ਕਿਸਾਨ ਅੰਦੋਲਨ – ਇਸ ਵੇਲੇ ਜੋਸ਼ ਤੇ ਹੋਸ਼ ਦੀ ਸਹੀ ਵਰਤੋਂ ਦੀ ਸਮਾਂ

(ਸਮਾਜ ਵੀਕਲੀ)

ਅੱਜ 26 ਜਨਵਰੀ ‘ਤੇ ਵਿਸ਼ੇਸ਼

ਅੱਜ 26 ਜਨਵਰੀ ਹੈ, ਇਹ ਉਹ ਦਿਨ ਹੈ ਜਿਸ ਦਿਨ 1950 ਚ ਦੇਸ਼ ਦਾ ਸੰਵਿਧਾਨ ਵਾਂਗੂ ਹੋਇਆ ਸੀ, ਇਹ ਉਹ ਦਿਨ ਵੀ ਜਿਸ ਪਹਿਲੀ ਵਾਰ 1952 ਚ ਇਸੇ ਦਿਨ ਫ਼ੌਜੀ ਮਾਰਚ ਦੀ ਬਜਾਏ ਟ੍ਰੈਕਟਰ ਮਾਰਚ ਕੀਤਾ ਗਿਆ ਸੀ ਜੋ ਬਾਦ ਵਿੱਚ ਹਥਿਆਰ ਪ੍ਰਦਰਸ਼ਨੀ ਮਾਰਚ ਬਣਾ ਦਿੱਤਾ ਗਿਆ।

ਅੱਜ ਦਾ ਦਿਨ ਸੰਘਰਸ਼ ਕਰ ਰਹੇ ਕਿਰਤੀ ਕਿਸਾਨਾ ਵਾਸਤੇ ਬਹੁਤ ਹੀ ਮਹੱਤਵ ਪੂਰਨ ਹੈ । ਪੂਰੇ ਦੇਸ਼ ਭਰ ਚੋਂ ਆਪਣੇ ਹੱਕਾਂ ਦੀ ਮੰਗ ਵਾਸਤੇ ਦਿੱਲੀ ਦੇ ਚੁਗਿਰਦੇ ਨੂੰ ਘੇਰਾ ਘੱਤੀ ਬੈਠੇ ਇਹਨਾ ਅੰਨਦਾਤਿਆਂ ਦਾ ਅੱਜ ਵੱਡਾ ਇਮਤਿਹਾਨ ਹੋਵੇਗਾ । ਬੇਸ਼ੱਕ ਪਿਛਲੇ ਕਈ ਮਹੀਨਿਆਂ ਤੋਂ ਭਾਰਤ ਸਰਕਾਰ ਉਹਨਾਂ ਦਾ ਸਬਰ ਪਰਖ ਰਹੀ ਹੈ ਪਰ ਅੱਜ ਦੇ ਦਿਨ ਸਬਰ ਦੇ ਨਾਲ ਨਾਲ ਕਿਰਤੀ ਕਿਸਾਨ ਨੂੰ ਆਪਣੇ ਅਨੁਸ਼ਾਸਨ, ਸ਼ਹਿਣਸ਼ੀਲਤਾ, ਤਹਿਜ਼ੀਬ ਅਤੇ ਸ਼ਿਸ਼ਟਾਚਾਰ ਦਾ ਵੀ ਇਮਤਿਹਾਨ ਦੇਣਾ ਪਵੇਗਾ ।

ਟ੍ਰੈਕਟਰ ਮਾਰਚ ਉੱਤੇ ਪੂਰੀ ਦੁਨੀਆ ਦੀਆ ਨਜ਼ਰਾਂ ਟਿਕੀਆਂ ਹੋਈਆ ਹਨ । ਇਸ ਦੀ ਕਵਰੇਜ ਵਾਸਤੇ ਦੁਨੀਆ ਦੇ ਹਜ਼ਾਰ ਕੁ ਮੁਲਕਾਂ ਦੇ ਨਾਮੀ ਗਰਾਮਾਂ ਪੱਤਰਕਾਰ ਪਹੁੰਚ ਚੁੱਕੇ ਹਨ ।
ਕਿਰਤੀ ਕਿਸਾਨਾ ਨੇ ਇਸ ਸਮੇਂ ਜਿੱਥੇ ਆਪਣੀ ਸੁਰੱਖਿਆ ਦਾ ਆਪ ਖਿਆਲ ਰੱਖਣਾ ਹੈ, ਉੱਥੇ ਇਸ ਦੇ ਨਾਲ ਹੀ ਜੋਸ਼ ਤੇ ਹੋਸ਼ ਦਾ ਸਮੀਕਰਨ ਵੀ ਬਣਾ ਕੇ ਰੱਖਣਾ ਹੋਵੇਗਾ । ਨੌਜਵਾਨਾਂ ਨੂੰ ਆਪਣੇ ਬਜ਼ੁਰਗ ਆਗੂਆ ਦੀ ਗੱਲ ਇਕ ਚੰਗੇ ਤੇ ਆਗਆਕਾਰੀ ਪੁੱਤਰਾਂ ਦੀ ਤਰਾਂ ਮੰਨਣੀ ਪਵੇਗੀ ।

ਅੱਜ ਦਾ ਦਿਨ ਹੂੜ ਮੱਤ ਕਰਨ ਦਾ ਨਹੀਂ । ਇਸ ਤਰਾਂ ਕਰਨ ਵਾਸਤੇ ਹੋਰ ਬਹੁਤ ਮੌਕੇ ਮਿਲ ਜਾਣਗੇ, ਪਰ ਧਿਆਨ ਰੱਖਣਾ ਕਿ ਜੇਕਰ ਕਿਸੇ ਦੀ ਗਲਤੀ ਨਾਲ ਇਸ ਸੰਘਰਸ਼ ਨੂੰ ਆਂਚ ਆਉਂਦੀ ਹੈ ਤਾਂ ਫਿਰ ਉਹ ਸਾਰੇ ਕਿਰਤੀ ਤੇ ਕਿਸਾਨ ਭਾਈਚਾਰੇ ਨੂੰ ਹੀ ਬਹੁਤ ਮਹਿੰਗੀ ਪੈ ਸਕਦੀ ਹੈ ।

ਇਸ ਸਮੇਂ ਆਪਣੇ ਸਾਰੇ ਗਿਲੇ ਸ਼ਿਕਵੇ ਤੇ ਕਿੰਤੂ ਪਰੰਤੂ ਇਕ ਪਾਸੇ ਰੱਖਕੇ ਸੰਘਰਸ਼ ਦੀ ਫ਼ਤਿਹ ਵੱਲ ਵਧਣ ਨੂੰ ਹੀ ਇੱਕੋ ਇਕ ਨਿਸ਼ਾਨਾ ਮਿਥਣਾ ਪਵੇਗਾ । ਅਗਵਾਈ ਬਜ਼ੁਰਗ ਆਗੂਆਂ ਦੀ ਤੇ ਬੈਕਅੱਪ ਨੌਜਵਾਨਾਂ ਦੀ, ਇਸ ਸੰਘਰਸ਼ ਨੂੰ ਜਿੱਤ ਦੀ ਬੁਲੰਦੀ ਦੇ ਰਸਤੇ ਪਾਏਗੀ, ਪਰ ਜੇਕਰ ਗੱਭਰੂ ਆਪ ਮੁਹਾਰੇ ਹੋ ਤੁਰੇ ਤਾਂ ਪ੍ਰਾਪਤੀ ਕੁੱਜ ਵੀ ਨਹੀਂ ਹੋਵੇਗੀ ਤੇ ਤੋਏ ਤੋਏ ਸਾਰੇ ਜੱਗ ਵਿੱਚ ਹੋਵੇਗੀ ।

ਵੇਲਾ ਹਰ ਕਦਮ ਫੂਕ ਫੂਕ ਕੇ ਰੱਖਣ ਦਾ ਹੈ ਕਿਉਂਕਿ ਦੁਸ਼ਮਣ ਮੌਕੇ ਦੀ ਤਾੜ ਵਿੱਚ ਹੈ ਕਿ ਕਦੋਂ ਕੋਈ ਗਲਤੀ ਹੋਵੇ ਤੇ ਉਹ ਮੌਕੇ ਦਾ ਫ਼ਾਇਦਾ ਉਠਾਵੇ । ਸਰਕਾਰੀ ਏਜੰਸੀਆਂ ਦਾ ਹਰ ਪਾਲੇ ਜਾਲ ਵਿੱਛਿਆ ਹੋਇਆ ਹੈ । ਗੋਦੀ ਤੇ ਵਿਕਾਊ ਮੀਡੀਆ ਪੱਬਾਂ ਭਾਰ ਹੈ ਕਿ ਕਦ ਉਹਨਾ ਨੂੰ ਕੋਈ ਅਜਿਹੀ ਖ਼ਬਰ ਮਿਲੇ ਜਿਸ ਨੂੰ ਪੂਰੇ ਮਜੇ ਮਸਾਲੇ ਨਾਲ ਪੇਸ਼ ਕਰਨ ਤੇ ਕਿਸਾਨ ਸੰਘਰਸ਼ ਦੀ ਮਿੱਟੀ ਪੁਲੀਤ ਕਰਨ । ਸੋ ਇਸ ਵਕਤ ਅੰਦੋਲਨਕਾਰੀਆਂ ਨੂੰ ਕੋਈ ਵੀ ਕਦਮ ਚੁੱਕਣ ਤੋ ਪਹਿਲਾ ਸੌ ਵਾਰ ਸੋਚਣ ਦੀ ਲੋੜ ਹੈ ।

ਜਿੱਥੋਂ ਤੱਕ ਟ੍ਰੈਕਟਰ ਮਾਰਚ ਜੀ ਗੱਲ ਹੈ । ਇਸ ਨੂੰ ਪੂਰੀ ਤਰਾਂ ਇਤਿਹਾਸਕ ਬਣਾਉਣ ਵਾਸਤੇ ਬਹੁਤ ਮਿਹਨਤ ਕਰਨੀ ਪਵੇਗੀ । ਟਰਾਟੈਕਟਰਾਂ ਤੇ ਚੈੱਕ ਲਗਾ ਕੇ ਫੁਕਰਾਪੰਥੀ ਕਰਨ ਦੀ ਇਸ ਵਕਤ ਬਿਲਕੁਲ ਵੀ ਲੋੜ ਨਹੀਂ ਕਿਉਂਕਿ ਇਹ ਰੋਸ ਮਾਰਚ ਹੈ ਨਾ ਕਿ ਜਸ਼ਨ ਮਾਰਚ !

