(ਸਮਾਜ ਵੀਕਲੀ)
ਭਾਰਤਵਰਸ਼ ਵਿਚ ਜਿੰਨੇ ਵੀ ਇਨਕਲਾਬੀ ਕਦਮ ਉੱਠੇ ਹਨ ਉਨ੍ਹਾਂ ਦਾ ਮੁੱਖ ਆਧਾਰ ਪੰਜਾਬ ਰਿਹਾ ਹੈ,ਭਾਰਤ ਨੂੰ ਆਜ਼ਾਦ ਕਰਾਉਣ ਲਈ ਹਰ ਪਾਸੇ ਜੂਝਣ ਲਈ ਪੰਜਾਬੀ ਕੁਰਬਾਨੀਆਂ ਦੇਣ ਲਈ ਮੋਹਰੀ ਹੋ ਕੇ ਖੜ੍ਹੇ ਸਨ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਇੱਥੋਂ ਦੀਆਂ ਖ਼ਾਸ ਸ਼ਖਸੀਅਤਾਂ ਹਨ,ਏਦਾਂ ਦੀ ਕੁਰਬਾਨੀਆਂ ਦੇ ਪਾਏ ਪੂਰਨੇ ਹੁਣ ਵੀ ਪੰਜਾਬੀਆਂ ਲਈ ਇੱਕ ਖ਼ਾਸ ਪੰਨਾ ਹਨ।ਦੇਸ਼ ਦੁਨੀਆਂ ਵਿੱਚ ਕਿਤੇ ਵੀ ਭੀੜ ਪੈਂਦੀ ਹੈ ਤਾਂ ਪੰਜਾਬੀ ਆਪਣੇ ਗੁਰੂਆਂ ਪੀਰਾਂ ਦੀ ਸਿੱਖਿਆ ਤੇ ਸ਼ਹੀਦਾਂ ਦੀਆ ਕੁਰਬਾਨੀਆਂ ਦੀ ਸੇਧ ਤੇ ਹਰ ਥਾਂ ਜਾ ਕੇ ਸਹਾਇਤਾ ਕਰਦੇ ਹਨ ਤੇ ਬਾਬਾ ਨਾਨਕ ਦਾ ਲੰਗਰ ਦੁਨੀਆਂ ਲਈ ਹਰ ਥਾਂ ਕਦੇ ਵੀ ਖੋਲ੍ਹਣਾ ਸਾਡੀ ਇਕ ਮਹਾਨਤਾ ਬਣ ਚੁੱਕਿਆ ਹੈ।
ਕੇਂਦਰੀ ਸਰਕਾਰ ਨੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਤਾਂ ਤੁਰੰਤ ਪੰਜਾਬ ਵਿੱਚੋਂ ਯੋਧਿਆਂ ਦੀ ਆਵਾਜ਼ ਉੱਠੀ,ਉਸ ਦਿਨ ਹੀ ਧਰਨੇ ਦਾ ਰੂਪ ਧਾਰ ਲਿਆ।ਸਾਡੇ ਮਹਾਨ ਨੇਤਾਵਾਂ ਨੇ ਸਾਡੇ ਸੂਰਬੀਰ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਚਾਲੂ ਕੀਤਾ ਤੇ ਰੇਲ ਗੱਡੀਆਂ ਨੂੰ ਰੋਕਿਆ ਕਮਾਲ ਇਹ ਹੋਈ ਇਸ ਵਾਰ ਬੀਬੀਆਂ ਭੈਣਾਂ ਵੀ ਮੋਢੇ ਨਾਲ ਮੋਢਾ ਜੋਡ਼ ਕੇ ਪਹਿਲੇ ਦਿਨ ਹੀ ਧਰਨੇ ਵਿੱਚ ਸ਼ਾਮਲ ਹੋ ਚੁੱਕੀਆਂ ਸਨ।ਸਾਡੇ ਕਿਸਾਨ ਮਜ਼ਦੂਰ ਨੇਤਾਵਾਂ ਨੇ ਧਰਨੇ ਦੇ ਨਾਲ ਏਨੀ ਸੋਹਣੀ ਬਣਤ ਬਣਾਈ,ਇਕ ਸਾਲ ਪਹਿਲਾਂ ਅੱਜ ਦੇ ਦਿਨ ਜਾ ਕੇ ਦਿੱਲੀ ਨੂੰ ਚਾਰੋਂ ਪਾਸੇ ਤੋਂ ਘੇਰ ਲਿਆ।
