(ਸਮਾਜ ਵੀਕਲੀ)- ਪਿਛਲੇ ਪੰਜ ਮਹੀਨੇ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਇਸ ਵੇਲੇ ਜਨ ਅੰਦੋਲਨ ਬਣ ਚੁੱਕਾ ਹੈ । ਇਸ ਅੰਦੋਲਨ ਨੂੰ ਅਸਫਲ ਕਰਨ ਵਾਸਤੇ ਚੱਲੀਆਂ ਗਈਆ ਸਭ ਚਾਲਾਂ ਹੁਣ ਤੱਕ ਮਾਤ ਹੀ ਪੈਂਦੀਆ ਰਹੀਆ ਹਨ ਜਿਸ ਕਰਕੇ ਇਹ ਅੰਦੋਲਨ ਭਾਰਤ ਦੀ ਫਿਰਕੂ ਸਰਕਾਰ ਦੀਆਂ ਅੱਖਾਂ ਚ ਕੰਡਾ ਬਣਕੇ ਰੜਕ ਰਿਹਾ ਹੈ ।
ਅਸੀਂ ਜਾਣਦੇ ਹਾਂ ਕਿ ਜਦ ਫਿਰਕੂ ਲੋਕ ਬੁਖਲਾਹਟ ਚ ਆਉਂਦੇ ਹਨ ਤਾਂ ਉਹ ਆਪਣੀ ਬੁਖਲਾਹਟ ਉਕੇ ਕਾਬੂ ਪਾਉਣ ਵਾਸਤੇ ਫਿਰਕੂ ਪੱਤਾ ਵਰਤਦੇ ਹਨ । 26 ਜਨਵਰੀ ਤੋ ਬਾਅਦ ਏਹੀ ਕੁਜ ਸਾਹਮਣੇ ਆ ਰਿਹਾ ਹੈ । ਫੌਜੀ ਪਰੇਡ ਦੇ ਮੁਕਾਬਲੇ ਕਿਸਾਨ ਪਰੇਡ ਜਾਂ ਕਹਿ ਲਓ ਕਿ “ਜੈ ਜਵਾਨ , ਜੈਕਿਸਾਨ” ਦਾ ਸੁਮੇਲ ਇਹਨਾ ਫਿਰਕੂਆ ਨੂੰ ਹਜਮ ਨਹੀ ਹੋ ਰਿਹਾ । ਏਹੀ ਕਾਰਨ ਹੈ ਕਿ ਤਿਰੰਗੇ ਦੇ ਅਪਮਾਨ ਦਾ ਬਹਾਨਾ ਬਣਾ ਕੇ ਦੇਸ਼ ਵਿਚ ਫਿਰਕਾ ਪ੍ਰਸਤੀ ਦੀ ਅੱਗ ਭੜਕਾਉਣ ਦੀਆ ਕੋਝੀਆ ਕੋਸ਼ਿਸ਼ਾ ਹੋ ਰਹੀਆ ਹਨ । ਭਾਵੇਂ ਕਿ ਇਹ ਕੋਸ਼ਿਸ਼ਾਂ ਕਿਸਾਨਾ ਨੂੰ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ, ਨਕਸਲੀ ਤੇ ਮਾਓਵਾਦੀ ਆਦਿ ਦੇ ਲੇਬਲ ਦੇ ਕੇ ਕਾਫੀ ਦੇਰ ਤੋ ਕੀਤੀਆਂ ਜਾ ਰਹੀਆਂ ਹਨ ਪਰ 26 ਜਨਵਰੀ ਵਾਲੇ ਦਿਨ ਤੋ ਇਹ ਕੋਸ਼ਿਸ਼ਾਂ ਬੜੇ ਯੋਜਨਾਬੱਧ ਢੰਗ ਨਾਲ ਹੋਰ ਵੀ ਤੇਜ ਕਰ ਦਿੱਤੀਆ ਗਈਆ ਹਨ ।
