(ਸਮਾਜ ਵੀਕਲੀ)
ਬਿੰਦਰ ਜਾਨ ਏ ਸਾਹਿਤ ਐਨ ਆਰ ਆਈ ਇਨਕਲਾਬੀ ਦੇ ਮੀਤ ਪ੍ਰਧਾਨ ਅਤੇ ਅਗਾਂਹਵਧੂ ਲੋਕ ਮੰਚ ਇਟਲੀ ਵਿੱਚ ਸ਼ਾਮਲ ਕਵੀ
ਬਿੰਦਰ ਜਾਨ ਏ ਸਹਿਤ ਪੰਜਾਬੀ ਸਾਹਿਤ ਨੂੰ ਸਮਰਪਿਤ ਉਹ ਕਵੀ ਹੈ ਜੋ ਦਿਨ ਰਾਤ ਮਿਹਨਤ ਕਰ ਰਿਹਾ ਹੈ ਕਿ ਸੱਚਮੁੱਚ ਇਕ ਦਿਨ ਪੰਜਾਬੀ ਸਾਹਿਤ ਜਾਨ ਬਣੇ .ਬਿੰਦਰ ਇੰਡੀਆ ਤੋਂ ਇਲਾਵਾ ਆਪਣੀਆਂ ਕਵਿਤਾਵਾਂ ਰਾਹੀਂ ਯੂਰਪ ,ਅਮਰੀਕਾ ਕੈਨੇਡਾ ,ਆਸਟ੍ਰੇਲੀਆ ,ਅਰਬ ਕੰਟਰੀਆਂ ਵਿਚ ਜਾਗਣ ਜਗਾਉਣ ਦਾ ਹੋਕਾ ਦੇਦੇ ਹੋੇਏ ਕਿਰਤੀ ਵਰਗ ਨੂੰ ਆਪਣੇ ਹੱਕ ਪ੍ਰਤੀ ਸੁਚੇਤ ਕਰਦਾ ਹੋਇਆ ਅੱਗੇ ਵਧਣਾ ਚਾਹੁੰਦਾ ਹੈ ਸਮਾਜਿਕ ਬੁਰਾਈਆਂ ਉਤੇ ਕਲਮ ਦੀ ਕਰਾਰੀ ਚੋਟ ਨਾਲ ਲੋਕਾਂ ਨੁੰ ਹਲੂਣਦਾ ਹੈ ਅਤੇ ਗਿਆਰਾਂ ਸਾਲ ਇਟਲੀ ਵਿੱਚ ਗੁਜ਼ਾਰਨ ਤੋਂ ਬਾਅਦ ਵੀ ਆਪਣੀ ਮਿੱਟੀ ਅਤੇ ਬੋਲੀ ਨਾਲ ਜੁੜਿਆ ਹੈ ਇਟਲੀ ਦੇ ਸ਼ਹਿਰ ਮਿਲਾਨ ਵਿੱਚ ਰਹਿਣ ਵਾਲਾ ਬਿੰਦਰ ਜਾਨ ਏ ਸਾਹਿਤ ਆਪਣੀ ਕਲਮ ਰਾਹੀਂ ਕਿਸਾਨੀ ਸੰਘਰਸ਼ ਦੇ ਨਾਲ ਡੱਟ ਕੇ ਖੜ੍ਹਾ ਹੈ ਆਪਣੀ ਹਰ ਕਵਿਤਾ ਰਾਹੀਂ ਕਿਰਤੀ ਵਰਗ ਨੂੰ ਹੌਸਲਾ ਦੇ ਰਿਹਾ ਹੈ ਅਤੇ ਸੁਚੇਤ ਕਰ ਰਿਹਾ ਹੈ ਤਾਂ ਜੋ ਕਿਸਾਨੀ ਅੰਦੋਲਨ ਆਪਣੀ ਲੀਹ ਤੋਂ ਭਟਕੇ ਨਾ ਅਤੇ ਕਿਰਤੀ ਦੀ ਜਿੱਤ ਲਾਜ਼ਮੀ ਹੋਵੇ ਬਿੰਦਰ ਦੀ ਮੂੰਹੋਂ ਬੋਲਦੀ ਇੱਕ ਕਵਿਤਾ