ਕੇਂਦਰ ਸਰਕਾਰ ਨੇ ਜਿਵੇਂ ਧੱਕੇ ਨਾਲ ਬਿੱਲ ਪਾਸ ਕੀਤਾ ਸੀ ਪਤਾ ਸੀ ਕਿ ਕਿਸਾਨ ਮੋਰਚੇ ਲਾਉਣਗੇ ਰਾਹ ਵਿਚ ਬਹੁਤ ਗਲਤ ਤਰੀਕਿਆਂ ਨਾਲ ਰੋੜੇ ਅਟਕਾਉਣ ਦੀ ਕੋਸ਼ਿਸ਼ ਕੀਤੀ,ਰੋੜੇ ਕੀ ਸਾਡੇ ਨੌਜਵਾਨ ਯੋਧਿਆਂ ਨੇ ਕਿਸ ਤਰ੍ਹਾਂ ਰਸਤਿਆਂ ਨੂੰ ਸਾਫ਼ ਕੀਤਾ ਪੂਰੀ ਦੁਨੀਆ ਜਾਣਦੀ ਹੈ।ਕੇਂਦਰ ਸਰਕਾਰ ਨੇ ਜੀਐੱਸਟੀ,ਨੋਟਬੰਦੀ ਜਿਹੇ ਅਨੇਕਾਂ ਕੰਮ ਧੱਕੇ ਨਾਲ ਹੀ ਕੀਤੇ ਸਨ,ਅਜਿਹੇ ਕੰਮ ਕਰ ਕੇ ਕੇਂਦਰ ਨੇ ਸੋਚਿਆ ਕਿ ਸਾਡੀ ਹਰ ਪਾਸੇ ਜਿੱਤ ਹੈ।ਕਾਲੇ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਜੇ ਕਿਤੇ ਪੰਜਾਬ ਦਾ ਇਤਿਹਾਸ ਪੜ੍ਹਿਆ ਹੁੰਦਾ ਤਾਂ ਅਜਿਹਾ ਕੁਝ ਵੀ ਹੋਣ ਵਾਲਾ ਨਹੀਂ ਸੀ।ਜ਼ੋਰ ਜ਼ਬਰਦਸਤੀ ਪਤਾ ਹੈ ਕਿ ਪੰਜਾਬੀ ਲੋਕ ਕਦੇ ਸਹਿੰਦੇ ਨਹੀਂ,ਗੋਦੀ ਤੇ ਸਰਕਾਰੀ ਮੀਡੀਆ ਨੇ ਸਾਡੇ ਯੋਧਿਆਂ ਨੂੰ ਅਤਿਵਾਦੀ ਵੱਖਵਾਦੀ ਹੋਰ ਘਟੀਆ ਕਿਸਮ ਦੇ ਸ਼ਬਦਾਂ ਨਾਲ ਸੰਬੋਧਨ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।
ਪਰ ਸਾਡੇ ਗੁਰੂਆਂ ਪੀਰਾਂ ਦੀ ਦਿੱਤੀ ਸਿੱਖਿਆ “ਸਬਰ ਸੰਤੋਖ” ਨਾਲ ਭਰਪੂਰ ਸਾਡੇ ਯੋਧੇ ਜਦੋਂ ਅੜ ਕੇ ਬੈਠ ਗਏ,ਤਾਂ ਹਰਿਆਣਾ ਯੂਪੀ ਰਾਜਸਥਾਨ ਦੇ ਕਿਸਾਨ ਵੀ ਧੜਾ ਧੜ ਆ ਕੇ ਨਾਲ ਜੁੜੇ। ਸਰਕਾਰ ਨੂੰ ਕਾਲੇ ਕਾਨੂੰਨ ਬਣਾਉਣ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਦਾ ਕਾਲਾ ਭੂਤ ਸਾਡੇ ਦੇਸ਼ ਵਿੱਚ ਛੱਡਿਆ ਹੋਇਆ ਸੀ ਕਿ ਜਨਤਾ ਚੁੱਪ ਕਰਕੇ ਬੈਠੀ ਰਹੇਗੀ ਤੇ ਸਾਡਾ ਮਾਮਲਾ ਫਿੱਟ ਹੋ ਜਾਵੇਗਾ।ਕਿਉਂਕਿ ਰਾਜਨੀਤਕ ਪਾਰਟੀਆਂ ਨੇ ਜਾਤੀਵਾਦ ਧਰਮਵਾਦ ਕੁੱਟ ਕੁੱਟ ਕੇ ਸਾਡੀ ਜਨਤਾ ਵਿਚ ਭਰਨ ਦੀ ਕੋਸ਼ਿਸ਼ ਕੀਤੀ ਸੀ।ਪਰ ਇਸ ਗੱਲੋਂ ਅਣਜਾਣ ਸਨ ਕਿ ਸਾਡੇ ਕਿਸਾਨ ਤੇ ਮਜ਼ਦੂਰ ਨੇਤਾ ਇਕ ਦਹਾਕੇ ਤੋਂ ਜਾਣਦੇ ਸੀ,ਕਿ ਸਾਡੇ ਖੇਤਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਕਦੇ ਵੀ ਦਿੱਤਾ ਜਾ ਸਕਦਾ ਹੈ।ਕਾਨੂੰਨ ਬਾਅਦ ਵਿਚ ਬਣਿਆ ਪਰ ਸਾਡੇ ਨੇਤਾਵਾਂ ਦੀ ਤਿਆਰੀ ਪਹਿਲਾਂ ਹੀ ਪੂਰਨ ਰੂਪ ਵਿੱਚ ਕੀਤੀ ਹੋਈ ਸੀ।
ਸੋਸ਼ਲ ਮੀਡੀਆ ਤੇ ਸਾਡੇ ਨੌਜਵਾਨਾਂ ਨੇ ਜ਼ੋਰਦਾਰ ਪ੍ਰਚਾਰ ਕੀਤਾ ਤਾਂ ਪੂਰੇ ਭਾਰਤ ਦੀਆਂ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਨਾਲ ਆ ਜੁੜੀਆਂ ਕੁੱਲ ਮਿਲਾ ਕੇ ਪੰਜ ਸੌ ਯੂਨੀਅਨਾਂ ਦਾ ਮੇਲ ਜੋਲ ਕੁਝ ਹੀ ਦਿਨਾਂ ਵਿੱਚ ਹੋ ਗਿਆ।ਇੱਕ ਹੋਰ ਘਟੀਆ ਚਾਲ 26 ਜਨਵਰੀ ਨੂੰ ਕੁਝ ਖ਼ਰੀਦੇ ਹੋਏ ਨੌਜਵਾਨਾਂ ਤੋਂ ਕਰਵਾਈ ਪਰ ਸੱਚ ਕਦੇ ਹਾਰਦਾ ਨਹੀਂ। ਭਾਰੀ ਇਕੱਠ ਵੇਖ ਕੇ ਵਿਦੇਸ਼ੀ ਮੀਡੀਆ ਨੇ ਵੀ ਅਸਲੀ ਤਸਵੀਰ ਪੂਰੀ ਦੁਨੀਆਂ ਦੇ ਸਾਹਮਣੇ ਪੇਸ਼ ਕੀਤੀ।ਵਿਦੇਸ਼ੀ ਸਰਕਾਰਾਂ ਦੀਆਂ ਪਾਰਲੀਮੈਂਟਾਂ ਦੇ ਵਿਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉੱਠਣ ਲੱਗੀ,ਕੇਂਦਰ ਦਾ ਪੂਰੀ ਦੁਨੀਆਂ ਵਿਚ ਵਿਰੋਧ ਹੋਣ ਲੱਗਿਆ।