ਫਿਰਕੂ ਟੋਲਾ ਪੁਲਿਸ ਵਰਦੀਆ ਚ ਸਰਗਰਮ ਹੈ । ਪੁਲਿਸਤੰਤਰ ਉਹਨਾ ਅੱਗੇ ਤਮਾਸ਼ਬੀਨ ਬਣਿਆ ਨਜਰ ਆ ਰਿਹਾ ਹੈ । ਇਥੇ ਹੀ ਬੱਸ ਨਹੀਂ ਇਹ ਸਰਕਾਰੀ ਪੁਸਤ ਪਨਾਹੀ ਵਾਲਾ ਫਿਰਕੂ ਟੋਲਾ ਕੋਈ ਵੀ ਫਿਰਕੂ ਕਾਰਵਾਈ ਕਰਨ ਤੋ ਪਹਿਲਾਂ ਪੁਲਿਸ ਅਧਿਕਾਰੀਆ ਨਾਲ ਹੱਥ ਮਿਲਾਕੇ ਉਹਨਾਂ ਤੋ ਸਹਿਯੋਗ ਵੀ ਲੈਂਦਾ ਹੈ । ਸਿੰਘੂ, ਗਾਜੀਪੁਰ, ਟਿੱਕਰੀ ਤੇ ਕੁੰਡਲੀ ‘ਤੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਉਤੇ ਕੀਤੇ ਗਏ ਫਿਰਰੂ ਹਮਲੇ ਤੇ ਹਿੰਸਾ ਦੀਆ ਵਾਰਦਾਤਾਂ ਸਰਕਾਰੀਤੰਤਰ ਦੀ ਮੌਜੂਦਗੀ ਵਿਚ ਹਿੰਸਾਂ ਦਾ ਨੰਗਾ ਨਾਚ ਪੇਸ਼ ਕਰ ਰਹੀਆ ਹਨ, ਜਿਹਨਾ ਨੂੰ ਦੇਖ ਕੇ ਨਵੰਬਰ 1984 ਦੇ ਸਿੱਖ ਕਤਲੇਆਮ ਦਾ ਸੀਨ ਅੱਖਾ ਅੱਗੇ ਇਕ ਵਾਰ ਫਿਰ ਤੋਂ ਘੁੰਮ ਜਾਂਦਾ ਹੈ । ਓਹੀ ਫਿਰਕੂ ਨਾਅਰੇ “ਗੋਲੀ ਮਾਰੋ ਸਰਦਾਰ ਕੋ, ਦੇਸ਼ ਕੇ ਗੱਦਾਰ ਕੋ”, ਓਹੀ ਪਥਰਾਓ, ਡਾਂਗਾਂ ਸੋਟੇ, ਪੈਟਰੋਲ ਬੰਬ ਤੇ ਓਹੀ ਫਿਰਕੂ ਲੋਕ ਦੇਖ ਕੇ ਇਕ ਵਾਰ ਫੇਰ ਰੂਹ ਕੰਬ ਜਾਂਦੀ ਹੈ, ਪਰ ਅਗਲੇ ਹੀ ਪਲ ਸੋਚਦਾ ਹਾਂ ਕਿ ਨਹੀ 21ਵੀਂ ਸਦੀ ਚ ਹੁਣ ਦੁਬਾਰਾ ਇਹ ਨਹੀ ਹੋ ਸਕਦਾ , 1984 ਵੇਲੇ ਸ਼ੋਸ਼ਲ ਮੀਡੀਆ ਨਹੀ ਸੀ, ਇਸ ਸਮੇ ਸ਼ੋਸ਼ਲ ਮੀਡੀਆ ਲੋਕਾਂ ਦੀ ਵੱਡੀ ਪਾਵਰ ਹੈ ਜੋ ਦੂਸਰੇ ਸਭ ਤਰਾਂ ਦੇ ਪੱਖਪਾਤੀ ਮੀਡੀਏ ਨਾਲੋ ਵਧੇਰੇ ਤਾਕਤਵਰ ਹੈ, ਇਸ ਰਾਹੀਂ ਖ਼ਬਰ ਜੰਜਾਲ਼ ਅੱਗ ਨਾਲ਼ੋਂ ਵਧੇਰੇ ਤੇਜ਼ੀ ਨਾਲ ਫੈਲਦੀ ਹੈ,ਪਰ ਫਿਰ ਅਗਲੇ ਪਲ ਇਹ ਵੀ ਸੋਚਦਾ ਹਾਂ ਕਿ ਉਸ ਵੇਲੇ ਕਰਫਿਊ ਲਗਾ ਕੇ ਲੋਕਾਂ ਨੂੰ ਘਰਾ ਚ ਡੱਕ ਕੇ ਉਹਨਾਂ ਜੁਬਾਨਬੰਦੀ ਕਰ ਦਿੱਤੀ ਜਾਂਦੀ ਸੀ ਤੇ ਇਸ ਵੇਲੇ ਇੰਟਰਨੈੱਟ ਸੇਵਾ ਡਾਊਨ ਕਰਕੇ ਲੋਕਾਂ ਦਾ ਪੂਰੀ ਦੁਨੀਆ ਨਾਲੋਂ ਨਾਤਾ ਤੋੜ ਦੇਣਾਂ ਤਾਂ ਕਰਫਿਊ ਨਾਲੋਂ ਵੀ ਅਸਾਨ ਤੇ ਖ਼ਤਰਨਾਕ ਹੈ ਤੇ ਫਿਰਕੂ ਸਰਕਾਰ ਇਸ ਦੀ ਵਰਤੋ ਕਰ ਵੀ ਰਹੀ ਹੈ । ਪਿਛਲੇ ਕਈ ਦਿਨਾਂ ਤੋ ਹਰਿਆਣੇ ਦੇ ਕਈ ਸ਼ਹਿਰਾਂ ਚ ਇੰਟਰਨੈਟ ਸੇਵਾ ਸਰਕਾਰ ਵੱਲੋਂ ਠੱਪ ਕੀਤੀ ਹੋਈ ਹੈ ।
ਦਿੱਲੀ ਦੇ ਬਾਰਡਰਾਂ ‘ਤੇ ਆਪਣੀਆ ਜਾਇਜ ਮੰਗਾ ਦੇ ਹੱਕ ਚ ਡਟੇ ਕਿਸਾਨਾ ਉਤੇ ਫਿਰਕੂ ਹਿੰਸਾ ਕਰਨ, ਸਰਕਾਰ ਵਲੋ ਉਹਨਾ ਦੇ ਆਗੂਆ ਉਤੇ ਪਰਚੇ ਦਰਜ ਕਰਨ ਤੇ ਤਿੰਨ ਕੁ ਹਜਾਰ ਦੇ ਲਗਭਗ ਨੌਜਵਾਨਾ ਨੂੰ ਦਿੱਲੀ ਦੀਆ ਜੇਹਲਾਂ ਵਿੱਚ ਚੌਰੀ ਛਿਪੇ ਢੰਗ ਨਾਲ ਬੰਦ ਕਰਨ ਤੋ ਬਾਅਦ ਕੇਦਰ ਸਰਕਾਰ ਹੁਣ ਕਿਸਾਨ ਅੰਦੋਲਨ ਨੂੰ ਲੈ ਕੇ ਪੂਰੇ ਮੁਲਕ ਵਿਚ ਫਿਰਕੂ ਲਾਂਬੂ ਲਾਉਣ ਦੀ ਯੋਜਨਾ ਬਣਾ ਰਹੀ ਹੈ । ਅਜ ਲੁਧਿਆਣੇ ਚ ਭਾਜਪਾਈਆਂ ਵਲੋ ਫਿਰਕੂ ਮੁਜਾਹਰਾ ਕੱਢਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਪੰਜਾਬ ਪੁਲਿਸ ਨੇ ਥਾਏਂ ਹੀ ਰੋਕ ਦਿੱਤਾ । ਇਸੇ ਤਰਾਂ ਹੋਰ ਸ਼ਹਿਰਾਂ ਚ ਵਿੱਚ ਵੀ ਫਿਰਕੂ ਅੱਗ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆ ਜਾ ਰਹੀਆ ਹਨ । ਭਾਜਪਾਈ ਨੇਤਾ ਅੱਗ ਲਾਊ ਬਿਆਨ ਦੇ ਰਹੇ ਹਨ । ਸ਼ੋਸ਼ਲ ਮੀਡੀਏ ਉਤੇ ਕਿਸਾਨਾ ਵਿਰੁਧ ਪਰਚਾਰ ਕਰਨ ਚ ਤੇਜੀ ਆਈ ਹੈ ।