ਟਰੈਕਟਰਾਂ ਦਾ ਆਪਸੀ ਫ਼ਾਸਲਾ ਤੇ ਰਫ਼ਤਾਰ ਇੱਕੋ ਜਿਹੀ ਹੋਵੇ । ਇਕ ਟ੍ਰੈਕਟਰ ਉੱਤੇ ਜੇਕਰ ਚਾਰ ਜਣਿਆ ਦੇ ਬੈਠਣ ਦੀ ਜਗਾ ਹੈ ਤਾਂ ਸਿਰਫ ਚਾਰ ਜਣੇ ਹੀ ਬੈਠਣ ਖਾਹਮੁਖਾਹ ਮੱਡਗਾਰਡਾਂ ‘ਤੇ ਬੈਠਣ ਤੋ ਪਰਹੇਜ਼ ਕੀਤਾ ਜਾਵੇ । ਪੁਲਿਸ ਵੱਲੋਂ ਦਿੱਤੀਆਂ ਹਿਦਾਇਤਾਂ ਦਾ ਪਾਲਣ ਕੀਤਾ ਜਾਵੇ, ਮਾਰਚ ਦੌਰਾਨ ਸ਼ਾਂਤ ਰਿਹਾ ਜਾਵੇ ਤੇ ਕਿਸੇ ਵੀ ਤਰਾਂ ਦੀ ਹੁੱਲੜਬਾਜ਼ੀ ਜਾਂ ਖਰੂਦ ਮਚਾਉਣ ਤੋਂ ਬਚਿਆ ਜਾਵੇ । ਜੋ ਲੋਕ ਜਾਂ ਰਾਹੀਗੀਰ ਟ੍ਰੈਕਟਰ ਮਾਰਚ ਦਾ ਹਿੱਸਾ ਨਹੀਂ ਹਨ ਉਹਨਾਂ ਨਾਲ ਆਦਰ ਭਾਵ ਵਾਲਾ ਸਲੂਕ ਕੀਤਾ ਜਾਵੇ । ਕਿਸੇ ਵੀ ਸ਼ੱਕੀ ਜਾਂ ਓਪਰੇ ਵਿਅਕਤੀ ਦੀਆ ਗਤੀਵਿਧੀਆਂ ਉੱਤੇ ਸਖ਼ਤ ਨਜ਼ਰ ਰੱਖੀ ਜਾਵੇ । ਨਾਹਰੇਬਾਜ਼ੀ ਤੋ ਗੁਰੇਜ਼ ਕੀਤਾ ਜਾਵੇ ਜੇਕਰ ਨਾਅਰੇ ਲਗਾਉਣੇ ਹੀ ਹਨ ਤਾਂ ਉਹ ਫਿਰਕੂ ਤੇ ਮਜ਼੍ਹਬੀ ਨਾ ਹੋਣ ਜਾਂ ਫਿਰ ਭੜਕਾਊ ਕਿਸਮ ਦੇ ਨਾ ਹੋਣ ।

ਕਿਰਤੀ ਕਿਸਾਨੋ ! ਤੁਸੀਂ ਧਨ ਹੋ । ਤੁਸੀ ਅੰਨਦਾਤੇ ਹੋ , ਸੱਪਾਂ ਦੀਆਂ ਸਿਰੀਆਂ ਮਿੱਧ ਕੇ ਦੇਸ਼ ਦੀ ਜਨਤਾ ਦਾ ਢਿੱਡ ਭਰਦੇ ਹੋ, ਪਿਛਲੇ ਦੋ ਮਹੀਨਿਆਂ ਤੋ ਕੋਰੇ , ਕੱਕਰ ਤੇ ਠੱਕਰ ਝਾਂਜੇ ਨੂੰ ਆਪਣੇ ਪਿੰਡੇ ‘ਤੇ ਹੰਢਾ ਰਹੇ ਹੋ , ਪਰ ਫਿਰ ਵੀ ਤੁਹਾਡਾ ਜੋਸ਼ ਦਿਨੋ ਦਿਨ ਹੋਰ ਪਰਚੰਡ ਹੁੰਦਾ ਜਾ ਰਿਹਾ ਹੈ । ਤੁਸੀਂ ਇਸ ਵੇਲੇ ਜਿੱਤ ਦੇ ਬਹੁਤ ਕੁਰੀਬ ਹੋ, ਸਰਕਾਰ ਬੇਸ਼ੱਕ ਨਿਰਕੁੰਸ਼, ਨਿਰਦਈ, ਜਾਲਮ ਤੇ ਹੈਂਕੜਬਾਜ ਹੈ, ਪਰ ਅੰਦਰੋਂ ਤੁਹਾਡੇ ਜੋਸ਼ ਸਾਹਮਣੇ ਟੁੱਟ ਚੁੱਕੀ ਹੈ, ਬਿਖਰ ਚੁੱਕੀ ਹੈ ਤੇ ਨੈਤਿਕ ਹਾਰ ਕਬੂਲ ਚੁੱਕੀ ਹੈ । ਤੁਹਾਡੇ ਸੰਯੁਕਤ ਅੰਦੋਲਨ ਕਾਰਨ ਸਰਕਾਰ ਨੂੰ ਹੁਣ ਆਪਣਾ ਅੰਤ ਨਜ਼ਰ ਆ ਰਿਹਾ ਹੈ ਤੇ ਸਰਕਾਰ ਦੀ ਬੁਖਲਾਹਟ ਇਹ ਗੱਲ ਵਾਰ ਵਾਰ ਦੱਸ ਰਹੀ ਹੈ । ਸਰਕਾਰ ਦੀਆਂ ਗਿੱਦੜ ਭਬਕੀਆਂ, ਧਮਕੀਆਂ, ਏਜੰਸੀਆਂ ਦੀ ਵਰਤੋਂ ਆਦਿ ਵੀ ਸਭ ਕੁੱਜ ਏਹੀ ਦੱਸ ਰਿਹਾ ਹੈ ਕਿ ਇਸ ਵੇਲੇ ਸਰਕਾਰ ਅੰਦਰੋਂ ਟੁੱਟ ਚੁੱਕੀ ਹੈ ।

ਸੋ ਡਟੇ ਰਹੋ , ਜਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਰਹੋ । ਏਕਾ ਰੱਖੋ, ਸਟੇਜਾਂ ਦੇ ਟਾਇਮ ਨੂੰ ਲੈ ਕੇ ਹੂ ਹੱਲਾ ਨਾ ਕਰੋ, ਇਕ ਦੂਸਰੇ ਵਿਰੁੱਧ ਬਿਆਨਬਾਜੀ ਨਾ ਕਰੋ, ਜੇਕਰ ਕੋਈ ਆਗੂ ਕੋਈ ਅਜਿਹਾ ਬਿਆਨ ਜਾਂ ਟਿੱਪਣੀ ਦੇਂਦਾ ਹੈ ਜੋ ਕਿਸੇ ਤਰਾਂ ਇਤਰਾਜਯੋਗ ਹੋਵੇ ਤਾਂ ਉਸ ਆਗੂ ਦੇ ਵਿਰੁੱਧ ਸਿੱਧਾ ਫਰੰਟ ਖੋਹਲਣ ਦੀ ਬਜਾਏ, ਅੰਦਰ ਬੈਠ ਕੇ ਠੰਢੇ ਮਨ ਨਾਲ ਮਿਲਕੇ ਪਹਿਲਾਂ ਵਿਚਾਰ ਕਰੋ ਤੇ ਫਿਰ ਸਭ ਦੀ ਰਾਇ ਮੁਤਾਬਿਕ ਪ੍ਰਤੀਕਰਮ ਕਰੋ । ਇਕ ਗੱਲ ਸਮਝ ਲਓ ਕਿ ਇਹ ਯੁੱਗ ਹੁਣ ਹੱਥ ਤੇ ਹਥਿਆਰ ਦਾ ਨਹੀਂ, ਡਾਂਗ ਸੋਟਾ, ਤਲਵਾਰ ਤੇ ਨੇਜ਼ੇ ਭਾਲਿਆਂ ਨਾਲ ਪ੍ਰਾਪਤੀ ਕਰਨ ਦਾ ਜ਼ਮਾਨਾ ਬਹੁਤ ਦੇਰ ਦਾ ਲੱਦ ਗਿਆ ਹੈ । ਜ਼ੁਬਾਨ ਦੀ ਬਹੁਤੀ ਵਰਤੋ ਵੀ ਹੁਣ ਨੁਕਸਾਨ ਹੀ ਕਰਾਉਂਦੀ ਹੈ । ਇਸ ਵਕਤ ਸਮਾਂ ਹੈ ਵਿਚਾਰ, ਤਕਨੀਕ, ਕੂਟਨੀਤੀ ਤੇ ਦਿਰੜ ਇਰਾਦੇ ਦਾ । ਜਿਸ ਧਿਰ ਜਾਂ ਵਿਅਕਤੀ ਦੇ ਕੋਲ ਇਹਨਾਂ ਚੌਂਹਾਂ ਦਾ ਸੰਗਮ ਹੈ, ਉਸ ਦੀ ਹਰ ਮੈਦਾਨ ਫ਼ਤਿਹ ਹੈ । ਕਿਸਾਨ ਆਗੂ ਇਹਨਾਂ ਉਕਤ ਚੌਂਹਾਂ ਗੁਣਾ ਦੇ ਸੁਮੇਲ ਨਾਲ ਬਹੁਤ ਹੀ ਸੁਲ਼ਝੇ ਹੋਏ ਢੰਗ ਨਾਲ ਹੁਣ ਤੱਕ ਮੋਰਚਾ ਸੰਭਾਲ਼ਦੇ ਆ ਰਹੇ ਹਨ । ਸੋ ਸਮੂਹ ਸੰਘਰਸ਼ਕਾਰੀਆ ਨੂੰ ਉਹਨਾ ‘ਤੇ ਪੂਰਨ ਭਰੋਸਾ ਕਰਦਿਆਂ ਉਹਨਾ ਦੀ ਹਰ ਗੱਲ ਮੰਨਣੀ ਚਾਹੀਦੀ ਹੈ ।

ਸੋ ਜਿੱਤ ਨੂੰ ਯਕੀਨੀ ਬਣਾਉਣ ਵਾਸਤੇ ਉਕਤ ਵਰਣਿਤ ਕੁੱਜ ਕੁ ਨੁਕਤੇ ਕਾਫ਼ੀ ਸਹਾਇਕ ਹੋ ਸਕਦੇ ਹਨ ਜਿਹਨਾ ‘ਤੇ ਵਿਚਾਰ ਕਰਨਾ ਇਸ ਵੇਲੇ ਸਮੇਂ ਦੀ ਮੰਗ ਹੈ । ਮੁੱਕਦੀ ਗੱਲ ਇਹ ਕਿ ਜੋਸ਼ ਤੇ ਹੋਸ਼ ਦਾ ਇਸ ਵੇਲੇ ਸੰਗਮ ਬਣਿਆ ਹੈ ਜਿਸ ਦੀ ਵਰਤੋ ਬਹੁਤ ਹੀ ਸਮਝਦਾਰੀ ਨਾਲ ਕੀਤੇ ਜਾਣ ਦੀ ਲੋੜ ਹੈ, ਇਸ ਵਕਤ ਬਿਨਾ ਵਜ੍ਹਾ ਆਟਾ ਖਿਲਾਰਨ ਜਾਂ ਰਾਇਤਾ ਫੈਲਾਉਣ ਦੀਆ ਹਰਕਤਾਂ ਕਰਨਾ ਕਿਰਤੀ ਕਿਸਾਨ ਮੋਰਚੇ ਨੂੰ ਸਿੱਧੇ ਤੌਰ ‘ਤੇ ਢਾਹ ਲਾਉਣਾ ਹੈ, ਜਿਸ ਤੋ ਪੂਰੀ ਤਰਾਂ ਬਚਣ ਦੀ ਲੋੜ ਹੈ। ਇਸ ਦੇ ਨਾਲ ਹੀ ਪੰਜਾਬੀ ਮੀਡੀਏ ਦੀ ਵੀ ਵੱਡੀ ਜ਼ੁੰਮੇਵਾਰੀ ਬਣਦੀ ਹੈ ਕਿ ਟੀ ਆਰ ਪੀ ਵੱਲ ਭੱਜਣ ਦੀ ਬਜਾਏ ਇਮਾਨਦਾਰੀ ਨਾਲ ਪੱਤਰਕਾਰੀ ਕਰਦੇ ਹੋਏ ਸਿਰਫ ਤੇ ਸਿਰਫ ਤੱਥਾਂ ‘ਤੇ ਅਧਾਰਤ ਸੱਚ ਦੀ ਪੇਸ਼ਕਾਰੀ ਹੀ ਕਰਨ ।

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
26/01/2021

ਭਾਗ – 2

ਅੱਜ ਸਵੇਰੇ ਹੀ ਮੈ ਲਿਖਿਆ ਸੀ ਕਿ ਕਿਸਾਨ ਅੰਦੋਲਨ ਇਸ ਵੇਲੇ ਬੜੇ ਨਾਜੁਕ ਦੌਰ ਵਿੱਚੋਂ ਵਿਚਰ ਰਿਹਾ ਹੈ, ਕਿਸਾਨ ਨੇਤਾਵਾਂ ਸਮੇਤ ਸਮੂਹ ਅੰਦੋਲਨਕਾਰੀਆਂ ਨੂੰ ਹਰ ਕਦਮ ਬਹੁਤ ਹੀ ਇਹਤਿਆਤ ਨਾਲ ਫੂਕ ਫੂਕ ਕੇ ਚੁੱਕਣ ਦੀ ਲੋੜ ਹੈ ।

ਦੇਸ਼ ਦਾ 72ਵਾਂ ਗਣਤੰਤਰ ਬਹੁਤ ਚੰਗੀ ਤਰਾਂ ਦੇਖਣ ਤੋਂ ਬਾਅਦ ਅੱਜ ਪਹਿਲੀ ਵਾਰ ਇਸ ਦਾ ਜਾਹੋ ਜਲੌਅ ਫਿੱਕਾ ਪੈਂਦਾ ਨਜ਼ਰ ਆਇਆ । ਪੂਰੇ 12 ਘੰਟੇ ਦਿੱਲੀ ਦਾ ਨਜ਼ਾਰਾ ਦੇਖਣ ਤੋ ਬਾਦ ਬਹੁਤ ਕੁੱਜ ਮਹਿਸੂਸ ਹੋਇਆ । ਕਿਸਾਨਾ ਤੇ ਪੁਲਿਸ ਵਿਚਕਾਰ ਹੋਈਆ ਝੜਪਾਂ ਤੇ ਕਈ ਕਿਸਾਨਾ ਦੀ ਹੋਈ ਮੌਤ ਨਾਲ ਮਨ ਬਹੁਤ ਦੁਖੀ ਹੋਇਆ ਪਰ ਇਹ ਵੀ ਸੱਚ ਹੈ ਕਿ ਏਡੇ ਵੱਡੇ ਇਕੱਠਾਂ ਵਿੱਚ ਇਸ ਤਰਾਂ ਦੀਆ ਘਟਨਾਵਾਂ ਦਾ ਵਾਪਰ ਜਾਣਾ ਕੋਈ ਅਲੋਕਾਰੀ ਜਾਂ ਫੇਰ ਗ਼ੈਰ ਕੁਦਰਤੀ ਵਰਤਾਰਾ ਵੀ ਨਹੀਂ ਹੁੰਦਾ ।

ਦਿੱਲੀ ਦੀ ਗਣਤੰਤਰ ਦਿਵਸ ਪਰੇਡ ਚ ਕਿਸਾਨ ਮਾਰਚ ਤਾਂ 1952 ਵਿੱਚ ਵੀ ਹੋਇਆ ਸੀ ਪਰ 1947 ਤੋ ਬਾਅਦ ਇਹ ਪਹਿਲਾ ਮੌਕਾ ਰਿਹਾ ਜਦੋਂ ਕਿਸਾਨਾ ਵੱਲੋਂ ਆਪਣੀਆ ਹੱਕੀ ਮੰਗਾ ਨੂੰ ਲੈ ਕੇ ਦਿੱਲੀ ਦੀ ਪਿਛਲੇ ਦੋ ਮਹੀਨੇ ਤੋਂ ਘੇਰਾਬੰਦੀ ਕਰਨ ਤੋਂ ਬਾਦ ਅੰਦੋਲਨ ਬਹੁਤ ਹੀ ਤੀਬਰਤਾ ਤੇ ਤੀਖਣਤਾ ਨਾਲ ਫੈਲਿਆ ਤੇ ਇਤਿਹਾਸਕ ਪੈੜਾਂ ਪਾਉਣ ਦੇ ਨਾਲ ਨਾਲ ਹੀ ਦੇਸ਼ ਦੇ ਹਰ ਵਰਗ ਦੇ ਸ਼ਹਿਰੀਆ ਵਿੱਚ ਨਵੇਂ ਅਹਿਸਾਸ ਦਾ ਸੰਚਾਰ ਕਰ ਗਿਆ ।

ਅੱਜ ਦੇ ਟ੍ਰੈਕਟਰ ਮਾਰਚ ਨੂੰ ਬੇਸ਼ੱਕ ਮੀਡੀਏ ਨੇ ਕਵਰੇਜ ਨਾ ਦੇ ਕੇ ਲ਼ੋਕਾਂ ਦੀਆ ਨਜ਼ਰਾਂ ਤੋਂ ਪਰੇ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਪਰ ਨਾ ਹੀ ਸੱਚ ਤੇ ਨਾ ਹੀ ਸੂਰਜ ਨੂੰ ਬੁੱਕਲ਼ ਚ ਲਕੋਇਆ ਜਾ ਸਕਦਾ, ਸੋ ਸੱਚ ਏਹੀ ਹੈ ਕਿ ਕਿਸਾਨਾ ਦੀ ਟ੍ਰੈਕਟਰ ਪਰੇਡ ਨੇ ਪੂਰੀ ਦਿੱਲੀ ਨੂੰ ਹੀ ਆਪਣੀ ਬੁੱਕਲ਼ ਵਿੱਚ ਲਪੇਟ ਲਿਆ ਜਿਸ ਨੂੰ ਦੇਖ ਕੇ ਇਹ ਅਹਿਸਾਸ ਵੀ ਮਨ ਚ ਪੈਦਾ ਹੋਇਆ ਕਿ ਕੀ ਸਚਮੁੱਚ ਹੀ ਲਾਲ ਕਿਲੇ ਉੱਤੇ ਦੋ ਝੰਡੇ ਲਹਿਰਾਏ ਜਾ ਸਕਦੇ ਹਨ !! ਪਹਿਲਾ -ਤਿਰੰਗਾ ਤੇ ਦੂਸਰਾ ਕਿਸਾਨਾ ਦੇ ਅੰਦੋਲਨ ਦਾ ਪ੍ਰਤੀਕ ਝੰਡਾ । ਤਿਰੰਗਾ ਦੇਸ਼ ਦੀ ਆਨ ਤੇ ਸ਼ਾਨ ਦਾ ਚਿੰਨ ਹੈ, ਜੋ ਸੰਵਿਧਾਨਿਕ ਅਜ਼ਾਦੀ ਦਾ ਸੂਚਕ ਹੈ ਤੇ ਸਭ ਦੇ ਵਾਸਤੇ ਇੱਕੋ ਜਿਹਾ ਹੀ ਲਹਿਰਾ ਰਿਹਾ ਹੈ ਤੇ ਦੂਸਰਾ ਜੋ ਕਿਸਾਨਾ ਦੀ ਅਗਵਾਈ ਹੇਠ ਦੇਸ਼ ਦੀ ਜਨਤਾ ਦੇ ਦੁੱਖਾਂ, ਥੁੜਾਂ, ਤਕਲੀਫ਼ਾਂ ਤੇ ਧੱਕਿਆ ਦੀ ਲੰਮੀ ਦਾਸਤਾਨ ਬਿਆਨ ਕਰਦਾ ਹੈ ।

