(ਸਮਾਜ ਵੀਕਲੀ)
ਜਿਸ ਸਮੇਂ ਪੰਜਾਬ ਦਾ ਕਿਸਾਨ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੰਘਰਸ਼ ਲੜਨ ਲਈ ਹੱਡ ਭੰਨਵੀਂ ਠੰਢ ਅਤੇ ਚੀਰਵੀਆਂ ਹਵਾਵਾਂ ਦਾ ਸਾਹਮਣਾ ਕਰਦਾ ਖੁੱਲ੍ਹੇ ਅਸਮਾਨ ਹੇਠ ਦਿੱਲੀ ਦੇ ਬਾਰਡਰਾਂ ਤੇ ਬੈਠਾ ਹੈ,ਅਤੇ ਜਿਸ ਵੇਲੇ ਪੰਜਾਬ ਦੇ ਅਨੇਕਾਂ ਗਾਇਕ ਅਤੇ ਕਲਾਕਾਰ ਹਿੱਕ ਡਾਹ ਕੇ ਕਿਸਾਨੀ ਦੇ ਨਾਲ ਇਸ ਸੰਘਰਸ਼ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ, ਆਪਣੀਆਂ ਕਲਮਾਂ ਅਤੇ ਆਵਾਜ਼ਾਂ ਨਾਲ ਕਿਸਾਨੀ ਸੰਘਰਸ਼ ਨੂੰ ਬੁਲੰਦ ਕਰਨ ਲਈ ਹੌਸਲੇ ਬੁਲੰਦ ਕਰਨ ਵਾਲੀਆਂ ਗਾਥਾਵਾਂ ਗਾ ਰਹੇ ਹਨ, ਐਨ ਉਸੇ ਵੇਲੇ ਪੰਜਾਬ ਦੇ ਇੱਕ ਗਾਇਕ ਐਕਟਰ ਗਿੱਪੀ ਗਰੇਵਾਲ ਵੱਲੋਂ ਰਿਲੀਜ਼ ਕੀਤੇ ਨਵੇਂ ਗੀਤ ‘ਵੈਲਪੁਣਾ’ ਨੂੰ ਲੈ ਕੇ ਉਸ ਦੀ ਆਲੋਚਨਾ ਸ਼ੁਰੂ ਹੋ ਗਈ ਹੈ ।
ਗਿੱਪੀ ਵੱਲੋਂ 21 ਨਵੰਬਰ ਨੂੰ ਯੂ ਟਿਊਬ ‘ਤੇ ਰਿਲੀਜ਼ ਕੀਤੇ ਗਏ ਇਸ ਗੀਤ ਵਿੱਚ ਉਸ ਵੱਲੋਂ ਹਥਿਆਰਾਂ ਅਤੇ ਕੱਚੀ ਸ਼ਰਾਬ ਨੂੰ ਪ੍ਰਮੋਟ ਕੀਤੇ ਜਾਣ ਦੇ ਦ੍ਰਿਸ਼ ਪ੍ਰਤੱਖ ਵੇਖੇ ਜਾ ਸਕਦੇ ਹਨ ।
ਇੱਥੇ ਹੀ ਬੱਸ ਨਹੀਂ , ਗਿੱਪੀ ਗਰੇਵਾਲ ਨੇ ਇਸ ਗੀਤ ਵਿੱਚ ਹਥਿਆਰਾਂ ਦੇ ਪ੍ਰਦਰਸ਼ਨ ਨੂੰ ਜਿਸ ਬੇਕਿਰਕ ਤਰੀਕੇ ਨਾਲ ਪੇਸ਼ ਕੀਤਾ ਹੈ ਅਤੇ ਜਿਵੇਂ ਹਥਿਆਰਾਂ ਦੀ ਮੰਡੀ ਲੱਗੀ ਵਿਖਾਈ ਹੈ ਉਸ ਨਾਲ ਨਿਸ਼ਚੇ ਹੀ ਪੰਜਾਬ ਦਾ ਪ੍ਰਭਾਵ ਕੋਈ ਚੰਗਾ ਨਹੀਂ ਜਾਵੇਗਾ। ਹੁਣ ਇਹ ਪੁੱਛਿਆ ਜਾਣ ਲੱਗਾ ਹੈ ਕਿ ਇਸ ਤਰ੍ਹਾਂ ਦੀਆਂ ਹਥਿਆਰਾਂ ਦੀਆਂ ਮੰਡੀਆਂ ਕਿਹੜੇ ਪੰਜਾਬ ਵਿੱਚ ਲੱਗਦੀਆਂ ਹਨ ।
ਇਸ ਤੋਂ ਇਲਾਵਾ ਜਿਸ ਤਰ੍ਹਾਂ ਗਿੱਪੀ ਨੇ ਘਰ ਵਿੱਚ ਹੀ ਕੱਚੀ ਸ਼ਰਾਬ ਕੱਢੇ ਜਾਣ ਉਸ ਦੇ ਇਸਤੇਮਾਲ ਅਤੇ ਇੱਥੋਂ ਤੱਕ ਕੇ ਛਾਪੇਮਾਰੀ ਕਰਨ ਆਈ ਪੁਲੀਸ ਨੂੰ ਵੀ ਉਸ ਕੱਚੀ ਸ਼ਰਾਬ ਤੇ ਡੁੱਲ੍ਹਦਿਆਂ ਵਿਖਾ ਕੇ ਪੁਲੀਸ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।ਇਹ ਉਸ ਵੇਲੇ ਹੋਰ ਵੀ ਅਫ਼ਸੋਸਨਾਕ ਜਾਪਦਾ ਹੈ ਜਦ ਗਿੱਪੀ ਗਰੇਵਾਲ ਨੇ ਕੱਚੀ ਸ਼ਰਾਬ ਕਾਰਨ ਪੰਜਾਬ ਵਿਚ ਵਾਪਰੀ ਤ੍ਰਾਸਦੀ ਅਤੇ ਉਸ ਤ੍ਰਾਸਦੀ ਵਿੱਚ ਲਗਪਗ 125 ਪੰਜਾਬੀਆਂ ਦੇ ਮਾਰੇ ਜਾਣ ਦੇ ਬਾਵਜੂਦ ਕੱਚੀ ਸ਼ਰਾਬ ਨੂੰ ਪ੍ਰਮੋਟ ਕਰਨਾ ਆਪਣੇ ਪ੍ਰੋਫੈਸ਼ਨਲ ਲਾਭ ਜਾਂ ਫਿਰ ਮਸ਼ਹੂਰੀ ਲਈ ਜਾਇਜ਼ ਮੰਨਿਆ ਹੈ ।
ਇਸ ਸਬੰਧ ਵਿਚ ਪੰਜਾਬ ਅਤੇ ਪੰਜਾਬੀ ਦੀਆਂ ਨਾਮਵਰ ਹਸਤੀਆਂ ਜਾਂ ਤਾਂ ਅਜੇ ਬੇਖ਼ਬਰ ਹਨ ਜਾਂ ਫਿਰ ਬੇਫ਼ਿਕਰ ਪਰ ਹਰ ਵੇਲੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੇ ਪੰਡਿਤ ਰਾਓ ਧਰੇਨਵਰ ਨੇ ਇੱਕ ਵਾਰ ਫੇਰ ਗਿੱਪੀ ਗਰੇਵਾਲ ਦੀ ਇਸ ਗੀਤ ਦੇ ਖ਼ਿਲਾਫ਼ ਝੰਡਾ ਚੁੱਕਿਆ ਹੈ ।
