ਕਿਸਾਨ ਅੰਦੋਲਨ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾਵੇ: ਆਨੰਦ ਸ਼ਰਮਾ

ਨਵੀਂ ਦਿੱਲੀ (ਸਮਾਜ ਵੀਕਲੀ) : ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਨੇ ਅੱਜ ਕਿਹਾ ਹੈ ਕਿ ਸੁਧਾਰਾਂ ਨਾਲ ਜੁੜੇ ਕਦਮ ਕੌਮੀ ਪੱਧਰ ’ਤੇ ਸਹਿਮਤੀ ਬਣਾ ਕੇ ਉਠਾਏ ਜਾਣੇ ਚਾਹੀਦੇ ਹਨ ਅਤੇ ਮੌਜੂਦਾ ਸਮੇਂ ’ਚ ਚੱਲ ਰਹੇ ਕਿਸਾਨ ਅੰਦੋਲਨ ਦੇ ਮਾਮਲੇ ’ਚ ਸਰਕਾਰ ਨੂੰ ਗੱਲਬਾਤ ਰਾਹੀਂ ਹੱਲ ਕੱਢਣਾ ਚਾਹੀਦਾ ਹੈ।

ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਕਿਸਾਨਾਂ ਦੇ ਮੌਜੂਦਾ ਅੰਦੋਲਨ ਨੂੰ ਹੱਲ ਕਰਨ ਲਈ ਮੁੱਖ ਮੰਤਰੀਆਂ ਦੀ ਸਹਾਇਤਾ ਲਵੇ। ਫਿੱਕੀ ਦੀ ਸਾਲਾਨਾ ਮੀਟਿੰਗ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਉਨ੍ਹਾਂ ਸਰਕਾਰ ਨੂੰ ਕਿਹਾ ਕਿ ਉਹ ਕਰੋਨਾਵਾਇਰਸ ਮਹਾਮਾਰੀ ਤੋਂ ਪ੍ਰਭਾਵਿਤ ਸਾਰੇ ਵਰਗਾਂ ਨੂੰ ਮਾਲੀ ਸਹਾਇਤਾ ਦੇਣ ’ਚ ਵਧੇਰੇ ਨਰਮੀ ਦਿਖਾਵੇ।

ਉਨ੍ਹਾਂ ਕਿਹਾ,‘‘ਅਸੀਂ ਦੇਖ ਰਹੇ ਹਾਂ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਹਨ। ਸੁਧਾਰ ਹਿੱਸੇਦਾਰੀ ਦੇ ਆਧਾਰ ’ਤੇ ਹੋਣੇ ਚਾਹੀਦੇ ਹਨ ਨਾ ਕਿ ਇਕਤਰਫ਼ਾ ਹੋਣ। ਇਸ ਬਾਰੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ। ਕੁਝ ਵੀ ਜਲਦਬਾਜ਼ੀ ’ਚ ਅਤੇ ਸਹਿਮਤੀ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ ਹੈ। ਅਜਿਹਾ ਕਰਨ ਦਾ ਅਸੀਂ ਨਤੀਜਾ ਦੇਖ ਰਹੇ ਹਾਂ। ਅੰਦੋਲਨ ਹੋ ਰਹੇ ਹਨ, ਟਕਰਾਅ ਹਨ ਅਤੇ ਭਰੋਸੇ ਦੀ ਘਾਟ ਹੈ।’’

ਉਨ੍ਹਾਂ ਕਿਹਾ ਕਿ ਇਕ ਮੁਲਕ ਵਜੋਂ ਇਕਜੁੱਟ ਹੋ ਕੇ ਸੰਕਟ ਨੂੰ ਖ਼ਤਮ ਕਰਨਾ ਚਾਹੀਦਾ ਹੈ। ਰਾਜ ਸਭਾ ’ਚ ਕਾਂਗਰਸ ਦੇ ਉਪ ਨੇਤਾ ਨੇ ਅਮਰੀਕਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਥੋਂ ਦੇ ਸੁਪਰੀਮ ਕੋਰਟ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਚੋਣਾਂ ਨਾਲ ਜੁੜੀ ਕੁੜੱਤਣ ਖ਼ਤਮ ਹੋ ਗਈ। ਉਨ੍ਹਾਂ ਕਿਹਾ ਕਿ ਭਾਰਤ ’ਚ ਨਿਆਂਪਾਲਿਕਾ ਆਜ਼ਾਦ ਹੈ ਅਤੇ ਸੁਪਰੀਮ ਕੋਰਟ ਦਾ ਇਹ ਸੰਵਿਧਾਨਕ ਫਰਜ਼ ਹੈ ਕਿ ਉਹ ਸੰਵਿਧਾਨ ਨੂੰ ਬਹਾਲ ਰੱਖੇ।

Previous articleਯੋਗੇਂਦਰ ਯਾਦਵ ਦੀ ਅਗਵਾਈ ਹੇਠ ਜੈਸਿੰਘਪੁਰ-ਖੇੜਾ ਬਾਰਡਰ ’ਤੇ ਵਰਤ ਰੱਖਿਆ
Next articleਯੂਪੀ: ਕਿਸਾਨਾਂ ਦੇ ਹੱਕ ’ਚ ‘ਸਪਾ’ ਵਰਕਰ ਪੁਲੀਸ ਨਾਲ ਭਿੜੇ