ਅੱਜ ਦਾ ਗਣਤੰਤਰ ਦਿਵਸ ਦੇਖਣ ਤੋ ਬਾਅਦ ਇਸ ਤਰਾਂ ਲੱਗਾ ਕਿ ਜਿਵੇਂ ਗਣਤੰਤਰ ਮਨਾਉਣ ਨਾਲੀਆਂ ਸਰਕਾਰਾਂ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਵੱਡਾ ਅੰਤਰ ਹੋਵੇ । ਦੇਸ ਦਾ ਸੰਵਿਧਾਨ ਇਹਨਾ ਲੋਕਾਂ ਵਾਸਤੇ ਇਕ ਬੰਦ ਪਈ ਕਿਤਾਬ ਹੈ, ਲੋਕ-ਤੰਤਰ ਇਹਨਾਂ ਵਾਸਤੇ ਤਾਨਾਸ਼ਾਹੀ ਕਰਨ ਦਾ ਓਹਲਾ ਹੈ । ਲਾਲ ਕਿਲੇ ਦੀ ਫ਼ਸੀਲ ‘ਤੇ ਖੜ੍ਹਕੇ ਇਹ ਲੋਕ ਜੋ ਬੋਲਦੇ ਹਨ, ਕਰਦੇ ਉਸ ਤੋਂ ਅਸਲੋਂ ਹੀ ਉਲਟ ਹਨ, ਦੇਸ਼ ਦੇ ਸੰਵਿਧਾਨ ਦੀਆ ਧੱਜੀਆ ਉਡਾਉਣਾ ਇਹ ਆਪਣਾ ਮੁੱਢਲਾ ਅਧਿਕਾਰ ਸਮਝਦੇ ਹਨ ।

ਕਿਸਾਨਾ ਦੀ ਟ੍ਰੈਕਟਰ ਪਰੇਡ ਨੇ ਦੱਸ ਦਿੱਤਾ ਹੈ ਕਿ ਭਾਰਤ ਦਾ ਹਰ ਸ਼ਹਿਰੀ ਸਰਕਾਰ ਦੀਆਂ ਆਪ ਹੁਦਰੀਆਂ ਕੇ ਮਨ ਮਾਮੀਆਂ ਤੋ ਬਹੁਤ ਦੁਖੀ ਹੈ, ਸਰਕਾਰ ਦੀਆ ਕੁਨੀਤੀਆਂ ਕਰਕੇ ਮੁਲਕ ਵਿੱਚ ਹਾਹਾਕਾਰ ਹੈ ਤੇ ਸਰਕਾਰੀ ਨਾਲਾਇਕੀ ਦੀ ਵਜ੍ਹਾ ਕਰਕੇ ਇਸ ਸਮੇਂ ਮੁਲਕ ਤਬਾਹੀ ਦੇ ਦਹਾਨੇ ‘ਤੇ ਜਾ ਖੜਾ ਹੈ ।

26 ਜਨਵਰੀ ਇਹ ਵੀ ਦੱਸ ਗਈ ਕਿ ਪੰਜਾਬ ਤੋ ਸ਼ੁਰੂ ਹੋਇਆ ਕਿਸਾਨ ਅੰਦੋਲਨ ਲੋਕ ਅਨਾਜ ਬਣਨ ਦੇ ਨਾਲ ਨਾਲ ਅੱਜ ਪੂਰੀ ਦੁਨੀਆ ਚ ਚਰਚਾ ਦਾ ਵਿਸ਼ਾ ਵੀ ਬਣ ਚੁੱਕਾ ਹੈ । ਇੱਥੇ ਜਿਕਰਯੋਗ ਹੈ ਕਿ 1947 ਤੋ ਲੈ ਕੇ 2020 ਤੱਕ ਮੁਲਕ ਵਿੱਚ ਕੁੱਲ 42 ਅੰਦੋਲਨ ਹੋਏ ਜਿਹਨਾ ਵਿੱਚੋਂ 6 ਸਿੱਧੇ ਤੌਰ ‘ਤੇ ਦਿੱਲੀ ਨਾਲ ਸੰਬੰਧਿਤ ਹਨ ਪਰ ਕੋਈ ਇਕ ਵੀ ਅੰਦੋਲਨ ਲਾਲ ਕਿਲੇ ਦੀ ਫ਼ਸੀਲ ਤੱਕ ਨਾ ਪਹੁੰਚ ਸਕਿਆ, ਪਰ ਅੱਜ ਦੇ ਕਿਸਾਨ ਟ੍ਰੈਕਟਰ ਮਾਰਚ ਨੇ ਇਹ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਕਿ ਉਹ ਕਿਹੜੇ ਹਾਲਾਤ ਬਣੇ ਜਿਹਨਾ ਕਰਕੇ ਕਿਸਾਨਾਂ ਨੇ ਸਾਰੀਆਂ ਬੰਦਿਸ਼ਾਂ ਤੇ ਬੈਰੀਕੇਡ ਤੋੜਕੇ ਲਾਲ ਕਿਲੇ ‘ਤੇ ਆਪਣਾ ਝੰਡਾ ਜਾ ਲਹਿਰਾਇਆ । ਅਸੀਂ ਇਸ ਉਕਤ ਘਟਨਾ ਤੋ, ਇਸ ਪਿੱਛੇ ਬਾਹਰੀ ਤਾਕਤਾਂ ਦਾ ਹੱਥ ਹੈ, ਕਹਿਕੇ ਪਿੱਛਾ ਨਹੀਂ ਛੁਡਾ ਸਕਦੇ ਕਿਉਂਕਿ ਬਾਹਰੀ ਤਾਕਤਾਂ ਦੀ ਦਖ਼ਲ ਅੰਦਾਜ਼ੀ ਸਿਰਫ ਉਸ ਵੇਲੇ ਹੀ ਹੁੰਦੀ ਹੈ ਜਦ ਮੁਲਕ ਜਾਂ ਘਰ ਅੰਦਰੋਂ ਕਮਜ਼ੋਰ ਹੋਵੇ ਜਾਂ ਮੁਲਕ ਦੇ ਸ਼ਹਿਰੀ, ਸਰਕਾਰਾਂ ਤੋ ਅਸੰਤੁਸ਼ਟ ਹੋਣ ਜਾਂ ਫੇਰ ਉਹਨਾਂ ਦੇ ਹੱਕਾਂ ‘ਤੇ ਛਾਪਾ ਪੈ ਰਿਹਾ ਹੋਵੇ ਆਦਿ । ਇਸ ਦਾ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਅੰਦੋਲਨਕਾਰੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੋਵੇ, ਲਗਾਤਾਰ ਕੜਾਕੇ ਦੀ ਸਰਦੀ ਚ ਬੈਠਣਾ ਕੋਈ ਸੌਖਾ ਨਹੀਂ, ਕਿਸਾਨਾ ਦੀਆ ਸਵਾ ਕੁ ਸੌ ਮੌਤਾਂ ਵੀ ਅੰਦੋਲਨਕਾਰੀਆਂ ਵਾਸਤੇ ਰੋਹ ਤੇ ਗੁੱਸੇ ਦਾ ਕਾਰਨ ਬਣੀਆ ਹੋਣਗੀਆਂ, ਹੋ ਸਕਦਾ ਹੈ ਗੁੱਸਾਏ ਕਿਸਾਨਾ ਦੇ ਮਨ ਵਿੱਚ ਇਹ ਗੱਲ ਵੀ ਆਈ ਹੋਵੇ ਕਿ ਦੇਸ਼ ਦੇ ਕਿਸਾਨ ਨੂੰ ਸੜਕਾਂ ‘ਤੇ ਰੋਲ ਕੇ ਉਹਨਾਂ ਦੁਆਰਾ ਚੁਣੀ ਹੋਈ ਸਰਕਾਰ ਜਸ਼ਨ ਕਿਵੇਂ ਮਨਾ ਸਕਦੀ ਹੈ । ਇਹ ਵੀ ਹੋ ਸਕਦਾ ਹੈ ਕਿ ਇਸ ਘਟਨਾ ਦੇ ਪਿੱਛੇ ਕਿਸੇ ਏਜੰਸੀ ਦੀ ਸ਼ਾਜਿਸ਼ ਹੋਵੇ ।

ਕੁਜ ਵੀ ਹੈ ਕਿਸਾਨ ਅੰਦੋਲਨ ਨੇ ਦੁਨੀਆ ਦਾ ਸਭ ਤੋ ਵੱਡਾ ਟ੍ਰੈਕਟਰ ਮਾਰਚ ਕੱਢਕੇ ਅੱਜ ਨਵਾਂ ਇਤਿਹਾਸ ਸਿਰਜ ਦਿੱਤਾ ਹੈ ਤੇ ਆਪਣੀ ਅਵਾਜ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੇ ਨਾਲ ਨਾਲ ਪੂਰੀ ਦੁਨੀਆ ਦੇ ਭਾਈਚਾਰੇ ਤੱਕ ਵੀ ਬਹੁਤ ਹੀ ਕਾਰਗਾਰ ਢੰਗ ਦੁਆਰਾ ਪਹੁੰਚਾ ਗਿਆ ਹੈ । ਦੂਜੇ ਸ਼ਬਦਾਂ ਚ ਟ੍ਰੈਕਟਰ ਮਾਰਚ ਆਪਣੇ ਮਿਸ਼ਨ ਚ ਸਫਲ ਹੋਇਆ ਹੈ ।

ਹੁਣ ਭਵਿੱਖ ਵਿੱਚ ਅੰਦੋਲਨਕਾਰੀ ਕਿਰਤੀਆਂ ਤੇ ਕਿਸਾਨਾ ਨੂੰ ਹੋਰ ਵੀ ਸਤਰਕ ਰਹਿ ਕੇ ਵਿਚਰਨ ਦੀ ਲੋੜ ਹੈ ਤਾਂ ਕਿ ਇਕ ਤਾਂ ਅੰਦੋਲਨ ਨੂੰ ਢਾਅ ਨਾ ਲੱਗੇ ਤੇ ਕੋਈ ਜਾਨੀ ਨੁਕਸਾਨ ਨਾ ਹੋਵੇ । ਜੋਸ਼ ਤੇ ਹੋਸ਼ ਦੀ ਸਹੀ ਵਰਤੋਂ ਹੀ ਵਧੀਆ ਤੇ ਅਸਰਦਾਰ ਸਿੱਟੇ ਦੇ ਸਕਦੀ ਹੈ ।

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
26/01/2021

Previous articleCanada tightens measures against non-essential travels
Next articleIndian junior women’s hockey team returns from Chile