰਬਰ 1984 ਵਰਗਾ ਕਤਲੇਆਮ ਹੋਣ ਵਾਲਾ ਸੀ । ਪਤਾ ਨਹੀਂ ਇਹਨਾ ਨੂੰ ਅਕਲ ਕਦ ਆਊ ।

ਰੱਬ ਦੇ ਵਾਸਤੇ ! ਇਹਨਾ ਨੂੰ ਕੋਈ ਸਮਝਾਓ, ਕਿ ਪਹਿਲਾਂ ਮੋਰਚਾ ਫਤਿਹ ਕਰ ਲੈਣ, ਫੇਰ ਬੇਸ਼ੱਕ ਆਪਸ ਵਿਚ ਜੀਂਡੋ ਜੀਂਡੀ ਹੋਣ, ਪੱਗੋ ਲੱਥੀ ਹੋਣ ਜਾਂ ਇਕ ਦੂਜੇ ਦੀਆਂ ਦਾਹੜੀਆਂ ਖੋਹਣ, ਪਰ ਇਹਨਾਂ ਅੱਗੇ ਹਅੜਾ ਹੈ ਇਸ ਵੇਲੇ ਪੂਰੀ ਤਰਾਂ ਮਘੇ ਹੋਏ ਜਨ ਅੰਦੋਲਨ ਚ ਕਾਂਜੀ ਘੋਹਲਣ ਦੀ ਗੁਸਤਾਖੀ ਨਾ ਕਰਨ । ਯਾਦ ਰੱਖਣ ਕਿ ਇਹ ਅੰਦੋਲਨ ਹੁਣ ਆਨ, ਬਾਨ, ਸ਼ਾਨ ਤੇ ਸਮੁੱਚੀ ਹੋਂਦ ਦੀ ਲੜਾਈ ਹੈ । ਜੇਕਰ ਹਾਰ ਗਏ ਤਾਂ ਜੀਊਂਦੇ ਜੀਅ ਮਰਨ ਹੋ ਜਾਵੇਗਾ । ਸ਼ੋਸ਼ਲ ਮੀਡੀਏ ‘ਤੇ ਵੀ ਇਕ ਦੂਸਰੇ ਦੀ ਮਿੱਟੀ ਪੁੱਟਣ ਵਾਲੇ ਬਾਜ ਆਉਣ ।

ਇਸ ਵੇਲੇ ਆਪਣਾ ਸਾਰਾ ਧਿਆਨ ਸਿਰਫ ਮੋਰਚੇ ਦੀ ਸਫਲਤਾ ਵੱਲ ਲਾਉਣ ਦੀ ਜਰੂਰਤ ਹੈ , ਇਕ ਦੂਜੇ ਦਾ ਵਿਰੋਧ ਕਰਨ ਦੀ ਨਹੀ, ਇਹ ਕੰਮ ਤਾਂ ਬਾਅਦ ਚ ਵੀ ਹੋ ਸਕਦਾ ਹੈ । ਇਸ ਵੇਲੇ ਪਹਿਲ ਆਪਣੀ ਹੋਂਦ ਬਚਾਉਣ ਨੂੰ ਦੇਣ ਦੀ ਲੋੜ ਹੈ । ਏਹੀ ਸਮੇ ਦੀ ਮੰਗ ਹੈ ਤੇ ਇਕ ਵਾਰ ਖੁੰਜਿਆ ਸਮਾਂ ਕਦੇ ਵੀ ਹੱਥ ਨਹੀ ਆਉਂਦਾ । ਪੂਰੀ ਆਸ ਹੈ ਕਿ ਸਭ ਇਕ ਦੂਜੇ ਦਾ ਨਿੱਜੀ ਵਿਰੋਧ ਕਰਨ ਦੀ ਬਜਾਏ ਕਿਰਤੀ ਕਿਸਾਨ ਸੰਘਰਸ਼ ਦੀ ਸਫਲਤਾ ਵੱਲ ਧਿਆਨ ਕੇਂਦਰਤ ਕਰਨਗੇ ।

-ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
03/02/2021

Previous articleNAPM Solidarity with the Indigenous Youth Initiatives in Assam to uphold people’s rights and conserve Kaziranga’s biodiversity
Next articlePakistan record consolation win over SA in rain-hit 3rd T20I