ਕਿਸਾਨ ਅੰਦੋਲਨ: ਦਸਹਿਰੇ ’ਤੇ ਐਤਕੀਂ ਚੜ੍ਹੇਗਾ ਸੰਘਰਸ਼ੀ ਰੰਗ

ਬਠਿੰਡਾ (ਸਮਾਜ ਵੀਕਲੀ) : ਪੰਜਾਬ ’ਚ ਐਤਕੀਂ ਖੇਤੀ ਕਾਨੂੰਨਾਂ ਖ਼ਿਲਾਫ਼ ਬਣੇ ਮਾਹੌਲ ਕਰ ਕੇ ਦਸਹਿਰੇ ਦੇ ਤਿਉਹਾਰ ’ਤੇ ਸੰਘਰਸ਼ੀ ਜਲੌਅ ਦਿਖੇਗਾ। ਪਹਿਲੀ ਵਾਰ ਇੰਝ ਹੋਵੇਗਾ ਕਿ ਸ਼ਹਿਰੀ ਮੈਦਾਨਾਂ ’ਚ ਕੇਂਦਰ ਸਰਕਾਰ ਤੇ ਕਾਰਪੋਰੇਟਾਂ ਦੇ ਦਿਓ ਕੱਦ ਪੁਤਲੇ ਫੂਕੇ ਜਾਣਗੇ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਹੁਣ ਪੰਜਾਬ ਦੇ ਸ਼ਹਿਰਾਂ ਦੀ ਜੂਹ ’ਚ ਦਾਖ਼ਲ ਹੋਵੇਗਾ।

ਕਿਸਾਨ ਧਿਰਾਂ ਵੱਲੋਂ ਪੰਜਾਬ ਦੇ ਇੱਕ ਹਜ਼ਾਰ ਪਿੰਡਾਂ ਅਤੇ 40 ਵੱਡੇ ਸ਼ਹਿਰਾਂ ਵਿਚ ਦਸਹਿਰੇ ਮੌਕੇ ਕਾਰਪੋਰੇਟਾਂ, ਵਿਦੇਸ਼ੀ ਕੰਪਨੀਆਂ ਅਤੇ ਭਾਜਪਾ ਦੀ ‘ਤਿੱਕੜੀ’ ਦੇ ਦਿਓ ਕੱਦ ਬੁੱਤਾਂ ਨੂੰ ਸਾੜਿਆ ਜਾਵੇਗਾ। ਬੀਕੇਯੂ (ਉਗਰਾਹਾਂ) ਵੱਲੋਂ ਪੰਜਾਬ ਦੇ 14 ਜ਼ਿਲ੍ਹਿਆਂ ਦੇ 40 ਸ਼ਹਿਰਾਂ ਵਿਚ ਦਸਹਿਰੇ ਮੌਕੇ ਨਿਵੇਕਲੇ ਢੰਗ ਨਾਲ ਬੁੱਤਾਂ ਨੂੰ ਸਾੜਿਆ ਜਾਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਾਝੇ ਅਤੇ ਦੋਆਬੇ ਦੇ ਕਰੀਬ ਇੱਕ ਹਜ਼ਾਰ ਪਿੰਡਾਂ ਵਿਚ ਕਾਰਪੋਰੇਟਾਂ ਅਤੇ ਮੋਦੀ ਸਰਕਾਰ ਦੇ ਪੁਤਲੇ ਦਸਹਿਰੇ ਮੌਕੇ ਸਾੜੇ ਜਾਣਗੇ।