ਵਿਖਾਵੇ ਵਾਗੂੰ ਕਿਸਾਨ ਸੰਘਰਸ ਯੂਨੀਅਨਾਂ ਨਾਲ 11ਕੇਂਦਰ ਸਰਕਾਰ ਮੰਤਰੀਆਂ ਤੇ ਪ੍ਰਸ਼ਾਸਨ ਨੇ ਮੀਟਿੰਗਾਂ ਕੀਤੀਆਂ ਜਿਸ ਤੋਂ ਕਿਸਾਨਾਂ ਨੂੰ ਤਾਂ ਕੀ ਸਿਖਾਉਣਾ ਸੀ,ਕੇਂਦਰ ਸਰਕਾਰ ਦੇ ਮੰਤਰੀ ਤੇ ਪ੍ਰਸ਼ਾਸਨ ਸਮਝ ਗਿਆ ਕਿ ਇਹ ਕਾਲੇ ਕਾਨੂੰਨ ਗਲਤ ਹਨ।
ਪਰ “ਚੱਕੀ ਹੋਈ ਲੰਬੜਾਂ ਦੀ ਥਾਣੇਦਾਰਦੇ ਬਰਾਬਰ ਬੋਲੇ”ਸਾਡੇ ਪ੍ਰਧਾਨ ਮੰਤਰੀ ਜੀ ਨੇ ਮੁਹਾਰਨੀਂ ਆਪਣੇ ਸਾਰੇ ਮੰਤਰੀ ਐੱਮਪੀ ਤੇ ਐੱਮਐੱਲਏ ਨੂੰ ਰਟਾ ਦਿੱਤੀ ਕੇ ਤਿੰਨੋਂ ਕਾਨੂੰਨ ਕਿਸਾਨਾਂ ਦੇ ਫ਼ਾਇਦੇ ਲਈ ਹਨ।ਮੀਟਿੰਗਾਂ ਵਿੱਚ ਕਿਸਾਨਾਂ ਦੀ ਗੱਲ ਸੁਣ ਲੈਂਦੇ ਪਰ ਮੋਦੀ ਸਾਹਿਬ ਦੀ ਫੜਾਈ ਹੋਈ ਬੀਨ ਦਾ ਰਾਗ ” ਤੀਨੋ ਕਨੂੰਨ ਕਿਸ਼ਾਨੋ ਕੀ ਆਮਦਨ ਦੁੱਗਣੀ ਕਰਨੇ ਕੇ ਲੀਏ ਬਣਾਏ ਗਏ ਹੈ” ਗੱਲਬਾਤ ਕਰਨ ਆਏ ਮੰਤਰੀ ਤੇ ਅਧਿਕਾਰੀ ਇਹ ਸੁਰ ਲਗਾ ਕੇ ਮੀਟਿੰਗ ਖ਼ਤਮ ਕਰ ਦਿੰਦੇ ਸਨ। ਕਿਸਾਨ ਸੰਘਰਸ਼ ਵਿਚ ਸੱਤ ਸੌ ਤੂੰ ਵੱਧ ਯੋਧੇਆਂ ਨੂੰ ਸ਼ਹੀਦੀ ਦਾ ਜਾਮ ਪੀਣਾ ਪਿਆ ਪਰ ਸ਼ਹੀਦਾਂ ਦੇ ਪਾਏ ਹੋਏ ਪੂਰਨੇ ਸਾਡੇ ਖ਼ੂਨ ਵਿੱਚ ਭਰੇ ਹੋਏ ਹਨ।ਪ੍ਰਧਾਨਮੰਤਰੀ ਜੀ ਦੇ ਛੱਡੇ ਹੋਏ ਚਮਚਿਆਂ ਨੇ ਬਹੁਤ ਸਾਰੀਆਂ ਧੁਨਾਂ ਤੇ ਤਰਜ਼ਾਂ ਲਗਾ ਕੇ ਵੇਖੀਆਂ ਪਰ ਜੋ ਕੜੀ ਮਿਹਨਤ ਨਾਲ ਅਨਾਜ ਪੈਦਾ ਕਰਕੇ ਪੂਰੀ ਦੁਨੀਆਂ ਦਾ ਢਿੱਡ ਭਰਦੇ ਹਨ,ਉਹ ਆਪਣੀ ਮਾਂ ਧਰਤੀ ਕਿਵੇਂ ਕਿਸੇ ਨੂੰ ਦੇ ਦੇਣਗੇ।
