(ਸਮਾਜ ਵੀਕਲੀ)
ਸ਼ਾਮ ਸਿੰਘ, ਅੰਗ-ਸੰਗ
ਸਿੰਘੂ ਟਿੱਕਰੀ ਅੰਦੋਲਨ ਹੈ
ਪਰ ਨਾ ਸਿਰਫ ਕਿਸਾਨਾਂ ਦਾ
ਹੋ ਨਿਬੱੜਿਆ ਹੁਣ ਤਾਂ ਪੂਰਾ
ਹਰ ਥਾਵੇਂ ਹਿੰਦੁਸਤਾਨਾਂ ਦਾ।
ਜੋਸ਼ ਭਰੇਂਦੇ ਹੋਸ਼ਾਂ ਵਿੰਨੇ
ਰੋਹ ਭਰੇ ਲੋਕਾਂ ਦੀ ਰੰਗਤ ਹੈ
ਝਲਕੇ ਜਿਨ੍ਹਾਂ ਚਿਹਰਿਆਂ ਉੱਤੇ
ਅਣਖ ਨੂਰ ਦੀ ਰੰਗਤ ਹੈ।
ਜੋ ਵੀ ਆਪਣੇ ਘਰ ਤੋਂ ਤੁਰਿਆ
ਆਮ ਜਿਹਾ ਕੋਈ ਚੋਲਾ ਨਹੀਂ
ਹੱਕਾਂ ਤੇ ਸੰਘਰਸ਼ ਦੀ ਖਾਤਰ
ਸਿਰਫ ਮੰਗਾਂ ਦਾ ਟੋਲਾ ਨਹੀਂ।
ਖਾਲੀ ਹੱਥ ਨਹੀਂ ਇਹ ਬੈਠੇ
ਉੱਚਾ ਵਿਰਸਾ ਇਨ੍ਹਾਂ ਦੇ ਪਾਸ
ਆਖਰ ਤੱਕ ਲੜਨਗੇ ਇਹ ਤਾਂ
ਹਰ ਇਕ ਨੂੰ ਇਹੀ ਵਿਸ਼ਵਾਸ।
ਮੈਦਾਨ ‘ਚ ਕੁੱਦਣ ਦਾ ਹੈ ਵੇਲਾ
ਹੁਣ ਚਿੰਤਨ ਦਾ ਵੇਲਾ ਨਹੀਂ
ਸਮਾਂ ਆ ਗਿਆ ਹੋਏ ਫੈਸਲਾ
ਯੁੱਧ ਹੈ ਇਹ ਕੋਈ ਮੇਲਾ ਨਹੀਂ।
ਬੈਠ ਬਰੂਹੀਂ ਸਰਦੀ ਝੱਲਦੇ
ਫੇਰ ਵੀ ਕਲਾ ਰਹੇ ਚੜ੍ਹਦੀ
ਤੁਰੇ ਕਾਫਲੇ ਰਾਹਾਂ ਉੱਤੇ
ਲਾ ਕੇ ਬਾਜ਼ੀ ਸਿਰ ਧੜ ਦੀ।
ਕੀ ਹਾਕਮ ਤੇ ਕੀ ਸਰਕਾਰਾਂ
ਸਭ ਨੂੰ ਝੁਕਣਾ ਪੈ ਜਾਣਾ
ਅੱਜ ਨਹੀਂ ਤਾਂ ਕੱਲ੍ਹ ਕਲੋਤਰ
ਮਜਬੂਰਨ ਘਰ ਬਹਿ ਜਾਣਾ।
ਫਾਇਦਾ ਕੋਈ ਨਹੀਂ ਜੇ ਦਿਸਦਾ
ਕੀ ਕਰਨਾ ਫਿਰ ਜੀਅ ਕੇ ਵੀ
ਜੇ ਨਾ ਪਿਆਸ ਬੁਝਾਵੇ ਖਾਰਾ
ਕੀ ਕਰਨਾ ਪਾਣੀ ਪੀ ਕੇ ਵੀ।
ਆਪਣੇ ਖੋਲ ‘ਚੋਂ ਬਾਹਰ ਆ ਕੇ
ਸੁਣ ਅਜੇ ਖੁੰਝਿਆ ਵੇਲਾ ਨਹੀਂ
ਅੱਤ ਦਾ ਵੈਰ ਹੈ ਮਾੜਾ ਹੁੰਦਾ
ਜੰਗ ਹੈ ਇਹ ਕੋਈ ਮੇਲਾ ਨਹੀਂ।
ਸ਼ੇਰ ਨੇ ਬਾਂਕੇ ਉੱਠ ਖੜੋਏ
ਪਾਣਗੇ ਪੈੜਾਂ ਖਾਸਮ ਖਾਸ
ਫੇਰ ਕੇਰਾਂ ਬੇੜਾ ਪਾਰ ਲਾਉਣਗੇ
ਲਿਖਣਗੇ ਕੋਈ ਨਵਾਂ ਇਤਿਹਾਸ।