ਅੱਜ ਕਿਸਾਨ ਧਿਰਾਂ ਨੇ ਨਵਾਂ ਪੈਤੜਾ ਅਖ਼ਤਿਆਰ ਕੀਤਾ ਹੈ ਜਿਸ ਤਹਿਤ ਪ੍ਰਾਈਵੇਟ ਬਣਵਾਲਾ ਥਰਮਲ ਪਲਾਂਟ ਦੇ ਐਨ ਨੇੜੇ ਰੇਲਵੇ ਮਾਰਗ ’ਤੇ ਧਰਨਾ ਮਾਰਿਆ ਗਿਆ ਹੈ ਤਾਂ ਜੋ ਨਿਰੋਲ ਰੂਪ ਵਿਚ ਇਸ ਥਰਮਲ ਨੂੰ ਕੋਲੇ ਦੀ ਸਪਲਾਈ ਬੰਦ ਰੱਖੀ ਜਾ ਸਕੇ। ਰਾਜਪੁਰਾ ਥਰਮਲ ਪਲਾਂਟ ਕੋਲ ਰੇਲ ਮਾਰਗ ’ਤੇ ਕਿਸਾਨ ਭਲਕੇ ਧਰਨਾ ਮਾਰਨਗੇ। ਮੋਗਾ ਵਿਚ ਅੱਜ ਕਿਸਾਨਾਂ ਨੇ ਅਡਾਨੀ ਦੇ ਸਾਇਲੋ ਪਲਾਂਟ ’ਚੋਂ ਅਨਾਜ ਦੀ ਭਰੀ ਮਾਲ ਗੱਡੀ ਰੋਕ ਲਈ ਤੇ ਪੁਲੀਸ ਦੀ ਹਾਜ਼ਰੀ ਵਿਚ ਇਕੱਲੇ ਇੰਜਣ ਨੂੰ ਜਾਣ ਲਈ ਹਰੀ ਝੰਡੀ ਦਿੱਤੀ।

ਵੇਰਵਿਆਂ ਮੁਤਾਬਕ ਮੋਗਾ ਦੇ ਰੇਲਵੇ ਸਟੇਸ਼ਨ ’ਤੇ ਰੇਲਵੇ ਅਧਿਕਾਰੀ ਨੇ ਬਿਜਲੀ-ਪਾਣੀ ਵੀ ਕੱਟ ਦਿੱਤਾ ਸੀ ਜਿਸ ’ਤੇ ਕਿਸਾਨਾਂ ਨੇ ਰੋਸ ਜ਼ਾਹਿਰ ਕੀਤਾ। ਬੀਕੇਯੂ (ਉਗਰਾਹਾਂ) ਨੇ ਇਕੱਲੇ ਜਨਤਕ ਸੈਕਟਰ ਦੇ ਥਰਮਲਾਂ ਨੂੰ ਚਲਾਉਣ ਲਈ ਨਵੀਂ ਰਣਨੀਤੀ ਘੜੀ ਹੈ। ਪੰਜਾਬ ਵਿਚ ਤੀਹ ਕਿਸਾਨ ਧਿਰਾਂ ਦੀ ਸਾਂਝੀ ਮੁਹਿੰਮ ਤਹਿਤ ਭਾਜਪਾ ਆਗੂਆਂ ਦੀ ਘੇਰਾਬੰਦੀ ਤੋਂ ਇਲਾਵਾ ਟੌਲ ਪਲਾਜ਼ਿਆਂ, ਰਿਲਾਇੰਸ ਦੇ ਪੰਪਾਂ ਅਤੇ ਸ਼ਾਪਿੰਗ ਮਾਲਜ਼ ਦਾ ਘਿਰਾਓ ਜਾਰੀ ਹੈ।

ਇਨ੍ਹਾਂ ਧਿਰਾਂ ਵੱਲੋਂ ਪਿੰਡਾਂ ਵਿਚ ਵੀ ਦਸਹਿਰੇ ਮੌਕੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣੇ ਹਨ। ਦਸਹਿਰੇ ਦਾ ਤਿਉਹਾਰ ਕਿਸਾਨ ਧਿਰਾਂ ਦੀ ਪਰਖ਼ ਹੋਵੇਗਾ ਜਿਸ ਤੋਂ ਸ਼ਹਿਰੀ ਲੋਕਾਂ ਦੇ ਹੁੰਗਾਰੇ ਦਾ ਪਤਾ ਲੱਗੇਗਾ। ਪੰਜਾਬ-ਹਰਿਆਣਾ ਸਰਹੱਦ ’ਤੇ ਮੰਡੀ ਕਿੱਲਿਆਂ ਵਾਲੀ ਵਿਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਦਸਹਿਰੇ ਮੌਕੇ ਵੱਡਾ ਸੰਘਰਸ਼ੀ ਪ੍ਰੋਗਰਾਮ ਉਲੀਕਿਆ ਗਿਆ ਹੈ। ਕਿਸਾਨ ਧਿਰਾਂ ਨੇ ਸ਼ਹਿਰੀ ਲੋਕਾਂ ਦੀ ਸ਼ਮੂਲੀਅਤ ਵੇਖਣ ਲਈ ਸ਼ਹਿਰਾਂ ਵਿਚ ਦਸਹਿਰੇ ਮੌਕੇ ਪ੍ਰੋਗਰਾਮ ਰੱਖੇ ਹਨ।