ਗੱਲ ਕੀ ਕਿ ਹੁਣ ਕਿਸਾਨ ਅੰਦੋਲਨ ਨੂੰ ਹਿੰਦੂ ਤੇ ਸਿੱਖ ਅੰਦੋਲਨ ਦੇ ਨਾਲ ਨਾਲ ਸਿਆਸੀ ਅੰਦੋਲਨ ਚ ਬਦਲਣ ਦੀਆ ਕੋਸ਼ਿਸ਼ਾਂ ਕੀਤੀਆ ਜਾ ਰਹੀਆਂ ਹਨ ਜਿਹਨਾ ਤੋਂ ਕਿਸਾਨ ਆਗੂਆ ਨੂੰ ਤੇ ਕਿਸਾਨ ਅੰਦੋਲਨਕਾਰੀਆ ਨੂੰ ਬਹੁਤ ਹੀ ਚੌਕੰਨੇ ਰਹਿਣਾ ਪਵੇਗਾ । ਸਰਕਾਰੀ ਸ਼ਹਿ ਪਰਾਪਤ ਫਿਰਕੂਆਂ ਵੱਲੋਂ ਅੰਦੋਲਨਕਾਰੀਆਂ ਨੂੰ ਵੱਖ ਵੱਖ ਢੰਗਾਂ ਨਾਲ ਭੜਕਾਇਆ ਜਾਵੇਗਾ ਪਰ ਅੰਦੋਲਨਕਾਰੀਆਂ ਨੇ ਸ਼ਾਂਤੀ ਬਣਾਈ ਰੱਖਣੀ ਹੈ, ਜੇਕਰ ਉਹਨਾ ਉੱਤੇ ਕੋਈ ਹਿੰਸਾ ਕਰਦਾ ਹੈ ਤਾਂ ਹਮਲਾਵਰ ਹੋਣ ਦੀ ਬਜਾਏ ਆਪਣੀ ਰੱਖਿਆ ਨੂੰ ਪਹਿਲ ਦੇਣੀ ਚਾਹੀਦੀ ਹੈ । ਯਾਦ ਰੱਖਣਾ ਹੋਵੇਗਾ ਕਿ ਸਰਕਾਰੀ ਪ੍ਰਚਾਰ ਤੰਤਰ ਸਿਰਫ ਕਿਸਾਨ ਅੰਦੋਲਨ ਦੀਆਂ ਗਲਤੀਆਂ ਦੀ ਪੇਸ਼ਕਾਰੀ ਕਰਨ ਵਾਸਤੇ ਹੀ ਸਰਗਰਮ ਹੈ, ਉਹਨਾ ਲੋਕਾਂ ਨੂੰ ਕਿਸਾਨਾ ਵੱਲੋਂ ਕੀਤੇ ਜਾ ਰਹੇ ਚੰਗੇ ਕਾਰਜਾਂ ਨਾਲ ਬਿਲਕੁਲ ਵੀ ਕੋਈ ਸਰੋਕਾਰ ਨਹੀਂ ਬਲਕਿ ਉਹ ਅਜਿਹੇ ਕਾਰਜਾਂ ਨੂੰ ਪਿਕਨਿਕ ਤੇ ਐਨ ਪ੍ਰਸਤੀ ਵਜੋਂ ਹੀ ਪੇਸ਼ ਕਰੇਗਾ । ਸੋ ਅੰਦੋਲਨ ਦਾ ਇਹ ਪੜਾਅ ਜਿਸ ਨੂੰ 26 ਜਨਵਰੀ ਵਾਲੇ ਦਿਨ ਫਿਰਕੂ ਤਾਕਤਾਂ ਕਾਰਨ ਥੋੜਾ ਧੱਕਾ ਜ਼ਰੂਰ ਲੱਗਾ ਸੀ, ਪਰ ਸ਼ੁਕਰ ਹੈ ਕਿ ਰਾਕੇਸ਼ ਟਿਕੈਟ ਦੇ ਸਹੀ ਸਮੇਂ ਲਏ ਗਏ ਸਹੀ ਫ਼ੈਸਲੇ ਨਾਲ ਅੰਦੋਲਨ ਮੁੜ ਪੈਰੀਂ ਖੜ ਗਿਆ ਹੈ ਤੇ ਹੁਣ ਇਸ ਨੂੰ ਕਿਸੇ ਵੀ ਤਰਾਂ ਦੀ ਆੰਚ ਨਾ ਆਵੇ ਇਸ ਗੱਲ ਨੂੰ ਪੱਕਾ ਆਪਾਂ ਸਭਨਾ ਨੇ ਆਪੋ ਆਪਣਾ ਸਹਿਯੋਗ ਦੇ ਕੇ ਕਰਨਾ ਹੈ । ਰਹੀ ਗੱਲ, ਫਿਰਕੂ ਸਰਕਾਰ ਦੇ ਫਿਰਕੂ ਪੱਤੇ ਦੀ, ਉਸ ਬਾਰੇ ਏਨਾ ਹੀ ਕਹਿਣਾ ਬਣਦਾ ਹੈ ਕਿ ਭਾਵੇਂ ਇਹ ਖੇਡ ਹੁਣ ਬਹੁਤ ਪੁਰਾਣਾ ਹੋ ਚੁੱਕਾ ਹੈ ਤੇ ਲੋਕਾਂ ਨੂੰ ਇਸ ਦਾ ਪਤਾ ਲੱਗ ਚੁੱਕਾ ਹੈ ਪਰ ਤਦ ਵੀ ਇਸ ਪੱਖੋਂ ਅਵੇਸਲੇ ਹੋਣ ਦੀ ਬਜਾਏ ਕਿਸਾਨਾ ਨੂੰ ਆਪਣੀ ਵੱਡੀ ਤਿਆਰੀ ਰੱਖਣੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਹੁਣ ਭਾਜਪਾ ਸਰਕਾਰ ਕੋਲ ਏਹੀ ਇਕ ਹਥਿਆਰ ਹੈ ਜਿਸ ਦੀ ਵਰਤੋ ਵਾਰ ਵਾਰ ਕਰਕੇ ਸਰਕਾਰ ਅੰਦੋਲਨ ਦੀ ਦਿਸ਼ਾ ਬਦਲਣ ਦੀ ਕੋਸ਼ਿਸ਼ ਕਰੇਗੀ ਤੇ ਇਸ ਨੂੰ ਇਕ ਫਿਰਕੂ ਅੰਦੋਲਨ ਜਾਂ ਸਿਆਸੀ ਅੰਦੋਲਨ ਵਜੋਂ ਬਦਨਾਮ ਕਰਕੇ ਖਤਮ ਕਰਨ ਦੀ ਪੂਰੀ ਵਾਹ ਟਿੱਲ ਲਗਾਏਗੀ । ਬੇਸ਼ੱਕ ਕਿਸਾਨਾ ਦਾ ਪਹਿਲਾ ਹੀ ਬਹੁਤ ਵੱਡਾ ਇਮਤਿਹਾਨ ਹੋ ਰਿਹਾ ਹੈ, ਪਰ ਹੁਣ ਇਹ ਗੱਲ ਵੀ ਦਿਲੋ ਦਿਮਾਗ ਚ ਬਿਠਾ ਕਿ ਰੱਖਣੀ ਹੋਵੇਗੀ ਕਿ ਅਸਲ ਇਮਤਿਹਾਨ ਤਾਂ ਹੁਣ ਸ਼ੁਰੂ ਹੋਇਆ ਹੈ, ਪਹਿਲਾਂ ਤਾਂ ਸਿਰਫ ਟ੍ਰੇਲਰ ਹੀ ਚੱਲ ਰਿਹਾ ਸੀ । ਜੇਕਰ ਕਿਤੇ ਪੰਜਾਬ ਦੀਆ ਸਮੂਹ ਕਿਸਾਨ ਜਥੇਬੰਦੀਆ ਇਸ ਸਮੇਂ ਆਪਣੇ ਆਪ ਨੂੰ ਇਕ ਝੰਡੇ ਹੇਠ ਸੰਗਠਿਤ ਕਰ ਲੈਣ ਤਾਂ ਇਹ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋਵੇਗੀ । ਮੇਰਾ ਮੰਨਣਾ ਹੈ ਕਿ ਇਸ ਤਰਾਂ ਸੰਘਰਸ਼ ਨੂੰ ਮਜ਼ਬੂਤੀ ਵੀ ਮਿਲੇਗੀ ਤੇ ਮੋਰਚਾ ਫ਼ਤਿਹ ਕਰਨ ਦਾ ਰਸਤਾ ਵੀ ਅਸਾਨ ਹੋ ਜਾਵੇਗਾ ।