ਕਿਰਤੀ
ਕਿਰਤੀ ਲੈ ਕੇ ਆਇਆ ਕਰਾਂਤੀ
ਹੱਥ ਵਿਚ ਝੰਡੇ ਲਾਲ
ਦਾਤੀਆਂ ਅਤੇ ਹਥੋੜੇ ਲੜਨ ਗੇ
ਪੂਜੀਵਾਦ ਦੇ ਨਾਲ
ਮਹਿਨਤ ਵਾਲਾ ਪਸੀਨਾਂ ਬਦਲੂ
ਦਰਿਆਵਾਂ ਦੀ ਚਾਲ
ਸਦੀਆਂ ਤੋਂ ਵਿਛਿਆ ਏ ਜਿਹੜਾ
ਹੁਣ ਕੱਟਣਾ ਏ ਜਾਲ
ਉਚ ਨੀਚ ਦਾ ਫਰਕ ਨਾਂ ਦਿਸੇਗਾ
ਹਿਰਦੇ ਵੇਖ ਵਿਸ਼ਾਲ
ਨੀਵੇ ਵੱਲ ਨਾਂ ਡਿਗੇ ਗਾ ਪਾਣੀ
ਬਦਲ ਦੇਣੀ ਏ ਢਾਲ
ਧਰਮਾਂ ਦੇ ਪਾੜੇ ਦਾ ਦਿਲ ਵਿਚ
ਉਠਣਾ ਨਹੀ ਸਵਾਲ
ਮੁੜ ਨਾਂ ਦਿਉ ਕੋਈ ਕਿਸੇ ਨੂੰ
ਗੁਰਬਤ ਵਾਲ਼ੀ ਗਾਲ਼
ਬਿੰਦਰਾ ਵੇਖੀਂ ਇੱਕ ਕਰ ਦੇਣੇ
ਅੰਬਰ ਅਤੇ ਪਤਾਲ
ਬਿੰਦਰ ਤਰਕਵਾਦੀ ਸੋਚ ਰੱਖਣ ਵਾਲਾ ਕਵੀ ਹੈ ਜੋ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਣ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ ਤਾਂ ਜੋ ਸਮਾਜ ਵਿਚ ਜਾਗਰੂਕਤਾ ਆ ਸਕੇ
ਅਤੇ ਲੋਕ ਧਰਮਾਂ ਜਾਤਾਂ ਚੋਂ ਨਿਕਲ ਕੇ ਨਿਰਪੱਖ ਜ਼ਿੰਦਗੀ ਜਿਉਣ ਇਸ ਕਵਿਤਾ ਤੋਂ ਜਾਪਦਾ ਹੈ
ਧਰਮ ਭਰਮ
ਧਰਮਾਂ ਦੇ ਠੇਕੇਦਾਰਾਂ ਤੋਂ
ਨਵੀਂ ਪੀੜੀ ਬਚਾਓ
ਮਜ਼੍ਹਬ ਨੇ ਬਿਜ਼ਨਸ ਮੋਤ ਦਾ