ਕੇਂਦਰ ਸਰਕਾਰ ਦੀ ਨਜ਼ਰ ਵੀ ਦਸਹਿਰੇ ਦੇ ਪ੍ਰੋਗਰਾਮਾਂ ’ਤੇ ਲੱਗੀ ਹੋਈ ਹੈ ਤਾਂ ਜੋ ਇਹ ਜਾਣਿਆ ਜਾ ਸਕੇ ਕਿ ਸ਼ਹਿਰੀ ਲੋਕ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਕਿੰਨੀ ਕੁ ਗਿਣਤੀ ਵਿਚ ਨਿੱਤਰਦੇ ਹਨ। ਬੀਕੇਯੂ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਦਸਹਿਰੇ ਮੌਕੇ ਬਠਿੰਡਾ ਦੇ 8, ਸੰਗਰੂਰ ਦੇ 9, ਮਾਨਸਾ ਦੇ 3, ਮੋਗਾ ਦੇ 4, ਬਰਨਾਲਾ ਦੇ 2, ਪਟਿਆਲਾ ਦੇ 3, ਅੰਮ੍ਰਿਤਸਰ ਦੇ 3, ਮੁਕਤਸਰ ਸਾਹਿਬ ਦੇ 2, ਫਰੀਦਕੋਟ, ਫਾਜ਼ਿਲਕਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ 1-1 ਸ਼ਹਿਰੀ ਕੇਂਦਰਾਂ ਵਿੱਚ ਪੁਤਲੇ ਸਾੜੇ ਜਾਣਗੇ।

ਆਗੂਆਂ ਨੇ ਦੱਸਿਆ ਕਿ 5 ਨਵੰਬਰ ਨੂੰ ਮੁਲਕ ਵਿਆਪੀ ਚੱਕਾ ਜਾਮ ਦੇ ਸੱਦੇ ਨੂੰ ਵੀ ਉਹ ਆਪਣੇ ਆਜ਼ਾਦ ਐਕਸ਼ਨ ਰਾਹੀਂ ਸਫ਼ਲ ਬਣਾਉਣਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦੋ ਦਿਨਾਂ ਤੋਂ ਪ੍ਰਧਾਨ ਮੰਤਰੀ ਅਤੇ ਜੋਟੀਦਾਰਾਂ ਦੇ ਦਿਓ ਕੱਦ ਪੁਤਲੇ ਤਿਆਰ ਕੀਤੇ ਜਾ ਰਹੇ ਹਨ। ਬਹੁਤੇ ਪਿੰਡਾਂ ਵਿਚ ਇਹ ਪੁਤਲੇ ਲਗਾ ਵੀ ਦਿੱਤੇ ਗਏ ਹਨ। ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾਂ, ਸਵਿੰਦਰ ਸਿੰਘ ਚੁਤਾਲਾ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਸਰਵਣ ਸਿੰਘ ਕਪੂਰਥਲਾ ਨੇ ਕਿਹਾ ਕਿ ਕਿਸਾਨ ਆਗੂਆਂ ਨੇ ਵੱਖ-ਵੱਖ ਥਾਵਾਂ ’ਤੇ ਧਰਨਿਆਂ ਨੂੰ ਸੰਬੋਧਨ ਕੀਤਾ।

ਸੰਘਰਸ਼ ਕਮੇਟੀ ਦਾ ਅੱਜ ਰੇਲ ਟਰੈਕ ਦੇਵੀਦਾਸਪੁਰਾ (ਅੰਮ੍ਰਿਤਸਰ) ਉਤੇ 30ਵੇਂ ਦਿਨ ਮੋਰਚਾ ਜਾਰੀ ਰਿਹਾ। ਪੰਨੂ ਨੇ ਦੱਸਿਆ ਕਿ 25 ਅਕਤੂਬਰ ਦੀ ਤਿਆਰੀ ਜ਼ੋਰਾਂ ਨਾਲ ਚੱਲ ਰਹੀ ਹੈ ਅਤੇ ਦਸਹਿਰੇ ਵਾਲੇ ਦਿਨ ਇੱਕੋ ਵੇਲੇ ਬੁੱਤ ਸਾੜ ਕੇ ਕੇਂਦਰ ਸਰਕਾਰ ਨੂੰ ਹਲੂਣਾ ਦਿੱਤਾ ਜਾਵੇਗਾ।

Previous articleBuilders to be blacklisted for delay in construction: HRERA
Next articleਧਾਰਾ 370 ਤੇ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ: ਮੋਦੀ