ਕੁਝ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਾਡੇ ਕਿਸਾਨ ਤੇ ਮਜ਼ਦੂਰਾਂ ਨੇ ਜਾ ਕੇ ਉਨ੍ਹਾਂ ਰਾਜਾਂ ਦੇ ਲੋਕਾਂ ਨੂੰ ਸੱਚ ਦਾ ਪਾਠ ਪੜ੍ਹਾਇਆ ਤੇ ਕੇਂਦਰ ਸਰਕਾਰ ਦੀ ਪਾਰਟੀ ਮੂਧੇ ਮੂੰਹ ਗਿਰ ਗਈ।ਹੁਣ ਪੰਜਾਬ ਸਮੇਤ ਕਈ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ,ਆਪਣੀ ਪਾਰਟੀ ਦੀ ਸਾਖ ਗਿਰਦੀ ਹੋਈ ਵੇਖ ਕੇ ਮੋਦੀ ਸਾਹਿਬ ਨੇ ਜੋ ਗੱਲ ਇਕ ਸਾਲ ਪਹਿਲਾਂ ਕਹਿਣੀ ਸੀ ਉਹ ਕਹਿ ਹੀ ਦਿੱਤੀ। ਅਸੀਂ ਕੁਝ ਕੁ ਕਿਸਾਨਾਂ ਨੂੰ ਕਾਨੂੰਨਾਂ ਦੀ ਅਹਿਮੀਅਤ ਬਾਰੇ ਸਮਝਾ ਨਹੀਂ ਸਕੇ ਇਸ ਲਈ ਅਸੀਂ ਇਹ ਕਾਨੂੰਨ ਵਾਪਸ ਲੈਂਦੇ ਹਾਂ,ਕਹਿੰਦੇ ਹਨ “ਬੱਕਰੀ ਨੇ ਦੁੱਧ ਦਿੱਤਾ ਮੀਂਗਣਾਂ ਘੋਲ ਕੇ”ਸੱਚ ਦੇ ਰਸਤੇ ਤੇ ਪ੍ਰਧਾਨ ਮੰਤਰੀ ਜੀ ਆਏ ਪਰ ਸੱਚ ਬੋਲ ਨਹੀਂ ਸਕੇ। 26 ਨਵੰਬਰ,2021ਨੂੰ ਸੰਘਰਸ਼ ਮੋਰਚੇ ਦਾ ਇਕ ਸਾਲ ਪੂਰਾ ਹੋ ਜਾਵੇਗਾ ਪਰ ਇਹ ਇਕ ਸਾਲ ਦਾ ਪੰਨਾ ਪੂਰੀ ਦੁਨੀਆਂ ਲਈ ਇਤਿਹਾਸਕ ਪੰਨਾ ਹੈ।ਤਿੰਨ ਕਾਲੇ ਕਾਨੂੰਨਾਂ ਜਿਹੇ ਕਨੂੰਨ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਹਨ,ਪਰ ਸਾਡੇ ਯੋਧਿਆਂ ਨੇ ਪੂਰੀ ਦੁਨੀਆਂ ਨੂੰ ਦੱਸ ਦਿੱਤਾ ਕਿ ਇਹ ਕਾਨੂੰਨ ਜਨਤਾ ਦੇ ਭਲੇ ਲਈ ਨਹੀਂ ਹਨ।