ਹੁਣ ਖੰਬ ਛਡਾਓ
ਪੱਟੀ ਜੋ ਰੱਬੀ ਭਰਮ ਦੀ
ਨਜ਼ਰਾ ਤੋਂ ਹਟਾਓ
ਛੱਡੋ ਲੜਨ ਲੜਾਉਣ ਨੂੰ
ਤੁਸੀਂ ਪੜੋ ਪੜਾਓ
ਜੀਓ, ਜੀਣ ਦਿਓ ਵਾਲੀ
ਹੁਣ ਗੱਲ ਚਲਾਓ
ਖੁਦ ਜਾਗੋ ਭਾਰਤ ਵਾਸੀਓ
ਹੋਰਾਂ ਨੂੰ ਜਗਾਓ
ਸਮਾਂ ਬਦਲ ਗਿਆ ਬਿੰਦਰਾ
ਸਮਝੋ ਸਮਝਾਓ
ਕਵੀ ਦਾ ਮਕਸਦ ਔਰਤ ਅਤੇ ਮਰਦ ਨੂੰ ਸਮਾਜ ਵਿੱਚ ਬਰਾਬਰ ਦਾ ਦਰਜਾ ਦੇਣਾ
ਦਾਜ ਅਤੇ ਭਰੂਣ ਹੱਤਿਆ ਖ਼ਿਲਾਫ਼ ਲਿਖ ਰਿਹਾ ਹੈ ਔਰਤ ਵਰਗ ਨੂੰ ਹੌਂਸਲਾ ਦੇਣ ਵਾਲੀ ਕਵਿਤਾ
ਔਰਤ
ਸੱਜੀ ਬਾਂਹ ਮੈ ਬਾਬਲ ਦੀ ਹਾਂ
ਅਬਲਾ ਨਾਂ ਤੂੰ ਜਾਣੀਂ
ਇੱਕ ਦਿਨ ਰੁਤਬਾ ਮੇਰਾ ਵੇਖੀਂ
ਭਰੇਗੀ ਦੁਨੀਆਂ ਪਾਣੀ
ਮਰਦ ਸਮਾਜ ਨੇ ਕਰੀ ਹਮੇਸ਼ਾ
ਨਾਲ ਮੇਰੇ ਵੰਡ ਕਾਣੀਂ
ਚੱਲ ਕੋਈ ਨਾਂ ਸਦਾ ਸੋਚਿਆ
ਹੁਣ ਮੈ ਮਾਤ ਨ੍ਹੀਂ ਖਾਣੀ
ਸਮਝਣਗੇ ਕਦਰਾਂ ਦੀ ਕੀਮਤ
ਜਦ ਮੈ ਧਾਕ ਜਮਾਉਣੀ
ਧੋਖੇਬਾਜ ਮੈਨੂੰ ਕਿਉ ਆਖੇ ਕੋਈ
ਭੁੱਲ ਜਾਓ ਰੀਤ ਪੁਰਾਣੀ
ਔਰਤ ਦੀ ਆਵਾਜ਼ ਨੂੰ ਸੱਜਣਾ
ਐਵੇ ਨਾਂ ਤੂੰ ਜਾਣੀ
ਨਵੇ ਦੌਰ ਦੀ ਹਰ ਥਾਂ ਚੱਲਣੀ
ਹੁਣ ਤਾਂ ਨਵੀਂ ਕਹਾਣੀ
ਸਦੀਆ ਤੋ ਉਲ਼ਝੀ ਸੁਲਝਾਉਣੀਂ
ਜੱਗ ਦੀ ਤਾਣੀ ਬਾਣੀ
ਰੋਸ਼ਨ ਰੋਸ਼ਨ ਧਰਤੀ ਦਿਸੇਗੀ
ਐਸੀ ਜੋਤ ਜਗਾਉਣੀ
ਅੋਰਤ ਹਾਂ ਮੈ ਔਰਤ ਬਿੰਦਰਾ
ਮੈ ਝਾਂਸੀ ਦੀ ਰਾਣੀ
ਬਿੰਦਰ ਜਾਨ ਚਾਹੁੰਦਾ ਹੈ ਕਿ ਸਮਾਜ ਵਿੱਚ ਹਰ ਰਿਸ਼ਤੇ ਨਾਤੇ ਨੂੰ ਵਧੀਆ ਤਰੀਕੇ ਨਾਲ ਨਿਭਾਇਆ ਜਾਵੇ ਅਤੇ ਮਾਂ ਬਾਪ ਪ੍ਰਤੀ ਆਪਣੇ ਬਣਦੇ ਫਰਜ਼ ਔਲਾਦ ਕਦੇ ਨਾ ਭੁੱਲੇ. ਮੂੰਹੋਂ ਬੋਲਦੀ ਕਵਿਤਾ
ਰਿਸ਼ਤੇ
ਮਾਂ ਬਾਪ ਦਾ ਪਿਆਰ
ਕਰੋ ਦਿਲੋਂ ਸਤਿਕਾਰ
ਮਨ ਇੱਕ ਮਿਕ ਹੋਣ
ਸਕੇ ਭਾਈ ਸੱਚੇ ਯਾਰ
ਕਦੀ ਸਮਝੋ ਨਾਂ ਵੀਰੋ
ਭੈਣ ਆਪਣੀ ਨੂੰ ਭਾਰ
ਸਾਰੇ ਜੱਗ ਨਾਲੋਂ ਮਿਠਾ
ਦਾਦੇ ਦਾਦੀ ਦਾ ਦੁਲਾਰ
ਭੂਆ ਗਲੇ ਜਦੋਂ ਲਾਵੇ
ਹੁੰਦਾ ਸਿਨਾ ਠੰਡਾ ਠਾਰ
ਤਾਏ ਚਾਚਿਆਂ ਦੇ ਵਿੱਚ
ਗੰਢ ਪਰੇਮ ਵਾਲੀ ਮਾਰ
ਨਾਨਾ ਨਾਨੀ ਰੱਬ ਰੂਪ
ਭੁਲੀਂ ਨਾਂ ਤੂੰ ਉਪਕਾਰ
ਮਾਮੇ ਮਾਸੀਆਂ ਦੇ ਕੋਲੋਂ
ਅਸੀਸਾਂ ਲੈ ਲਵੋ ਹਜਾਰ
ਸੱਸ ਸੋਹਰਿਆਂ ਦਾ ਸਦਾ
ਦਿਲੋਂ ਕਰੀਂ ਸਤਕਾਰ
ਧੀਆਂ ਪੁੱਤਾਂ ਚ ਫਰਕ
ਕਦੀ ਆਵੇ ਨਾਂ ਵਿਚਾਰ
ਪਤੀ ਪਤਨੀ ਦੇ ਵਿੱਚ
ਕਦੀ ਪਾਓ ਨਾਂ ਦਰਾਰ
ਸੱਚੀ ਦੋਸਤੀ ਦੇ ਵਿੱਚ
ਨਾਹੀ ਜਿਤ ਨਾਹੀ ਹਾਰ
ਜਾਨ ਬਿੰਦਰਾ ਜੇ ਮੰਨੇ
ਹੋ ਜਾਏ ਸੋਹਣਾ ਸੰਸਾਰ
ਕਵੀ ਕਲਮਕਾਰਾਂ ਨੂੰ ਵੀ ਕਹਿਣਾ ਚਾਹੁੰਦਾ ਹੈ ਕਿ ਕਲਮ ਹਮੇਸ਼ਾਂ ਧਰਮ ਨਿਰਪੱਖ ਅਤੇ ਸੱਚ ਦਾ ਹੋਕਾ ਦੇਣ ਵਾਲੀ ਚਾਹੀਦੀ ਹੈ
ਕਲਮ ..
ਜ਼ੁਲਮ ਦੇ ਅੱਗੇ ਜੋ ਖੜੇ ਡੱਟ ਕੇ
ਸੱਚ ਜੋ ਮੂਹੋਂ ਬੋਲੇ
ਕਲਮ ਕ੍ਰਾਂਤੀ ਰੰਗ ਵਿੱਚ ਰੰਗੀ
ਕਦੀ ਨਾ ਮਿਤਰੋ ਡੋਲੇ
ਸੁੱਤੇ ਸਮਾਜ ਦੀ ਉਲਝੀ ਤਾਣੀ
ਹਰਫਾਂ ਦੇ ਨਾਲ ਖੋਲੇ
ਧਰਮ ਅਤੇ ਲੋਟੂ ਸਰਕਾਰਾਂ ਦੇ
ਬਿੰਦਰਾ ਪਾਜ ਫਰੋਲੇ
ਸੱਚਾ ਕਵੀ ਤਾਂ ਹਰ ਵਰਗ ਨੂੰ
ਇੱਕ ਪੱਲੜੇ ਵਿੱਚ ਤੋਲੇ
ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਕਵੀ ਪੰਜਾਬੀ ਭਾਸ਼ਾ ਨੂੰ ਰਾਣੀ ਬੋਲੀ ਦਾ ਦਰਜਾ ਦਿੰਦਾ ਹੋਇਆ ਲਿਖਦਾ ਹੈ
ਪੰਜਾਬੀ
ਹਿੰਦੀ ਸਾਡੀ ਮਾਸੀ ਲਗਦੀ
ਮਾਂ ਲੱਗੇ ਪੰਜਾਬੀ
ਉਰਦੂ ਸਾਡਾ ਭਾਈ ਲਗਦਾ
ਇੰਗਲਿਸ਼ ਲੱਗੇ ਭਾਬੀ
ਮਾਂ ਬੋਲੀ ਦਾ ਰਿਸ਼ਤਾ ਗੂੜਾ
ਮਿਠੜਾ ਬੇਹਿਸਾਬੀ
ਵਤਨ ਮੇਰੇ ਦੀ ਰਾਣੀ ਬੋਲੀ
ਵੱਖਰੇ ਠਾਠ ਨਵਾਬੀ
ਇਹ ਤਾਂ ਸਾਡੀ ਰੂਹ ਦੀ ਭਾਸ਼ਾ
ਕੋਰੀ ਨਹੀ ਕਿਤਾਬੀ
ਮਾਂ ਨੂੰ ਜਿਸਨੇ ਮਾਣ ਨਾਂ ਦਿਤਾ
ਕਾਹਦਾ ਉਹ ਪੰਜਾਬੀ
ਆਪਣੀ ਬੋਲੀ ਮਾਣ ਆਪਣਾ
ਸੋ ਜਿੰਦਿਆਂ ਦੀ ਚਾਬੀ
ਸਾਹਿਤ ਦੇ ਖੇਤਰ ਮਾਰੋ ਮੱਲਾਂ
ਭਾਸ਼ਾ ਬਿੰਦਰਾ ਖੈਤਾਬੀ
ਕਵੀ ਨਸ਼ਿਆਂ ਦੇ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਦਾ ਦਿਸਦਾ ਹੈ ਅਤੇ ਸਿਹਤ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਹੈ
ਸਮਝੋ ਲੋਕੋ
ਸੋਚ ਸਮਝ ਜੋ ਖਾਣ ਪੀਣਗੇ
ਜਿੰਦਗੀ ਲੰਮੀ ਓਹੀ ਜੀਣਗੇ
ਲੂਣ ਤੇ ਚੀਨੀ ਘੱਟ ਹੀ ਪਾਓ
ਘਿਓ ਤੇਲ ਨਾ ਮਾਤਰ ਖਾਓ
ਇੱਕ ਦੋ ਪੈਗ ਤੋਂ ਵੱਧ ਸ਼ਰਾਬ
ਨੁਕਸਾਨ ਵੱਧ ਕੋਈ ਨਾ ਲਾਭ
ਗਾਂਜਾ ਸਮੈਕ ਚਰਸ ਜੋ ਪੀਦੇਂ
ਬਹੁਤੀ ਦੇਰ ਕਦੀ ਨਾ ਜਿੰਦੇ
ਭੁੱਕੀ ਅਫੀਮ ਰੋਜ਼ ਜੋ ਵਰਤਣ
50ਸਾਲ ਦੇ ਤੁਰਨ ਨੂੰ ਤਰਸਣ
ਸਿਗਰਟ ਪੀਵੇ ਖਾਵੇ ਜਰਦਾ
ਰਿੜਕ ਰਿੜਕ ਮੰਜ਼ੇ ਤੇ ਮਰਦਾ
ਸੋਚੋ ਸਮਝੋ ਵਿਚਾਰੋ ਹਰ ਗੱਲ
ਦੇਰ ਨਾ ਹੋ ਜਾਏ ਬਿੰਦਰਾ ਕੱਲ
ਬਿੰਦਰ ਜਾਨ ਰੱਬ ਦੇ ਵਜੂਦ ਤੋਂ ਮੁਨਕਰ ਹੁੰਦੇ ਹੋਏ ਕੁਦਰਤ ਨੂੰ ਪਹਿਲ ਦਿੰਦਾ ਹੈ
ਰੁੱਖਾਂ ਨਾਲ ਸਾਡਾ ਰਿਸਤਾ ਗੂਹੜਾ
ਬਾਗ ਨਾ ਹਰੇ ਉਜਾੜੋ
ਪਸੂ ਪੰਛੀਆਂ ਨਾਲ ਹੈ ਕੁਦਰਤ
ਇਹਨਾਂ ਨੂੰ ਨਾ ਮਾਰੋ
ਵੇਖਣ ਨੂੰ ਤੁਸੀਂ ਧਰਮੀਂ ਲੱਗਦੇ
ਥੋੜਾ ਸੋਚ ਵਿਚਾਰੋ
ਜੇ ਮਨ ਵਿਚ ਥੋਡੇ ਰੱਬ ਹੈ ਵੱਸਦਾ
ਰਾਖ਼ਸ਼ ਨੂੰ ਨਾ ਵਾੜੋ
ਢਿਡ ਦੀ ਅੱਗਨੀ ਨਾਲ ਬਿੰਦਰਾ
ਕੁਦਰ ਨੂੰ ਨਾ ਸਾੜੋ
ਪੰਜਾਬੀ ਸਾਹਿਤ ਦੀ ਜਾਨ ਬਿੰਦਰ ਜਾਨ ਏ ਸਾਹਿਤ ਦੀਆਂ ਰਚਨਾਵਾਂ ਵਿਦੇਸ਼ਾਂ ਦੇ ਨਿਊਜ਼ ਪੇਪਰ ਮੈਗਜ਼ੀਨ ਅਤੇ ਅਖ਼ਬਾਰਾਂ ਵਿੱਚ ਨਿੱਤ ਛੱਪਦੀਆਂ ਹਨ । ਸਮਾਜ ਸੁਧਾਰਕ ਪੂਰਨੇ ਪਾ ਰਹੀ ਲੱਚਰਤਾ ਤੋਂ ਦੂਰ ਇਸ ਕਲਮ ਤੋਂ ਸਾਹਿਤ ਜਗਤ ਨੂੰ ਹੋਰ ਵੀ ਬਹੁਤ ਆਸਾਂ ਉਮੀਦਾਂ ਅਤੇ ਸੰਭਾਵਨਾਵਾਂ ਹਨ । ਵਾਹਿਗੁਰੂ ਇਸ ਕਲਮ ਨੂੰ ਹੋਰ ਬੁਲੰਦੀਆਂ ਅਤੇ ਤਾਕਤ ਬਖਸ਼ੇ ਤਾਂ ਜੋ ਇਹ ਕਲਮ ਇਸੇ ਤਰ੍ਹਾਂ ਲੋਕ ਹੱਕਾਂ ਦੀ ਆਵਾਜ਼ ਬੁਲੰਦ ਕਰਦੀ ਰਹੇ ।
ਰਮੇਸ਼ਵਰ ਸਿੰਘ ਪਟਿਆਲਾ
9914880392