ਇਸ ਵਾਰ ਇਕ ਨਿਵੇਕਲਾ ਪੈਂਤੜਾ ਲੈਂਦਿਆਂ ਪੰਡਿਤ ਰਾਓ ਧਰੇਨਵਰ ਨੇ ਗਿੱਪੀ ਗਰੇਵਾਲ ਦੇ ਬੱਚਿਆਂ ਨੂੰ ਹੀ ਚਿੱਠੀ ਰਾਹੀਂ ਸੰਬੋਧਿਤ ਹੁੰਦਿਆਂ ਆਪਣੇ ਪਿਤਾ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਵਰਜਣ ਦੀ ਬੇਨਤੀ ਕਰ ਦਿੱਤੀ ਹੈ ।
ਗਿੱਪੀ ਗਰੇਵਾਲ ਦੇ ਬੇਟਿਆਂ ਦੇ ਨਾਂ ਲਿਖੀ ਚਿੱਠੀ ਹੇਠਾਂ ਇੰਨ ਬਿੰਨ ਛਾਪ ਰਹੇ ਹਾਂ ਪਰ ਉਨ੍ਹਾਂ ਵੱਲੋਂ ਚਿੱਠੀ ਦੇ ਸ਼ੁਰੂ ਵਿੱਚ ਲਿਖੇ ਬੱਚਿਆਂ ਦੇ ਨਾਂ ਕੱਟ ਰਹੇ ਹਾਂ ।
ਗਿੱਪੀ ਗਰੇਵਾਲ ਦੇ ਬੱਚੇ ਦੇ ਨਾਮ ਤੇ ਖੁੱਲਾ ਪੱਤਰ
ਪਿਆਰੇ ………,
……….. ਅਤੇ
…………..
ਸਤਿ ਸ੍ਰੀ ਅਕਾਲ,
ਨਮਸਕਾਰ,
ਪ੍ਰਣਾਮ।
ਮੈਂ ਤੁਹਾਨੂੰ ਪ੍ਰਣਾਮ ਇਸ ਲਈ ਕਰ ਰਿਹਾ ਹਾਂ ਕਿਉਂ ਕਿ ਬੱਚੇ ਭਗਵਾਨ ਦਾ ਹੀ ਰੂਪ ਮੰਨੇ ਜਾਂਦੇ ਹਨ। ਮੈਂ ਤੁਹਾਡੀਆਂ ਕਈ ਵੀਡੀਓ ਵੇਖੀਆਂ ਹਨ। ਤੁਸੀਂ ਸਾਰੇ ਬਹੁਤ ਹੀ ਹੋਣਹਾਰ ਤੇ ਪਿਆਰੇ ਬੱਚੇ ਹੋ। ਤੁਹਾਡੇ ਬਾਪੂ ਜੀ ਰੁਪਿੰਦਰ ਸਿੰਘ ਜੀ ਉਰਫ ਗਿੱਪੀ ਗਰੇਵਾਲ਼ ਜੀ ਤੁਹਾਡੀ ਸਾਰਿਆਂ ਦੀ ਵਧੀਆ ਪਰਵਰਿਸ਼ ਕਰਕੇ ਤੁਹਾਨੂੰ ਵੱਡਾ ਕਰ ਰਹੇ ਹਨ। ਤੁਹਾਡੇ ਬਾਪੂ ਜੀ ਰੁਪਿੰਦਰ ਸਿੰਘ ਗਰੇਵਾਲ ਇੱਕ ਚੰਗੇ ਇਨਸਾਨ ਹਨ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਇਕ ਵੱਡੇ ਕਲਾਕਾਰ ਦਾ ਪਵਿੱਤਰ ਦਰਜਾ ਹਾਸਲ ਕੀਤਾ ਹੈ। ਤੁਹਾਡੇ ਬਾਪੂ ਜੀ ਰੁਪਿੰਦਰ ਸਿੰਘ ਗਰੇਵਾਲ ਜੀ ਨੇ ਕਈ ਵਧੀਆ ਸਭਿਆਚਾਰਕ ਗਾਣੇ ਗਾਉਣ ਦੇ ਨਾਲ਼-ਨਾਲ਼ ਅਰਦਾਸ ਫਿਲਮ ਦੇ ਵਿੱਚ ਵੀ ਵਧੀਆ ਕੰਮ ਕੀਤਾ ਹੈ।
ਪਰ ਤੁਹਾਡੇ ਬਾਪੂ ਜੀ ਰੁਪਿੰਦਰ ਸਿੰਘ ਗਰੇਵਾਲ ਜੀ ਨੇ ਕਈ ਗਲਤ ਗਾਣੇ ਵੀ ਗਾਏ ਹਨ ਜਿੰਨ੍ਹਾਂ ਵਿੱਚ ਹਥਿਆਰਾਂ ਅਤੇ ਸ਼ਰਾਬ ਦਾ ਬੇਲੋੜਾ ਗੁਣਗਾਨ ਕੀਤਾ ਗਿਆ ਹੈ।
ਤੁਹਾਨੂੰ ਇਹ ਪੱਤਰ ਲਿਖਣ ਲਈ ਮੈਂ ਇਸ ਲਈ ਮਜਬੂਰ ਹੋਇਆ ਹਾਂ ਕਿ ਤੁਹਾਡੇ ਬਾਪੂ ਜੀ ਨੇ ਹੁਣ ਫੇਰ ਇੱਕ ਨਵਾਂ ਗਾਣਾ “ਵੈਲਪੁਣਾ” ਕੱਢ ਮਾਰਿਆ ਹੈ ਜਿਸ ਵਿਚ ਸ਼ਰਾਬ ਅਤੇ ਹਥਿਆਰਾਂ ਦੀ ਵਡਿਆਈ ਕਰਦੇ ਹੋਏ ਹਥਿਆਰਾਂ ਦੀ ਇਕ ਪੂਰੀ ਮਾਰਕੀਟ ਵੀ ਵਿਖਾ ਦਿੱਤੀ ਹੈ। ਇੰਨਾ ਹੀ ਨਹੀਂ, ਇਸ ਗਾਣੇ ਵਿਚ ਪੁਲਿਸ ਨੂੰ ਵੀ ਗਲ਼ਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਬੀਤੇ ਸਮੇਂ ਦੌਰਾਨ ਪੰਜਾਬ ਵਿੱਚ ਦੇਸੀ ਸ਼ਰਾਬ ਪੀ ਕੇ ਸੌ ਤੋਂ ਵੱਧ ਲੋਕਾਂ ਦੇ ਮਰਨ ਦੀ ਘਟਨਾ ਹੋਣ ਦੇ ਬਾਵਜੂਦ ਵੈਲਪੁਣਾ ਗਾਣੇ ਵਿੱਚ ਦੇਸੀ ਸ਼ਰਾਬ ਕੱਢਦਿਆਂ ਵਿਖਾਉਣਾ ਬਿਲਕੁਲ ਗਲ਼ਤ ਅਤੇ ਗੈਰਕਾਨੂੰਨੀ ਹੈ।
ਇਸ ਗਾਣੇ ਦੇ ਖਿਲਾਫ਼ ਮੈਂ ਪੰਜਾਬ ਦੇ ਡੀਜੀਪੀ, ਆਬਕਾਰੀ ਮਹਿਕਮਾ ਅਤੇ ਐਸ ਐਸ ਪੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਵੀ ਸ਼ਿਕਾਇਤ ਕੀਤੀ ਹੈ ਜਿਸ ਵਿੱਚ ਇਸ ਗਾਣੇ ਨੂੰ ਗਾਉਣ ਵਾਲੇ ਅਤੇ ਇਸਦੇ ਪ੍ਰੋਡਿਊਸਰ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਪੁਲਸ ਆਪਣਾ ਕੰਮ ਜ਼ਰੂਰ ਕਰੇਗੀ।
ਇੰਨਾ ਹੀ ਨਹੀਂ ਅਜਿਹੇ ਸ਼ਰਾਬੀ ਹਥਿਆਰੀ ਗਾਣਿਆਂ ਦੇ ਖਿਲਾਫ਼ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਦਾਲਤੀ ਮਾਣਹਾਨੀ ਕੇਸ ਦਾਇਰ ਕੀਤਾ ਗਿਆ ਹੈ ਜਿਸ ਦੀ ਅਗਲੀ ਸੁਣਵਾਈ ਦੌਰਾਨ ਇਸ ਗਾਣੇ ਦੇ ਮਾਮਲੇ ਨੂੰ ਵੀ ਵਿਚਾਰ ਲਈ ਪੇਸ਼ ਕੀਤਾ ਜਾਵੇਗਾ। ਅਗਲੀ ਸੁਣਵਾਈ ਦੌਰਾਨ ਤੁਹਾਡੇ ਬਾਪੂਜੀ ਰੁਪਿੰਦਰ ਸਿੰਘ ਜੀ ਦੀ ਇਸ ਨਵੀਂ ਕਰਤੂਤ ਦਾ ਮੈਂ ਜਰੂਰ ਜ਼ਿਕਰ ਕਰਾਂਗਾ ਅਤੇ ਮਾਣਯੋਗ ਅਦਾਲਤ ਨੂੰ ਢੁਕਵੀਂ ਕਾਰਵਾਈ ਕਰਨ ਲਈ ਬੇਨਤੀ ਕਰਾਂਗਾ। ਮਾਣਯੋਗ ਅਦਾਲਤ ਵੀ ਆਪਣਾ ਕੰਮ ਕਰੇਗੀ। ਜ਼ਿਕਰਯੋਗ ਹੈ ਕਿ ਮਾਣਯੋਗ ਹਾਈਕੋਰਟ ਨੇ ਪਹਿਲਾਂ ਹੀ ਆਪਣੇ ਇਕ ਫ਼ੈਸਲੇ ਵਿਚ 22/ 7/ 2019 ਨੂੰ ਹੁਕਮ ਜਾਰੀ ਕੀਤਾ ਸੀ ਕਿ ਸ਼ਰਾਬੀ ਤੇ ਹਥਿਆਰੀ ਗਾਣੇ ਕਿਤੇ ਵੀ ਨਹੀਂ ਚੱਲਣਗੇ।
ਉਸ ਇਤਿਹਾਸਿਕ ਫੈਸਲੇ ਵਿੱਚ ਮਾਣਯੋਗ ਅਦਾਲਤ ਨੇ ਇਹ ਵੀ ਕਿਹਾ ਸੀ ਕਿ ਸ਼ਰਾਬ ਅਤੇ ਹਥਿਆਰਾਂ ਵਾਲ਼ੇ ਗਾਣੇ ਸਾਡੇ ਬੱਚਿਆਂ ਤੇ ਮਾੜਾ ਅਸਰ ਪਾਉਂਦੇ ਹਨ ਅਤੇ ਗੈਂਗਸਟਰ ਕਲਚਰ ਨੂੰ ਬੜਾਵਾ ਦਿੰਦੇ ਹਨ। ਪਰ ਫਿਰ ਵੀ ਕੁਝ ਗਾਇਕ ਅਜਿਹੇ ਇਤਰਾਜ਼ਯੋਗ ਗਾਣੇ ਗਾ ਰਹੇ ਹਨ ਜਿਹਨਾਂ ਦੇ ਖਿਲਾਫ਼ ਅਦਾਲਤੀ ਮਾਣਹਾਨੀ ਦਾ ਕੇਸ ਪਹਿਲਾਂ ਹੀ ਦਾਇਰ ਕੀਤਾ ਹੋਇਆ ਹੈ। ਪੜ੍ਹੇ ਲਿਖੇ ਤੁਹਾਡੇ ਬਾਪੂ ਜੀ ਰੁਪਿੰਦਰ ਸਿੰਘ ਵੱਲੋਂ ਮਾਣਯੋਗ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਅਜਿਹੇ ਸਮੇਂ ਵਿਚ ਵੈਲਪੁਣਾ ਵਰਗੇ ਗੈਰ ਕਨੂੰਨੀ ਗਾਣੇ ਗਾਉਣੇ ਬਹੁਤ ਗਲ਼ਤ ਹਰਕਤ ਹੈ। ਅਜਿਹੇ ਗਾਣੇ ਗਾ ਕੇ ਤੁਹਾਡੇ ਬਾਪੂ ਜੀ ਜਾਣੇ-ਅਨਜਾਣੇ ਵਿਚ ਤੁਹਾਡੇ ਸਮੇਤ ਪੰਜਾਬ ਦੇ ਬੱਚਿਆਂ ਤੇ ਬਹੁਤ ਗਲ਼ਤ ਅਸਰ ਪਾ ਰਹੇ ਹਨ। ਉਹ ਗੈਰ ਕਨੂੰਨੀ ਗਾਣਿਆਂ ਤੋਂ ਪੈਸੇ ਕਮਾਕੇ ਤੁਹਾਡੀ ਪਰਵਰਿਸ਼ ਕਰ ਰਹੇ ਹਨ ਜੋ ਕਿ ਬਹੁਤ ਮਾੜੀ ਹਰਕਤ ਹੈ।
ਕਿਸੇ ਵੀ ਚੰਗੇ ਬਾਪੂ ਨੂੰ ਆਪਣੇ ਬੱਚਿਆਂ ਨੂੰ ਚੰਗੀ ਕਿਰਤ ਕਰਨ, ਨਾਮ ਜਪਣ ਅਤੇ ਇਮਾਨਦਾਰੀ ਨਾਲ਼ ਰੋਟੀ ਕਮਾਕੇ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ ਪਰ ਤੁਹਾਡੇ ਬਾਪੂ ਰੁਪਿੰਦਰ ਸਿੰਘ ਜੀ ਜਦੋਂ ਖੁਦ ਹੀ ਇਮਾਨਦਾਰੀ ਦੀ ਕਿਰਤ ਨਹੀਂ ਕਰ ਰਹੇ ਤਾਂ ਤੁਹਾਨੂੰ ਕੀ ਸਿਖਾਉਣਗੇ?
ਪਿਆਰੇ ਬੱਚਿਓ, ਪੂਰੇ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ। ਬਹੁਤ ਸਾਰੇ ਗਾਇਕ ਕਿਸਾਨਾਂ ਦੇ ਹੱਕ ਵਿਚ ਗਾਣੇ ਗਾ ਰਹੇ ਹਨ। ਪਰ ਅਜਿਹੇ ਮੌਕੇ ਰੁਪਿੰਦਰ ਸਿੰਘ ਜੀ ਵੱਲੋਂ ਕਿਸਾਨਾਂ ਦੇ ਹੱਕ ਵਿਚ ਗਾਣੇ ਗਾਉਣ ਦੀ ਬਜਾਏ ਸ਼ਰਾਬੀ ਹਥਿਆਰੀ ਗਾਣੇ ਗਾਉਣਾ ਕਿੱਥੋਂ ਦੀ ਸਿਆਣਪ ਹੈ? ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਸ਼ਰਾਬੀ ਤੇ ਹਥਿਆਰੀ ਗਾਣੇ ਗਾਉਣ ਦਾ ਕੀ ਮਤਲਬ ਕੱਢਿਆ ਜਾਵੇ?
ਇਹ ਸਵਾਲ ਤੁਸੀਂ ਵੀ ਜ਼ਰੂਰ ਪੁੱਛੋ ਆਪਣੇ ਬਾਪੂ ਜੀ ਨੂੰ। ਯਾਦ ਰੱਖੋ ਕਿ ਆਪਣੇ ਉਜਲੇ ਭਵਿੱਖ ਲਈ ਸਵਾਲ ਪੁੱਛਣਾ ਤੁਹਾਡਾ ਹੱਕ ਹੈ। ਕੁਰਾਹੇ ਪਾਉਣ ਵਾਲ਼ੇ ਗਾਣਿਆਂ ਦੇ ਖਿਲਾਫ਼ ਸੁਆਲ ਪੁੱਛਣਾ ਹਰ ਇਕ ਬੱਚੇ ਦਾ ਹੱਕ ਹੈ ਕਿਉਂ ਕਿ ਆਖਰਕਾਰ ਗਲ਼ਤ ਗਾਣਿਆਂ ਦਾ ਅਸਰ ਤਾਂ ਉਹਨਾਂ ਤੇ ਹੀ ਹੋਣਾ ਹੈ।
ਬੱਚਿਆਂ ਨੇ ਹੀ ਵੱਡੇ ਹੋ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸੰਭਾਲਣਾ ਹੈ। ਇਸ ਲਈ ਤੁਹਾਡੀ ਬਹੁਤ ਵੱਡੀ ਜ਼ਿਮੇਦਾਰੀ ਬਣਦੀ ਹੈ ਕਿ ਤੁਸੀਂ ਆਪਣੇ ਬਾਪੂ ਜੀ ਨੂੰ ਇਹ ਸਵਾਲ ਜ਼ਰੂਰ ਪੁੱਛੋ। ਵੈਲਪੁਣਾ ਗਾਣੇ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਅਤੇ ਭਵਿੱਖ ਵਿਚ ਸਿਰਫ ਚੰਗੇ ਗਾਣੇ ਗਾਉਣ ਤੇ ਚੰਗੀਆਂ ਫਿਲਮਾਂ ਬਣਾਉਣ ਲਈ ਉਹਨਾਂ ਤੇ ਦਬਾਅ ਪਾਓ।
ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਬਹੁਤ ਹੀ ਪਿਆਰ ਕਰਨ ਵਾਲੇ ਤੁਹਾਡੇ ਬਾਪੂ ਜੀ ਤੁਹਾਡੀ ਗੱਲ ਜ਼ਰੂਰ ਮੰਨ ਲੈਣਗੇ।
ਪਿਆਰੇ ਬੱਚਿਓ, ਮੈਂ ਤਾਂ ਇੱਕ ਮੁਸਾਫ਼ਿਰ ਹਾਂ। ਪੰਜਾਬ ਦੀ ਰੋਟੀ ਖਾਣ ਵਾਲ਼ਾ ਮੈਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੀ ਗਲ਼ਤ ਪੇਸ਼ਕਾਰੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਹਾਂ। ਇਸ ਲਈ ਮੈਂ ਤੁਹਾਨੂੰ ਇਹ ਖ਼ਤ ਲਿਖ ਕੇ ਬੇਨਤੀ ਕਰ ਰਿਹਾ ਹਾਂ ਕਿ ਆਪਣੇ ਬਾਪੂ ਜੀ ਨੂੰ ਸਮਝਾ ਦੇਵੋ ਨਹੀਂ ਤਾਂ ਉਹਨਾਂ ਲਈ ਦੁਨਿਆਵੀ ਅਦਾਲਤ ਵਿਚ ਹੀ ਨਹੀਂ, ਅੱਗੇ ਪਰਮਾਤਮਾ ਦੀ ਵੱਡੀ ਅਦਾਲਤ ਵਿੱਚ ਵੀ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ।
ਪਿਆਰੇ ਬੱਚਿਓ ਆਖਰ ਵਿੱਚ ਇੱਕ ਵਾਰੀ ਫਿਰ ਤੁਹਾਨੂੰ ਪ੍ਰਣਾਮ ਕਰਦਾ ਹਾਂ ਕਿਉਂਕਿ ਤੁਸੀਂ ਬਹੁਤ ਸੋਹਣੀ ਪੰਜਾਬੀ ਬੋਲਦੇ ਹੋ ਅਤੇ ਸੋਹਣੀਆਂ ਦਸਤਾਰਾਂ ਸਜਾ ਕੇ ਰੱਖਦੇ ਹੋ। ਤੁਹਾਡੇ ਵਰਗੇ ਬੱਚਿਆਂ ਨਾਲ਼ ਹੀ ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਵਧ੍ਹ ਫੁੱਲ ਰਿਹਾ ਹੈ।
ਆਦਰ ਅਤੇ ਸਤਿਕਾਰ ਸਹਿਤ,
ਪੰਡਿਤਰਾਓ ਧਰੇਨਵਰ,
1006ਬੀ, ਸੈਕਟਰ-41ਬੀ,
ਚੰਡੀਗੜ੍ਹ।
– ਰਮੇਸ਼ਵਰ ਸਿੰਘ ਪਟਿਆਲਾ
9914880392