ਪੂਰੀ ਦੁਨੀਆਂ ਵਿੱਚ ਜਿੰਨੇ ਵੀ ਸੰਘਰਸ਼ਮਈ ਧਰਨੇ ਲੱਗੇ ਹਨ,ਸਭ ਤੋਂ ਉੱਤਮ ਮੋਰਚਾ ਕਿਸਾਨ ਸੰਘਰਸ ਦਿੱਲੀ ਦਾ ਹੋ ਨਿੱਬੜਿਆ।ਗੱਲ ਮੋਰਚੇ ਵਿੱਚ ਬੈਠੇ ਲੋਕਾਂ ਦੀ ਗਿਣਤੀ ਦੀ ਨਹੀਂ ਕਰ ਰਿਹਾ,ਜਨਤਾ ਦਾ ਸਬਰ,ਸੰਤੋਖ ਜਾਤ ਪਾਤ,ਧਰਮ ਕੁਝ ਨਹੀਂ ਹੁੰਦਾ ਆਪਸੀ ਪਿਆਰ ਇੱਕ ਨਵਾਂ ਇਤਿਹਾਸ ਬਣਾ ਸਕਦਾ ਹੈ।ਮੋਰਚੇ ਤੋਂ ਪਹਿਲਾਂ ਜੋ ਭਾਰਤ ਦੀ ਤਸਵੀਰ ਸੀ ਅੱਜ ਉਹ ਨਹੀਂ ਹੈ ਹੁਣ ਰਾਜਨੀਤਕ ਪਾਰਟੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਨਤਾ ਦੀ ਸੇਵਾ ਵਾਲੇ ਰਸਤੇ ਤੇ ਆਉਣਾ ਪਵੇਗਾ।ਕੋਈ ਵੀ ਨੇਤਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਨਾਲ ਸਾਡੀ ਜਨਤਾ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਜੁਟਾ ਚੁੱਕੀ ਹੈ।ਇਸ ਇੱਕ ਸਾਲ ਦੀ ਕੜੀ ਮਿਹਨਤ ਨੇ ਪੂਰੀ ਦੁਨੀਆਂ ਨੂੰ ਸਬਕ ਸਿਖਾ ਦਿੱਤਾ ਹੈ।ਸਰਕਾਰਾਂ ਤੇ ਰਾਜਨੀਤਕ ਪਾਰਟੀਆਂ ਕੁਝ ਨਹੀਂ ਹੁੰਦੀਆਂ ਜਦੋਂ ਇਨਕਲਾਬ ਦੇ ਨਾਅਰੇ ਮਿਲ ਜੁਲ ਕੇ ਮਾਰੇ ਜਾਣ।
ਕਿਸਾਨ ਸੰਘਰਸ਼ ਦੀ ਜਿੱਤ ਦੁਨੀਆਂ ਲਈ ਇਕ ਇਤਿਹਾਸਕ ਪੰਨਾ ਬਣ ਗਿਆ ਹੈ,ਜੋ ਪੂਰੀ ਦੁਨੀਆਂ ਦੇ ਸਕੂਲਾਂ ਕਾਲਜਾਂ ਵਿੱਚ ਪੜ੍ਹਾਇਆ ਜਾਵੇਗਾ।ਜਦੋਂ ਵੀ ਕਿਸੇ ਦੇਸ਼ ਦੀ ਜਨਤਾ ਤੇ ਸਰਕਾਰ ਕੁਝ ਗ਼ਲਤ ਤਰੀਕੇ ਠੋਸਣ ਦੀ ਕੋਸ਼ਿਸ਼ ਕਰੇਗੀ,ਇਸ ਇਨਕਲਾਬੀ ਸੰਘਰਸ਼ ਦੀ ਕਿਤਾਬ ਵਿੱਚੋਂ ਸਬਕ ਪੜ੍ਹ ਕੇ ਪੂਰੀ ਦੁਨੀਆਂ ਦੇ ਯੋਧੇ ਜਿੱਤ ਹਾਸਲ ਕਰਨਗੇ।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ।
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly