ਕਿਸਾਨੀ ਮੋਰਚੇ ਦੀ ਇਤਿਹਾਸਕ ਜਿੱਤ ਤੋਂ ਬਾਅਦ !

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਭਾਰਤ ਸਰਕਾਰ ਨੇ ਕਰੋਨੇ ਦਾ ਭੂਤ ਛੱਡ ਕੇ ਕਾਲੇ ਕਾਨੂੰਨ ਪਾਸ ਕੀਤੇ,ਕਿਸਾਨ ਮਜ਼ਦੂਰਾਂ ਨੇ ਪੂਰੀ ਦੁਨੀਆਂ ਨੂੰ ਵਿਖਾ ਦਿੱਤਾ ਹੈ ਕਿ ਕਰੋੜਾਂ ਭਾਰਤ ਦੇ ਕਿਸਾਨ ਮਜ਼ਦੂਰ ਸਾਡੀਆਂ ਬੀਬੀਆਂ ਭੈਣਾਂ ਤੇ ਬੱਚੇ ਇਕੱਠੇ ਦਿੱਲੀ ਵਿੱਚ ਮੋਰਚਾ ਲਗਾ ਕੇ ਬੈਠੇ ਹਨ ਇਨ੍ਹਾਂ ਉੱਤੇ ਕਰੋਨੇ ਦਾ ਹਮਲਾ ਕਿਉਂ ਨਹੀਂ ਹੋਇਆ ?ਸਭ ਤੋਂ ਪਹਿਲਾਂ ਤਾਂ ਕਿਸਾਨ ਮੋਰਚੇ ਨੇ ਪੂਰੀ ਦੁਨੀਆਂ ਨੂੰ ਇਹ ਵਿਖਾ ਦਿੱਤਾ ਕਿ ਬਿਮਾਰੀਆਂ ਸਾਰਥਿਕ ਰੂਪ ਵਿਚ ਹੁੰਦੀਆਂ ਨਹੀਂ ਇਨ੍ਹਾਂ ਦਾ ਮੱਕੜ ਜਾਲ ਫੈਲਾਇਆ ਜਾਂਦਾ ਹੈ।ਕੀ ਸਾਰੀ ਦੁਨੀਆਂ ਦੇ ਸਾਇੰਸਦਾਨ ਤੇ ਡਾਕਟਰ ਇਸ ਗੱਲ ਦਾ ਜਵਾਬ ਦੇਣਗੇ ਕਿ ਦਿੱਲੀ ਵਿਚ ਕੋਰੋਨਾ ਗੰਭੀਰ ਰੂਪ ਵਿਚ ਫੈਲਿਆ ਹੋਇਆ ਸੀ ਕੀ ਹੁਣ ਭੀੜ ਭੜੱਕੇ ਤੋਂ ਡਰ ਕੇ ਭੱਜ ਗਿਆ?

ਕਿਸਾਨ ਮੋਰਚਾ ਬਹੁਤ ਜਾਤੀ ਇਨਕਲਾਬੀ ਰੂਪ ਵਿੱਚ ਜਿੱਤ ਪ੍ਰਾਪਤ ਕਰਨ ਵਾਲਾ ਹੈ,ਪਰ ਕੇਂਦਰੀ ਸਰਕਾਰ ਨੂੰ ਉਹ ਰਸਤਾ ਨਹੀਂ ਲੱਭ ਰਿਹਾ ਕਿਸਾਨਾਂ ਤੇ ਮਜ਼ਦੂਰਾਂ ਦੇ ਸਾਹਮਣੇ ਹਥਿਆਰ ਸੁੱਟੇ।ਰਾਜਨੀਤਕ ਪਾਰਟੀਆਂ ਨੇ ਪੂਰੇ ਭਾਰਤ ਨੂੰ ਬਖੇਰ ਕੇ ਰੱਖ ਦਿੱਤਾ ਸੀ,ਪਰ ਜਦੋਂ ਖੇਤੀ ਸਬੰਧੀ ਕਾਲੇ ਕਾਨੂੰਨ ਪਾਸ ਕੀਤੇ ਪੰਜਾਬ ਦੇ ਕਿਸਾਨਾਂ ਨੇ ਬਿਗਲ ਵਜਾਇਆ,ਤਾਂ ਭਾਰਤ ਦੀਆਂ ਸਾਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੂੰ ਦੋ ਕੁ ਕਾਰਪੋਰੇਟ ਘਰਾਣਿਆ ਨੂੰ ਪੂਰੀ ਖੇਤੀ ਨੂੰ ਵੇਚਣ ਦਾ ਰਾਗ ਤੁਰੰਤ ਸਮਝ ਆ ਗਿਆ।ਅੱਜ ਪੂਰੀ ਦੁਨੀਆਂ ਵੇਖ ਰਹੀ ਹੈ ਪੰਜ ਸੌ ਦੇ ਕਰੀਬ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਮੋਢੇ ਨਾਲ ਮੋਢਾ ਜੋਡ਼ ਕੇ ਦਿੱਲੀ ਵਿਚ ਝੰਡੇ ਗੱਡ ਕੇ ਬੈਠੀਆਂ ਹਨ,ਇਸ ਨੂੰ ਪੱਕੀ ਜਿੱਤ ਹੀ ਕਹਿ ਸਕਦੇ ਹਾਂ।

ਗੋਦੀ ਮੀਡੀਆ ਨੇ ਸਾਡੇ ਕਿਸਾਨਾਂ ਨੂੰ ਬਹੁਤ ਘਟੀਆ ਰੁਤਬੇ ਦਿੱਤੇ ਹਨ ਜੋ ਲਿਖਣ ਦੀ ਜ਼ਰੂਰਤ ਨਹੀਂ,ਪੂਰੀ ਦੁਨੀਆਂ ਦਾ ਪੇਟ ਭਰਨ ਵਾਲੇ ਸੇਵਾਦਾਰਾਂ ਨੂੰ ਅਜਿਹੇ ਸ਼ਬਦ ਸੁਣਨੇ ਹੀ ਬਹੁਤ ਮੁਸ਼ਕਿਲ ਲੱਗਦੇ ਹਨ ਪਤਾ ਨੀ ਇਹ ਚੈਨਲਾਂ ਦੇ ਪ੍ਰਸਾਰਤ ਕਰਤਾ ਕਿਹੜੇ ਗ੍ਰਹਿ ਤੋਂ ਆਏ ਹਨ ਚਾਰ ਪੈਸੇ ਦੇ ਦੇਵੋ ਕੁਝ ਵੀ ਬੋਲ ਦਿੰਦੇ ਹਨ।ਆਪਾਂ ਨੂੰ ਗੋਦੀ ਮੀਡੀਆ ਵਰਕਰਾਂ ਨਾਲ ਝਗੜਾ ਕਰਨ ਦੀ ਕੋਈ ਜ਼ਰੂਰਤ ਨਹੀਂ ਚੈਨਲਾਂ ਦੇ ਕੁਨੈਕਸ਼ਨ ਕਟਾ ਦੇਵੋ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ।ਸੋਸ਼ਲ ਮੀਡੀਆ ਯੂ ਟਿਊਬ ਚੈਨਲਾਂ ਵਾਲੇ ਤੇ ਸਾਡੇ ਪੰਜਾਬੀ ਅਖ਼ਬਾਰ ਦੇਸੀ ਤੇ ਵਿਦੇਸ਼ੀ ਕਿਸਾਨਾਂ ਦੇ ਹੱਕ ਤੇ ਸੱਚ ਵਿਚ ਪੂਰਨ ਰੂਪ ਵਿੱਚ ਭੁਗਤੇ ਹਨ,ਲੋਕਰਾਜ ਦਾ ਚੌਥਾ ਥੰਮ੍ਹ ਇਹਨਾਂ ਨੇ ਜਿਊਂਦਾ ਰੱਖ ਲਿਆ ਹੈ।

ਉਹ ਦਿਨ ਦੂਰ ਨਹੀਂ ਜਦੋਂ ਟੈਲੀਵਿਜ਼ਨ ਦੇ ਸਾਰੇ ਪ੍ਰਸਾਰਨ ਬੰਦ ਹੋ ਜਾਣਗੇ।ਸਾਨੂੰ ਸੋਸ਼ਲ ਮੀਡੀਆ ਨੇ ਸੇਧ ਦਿੱਤੀ ਤੇ ਜਿੱਤ ਦੀਆਂ ਲੀਹਾਂ ਤੇ ਲੈ ਕੇ ਆਏ ਜਿਸ  ਇਨਕਲਾਬੀ ਜਿੱਤ ਦਾ ਸੁਨੇਹਾ ਆਉਣਾ ਬਾਕੀ ਹੈ।    ਨਗਰਪਾਲਿਕਾ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਅਗਲੇ ਮਹੀਨੇ ਹੋਣ ਦਾ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ।ਜਿਵੇਂ ਸਾਡੀਆਂ ਕਿਸਾਨ ਯੂਨੀਅਨਾਂ ਨੇ ਰਾਜਨੀਤਕ ਪਾਰਟੀਆਂ ਨੂੰ ਸਟੇਜ ਤੇ ਚੜ੍ਹਨ ਨਹੀਂ ਦਿੱਤਾ ਫਿਰ ਇਨ੍ਹਾਂ ਚੋਣਾਂ ਵਿਚ ਉਨ੍ਹਾਂ ਨੂੰ ਵੋਟ ਦੇਣੀ ਤਾਂ ਦੂਰ ਦੀ ਗੱਲ ਹੈ ਆਪਣੇ ਨੇੜੇ ਤੇੜੇ ਢੁਕਣ ਨਾ ਦੇਵੋ।ਸਾਡੀਆਂ ਕਿਸਾਨ ਯੂਨੀਅਨ ਦੇ ਨੇਤਾਵਾਂ ਤੇ ਨੌਜਵਾਨ  ਦੀ ਸਾਰਥਿਕ ਸੋਚ ਹੈ ਜਿਸ ਨਾਲ ਕਿਸਾਨ ਮੋਰਚੇ ਨੂੰ ਤੋੜਨ ਦੀਆਂ ਸਰਕਾਰ ਵੱਲੋਂ ਬਹੁਤ ਗ਼ਲਤ ਨੀਤੀਆਂ ਅਪਣਾਈਆਂ ਗਈਆਂ ਪਰ ਸਾਡੇ ਯੋਧਿਆਂ ਨੇ ਜਿੱਤ ਪ੍ਰਾਪਤ ਕੀਤੀ ਹੈ।ਏਨਾ ਵੱਡਾ ਘੋਲ ਜਿੱਤਣ ਵਾਲੇ ਸਾਡੇ ਉਮੀਦਵਾਰ ਕਿਉਂ ਨਹੀਂ ਬਣ ਸਕਦੇ ? ਰਾਜਨੀਤਕ ਪਾਰਟੀਆਂ ਨੇ ਆਪਣੇ ਇਲਾਕਾਈ ਪ੍ਰਧਾਨ ਬਣਾਉਣੇ ਚਾਲੂ ਕਰ ਦਿੱਤੇ ਹਨ,ਨਸ਼ੇ ਪੱਤੇ ਦਾ ਇੰਤਜ਼ਾਮ ਵੀ ਚੰਗੀ ਤਰ੍ਹਾਂ ਕਰ ਰਹੇ ਹੋਣਗੇ ਪਰ ਸਾਡੇ ਨੌਜਵਾਨਾਂ ਨੇ ਵਿਖਾ ਦਿੱਤਾ ਹੈ ਕਿ ਅਸੀਂ ਨਸ਼ੇੜੀ ਨਹੀਂ ਹਾਂ।                                                        

ਰਾਜਨੀਤਕ ਪਾਰਟੀਆਂ ਨੇ ਆਪਣੀ ਕੁਰਸੀ ਹਮੇਸ਼ਾ ਸਥਾਪਤ ਰੱਖਣ ਲਈ ਸਾਨੂੰ ਸੂਬਿਆਂ ਵਿੱਚ ਵੰਡ ਦਿੱਤਾ,ਆਪਣਾ ਹਰਿਆਣਾ ਤੇ ਹਿਮਾਚਲ ਵਿੱਚ ਰਹਿੰਦੇ ਲੋਕਾਂ ਨਾਲ ਕਿਹੜੀ ਦੁਸ਼ਮਣੀ ਸੀ ਦੋਨਾਂ ਰਾਜਾਂ ਵਿੱਚ ਅੱਧੇ ਪੰਜਾਬੀ ਭਾਸ਼ਾਈ ਲੋਕ ਰਹਿੰਦੇ ਹਨ।ਭੈਣਾਂ ਭਰਾਵਾਂ ਦਾ ਰਿਸ਼ਤਾ ਤਾਂ ਤੋੜਿਆ ਹੀ ਸਾਡੀ ਮਾਂ ਬੋਲੀ ਪੰਜਾਬੀ ਨੂੰ ਵੀ ਬਹੁਤ ਵੱਡੀ ਠੇਸ ਪਹੁੰਚੀ ਅੱਜ ਆਪਣੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੱਡੇ ਭਾਈ ਦਾ ਰੁਤਬਾ ਦੇ ਕੇ ਮਿਲ ਕੇ ਮਸਲੇ ਵਿਚਾਰ ਰਹੇ ਹਨ ਤੇ ਖੁੱਲ੍ਹੇ ਲੰਗਰ ਵਰਤਾ ਰਹੇ ਹਨ।ਸਰਕਾਰ ਨੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਤੱਕਲਾ ਗੱਡਣ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਬਿਟਰ ਬਿਟਰ ਦੇਖਦੀ ਰਹਿ ਗਈ।ਹੁਣ ਆਪਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਜਾਤਾਂ ਪਾਤਾਂ ਅਤੇ ਧਰਮਾਂ ਦੇ ਬਿਗਲ ਨਾ ਵਜਾਉ ਅਸੀਂ ਸਾਰੇ ਇੱਕ ਹਾਂ ਆਪਣੀਆਂ ਸਬਸਿਡੀਆਂ,ਸਭ ਨੂੰ ਮਿਲ ਕੇ ਕੰਮ ਕਰਨ ਦੇਵੋ ਤੁਹਾਡੇ ਨਕਲੀ ਆਟਾ ਦਾਲ ਦੀ ਇੱਥੇ ਕੋਈ ਜ਼ਰੂਰਤ ਨਹੀਂ।ਸਾਨੂੰ ਪੂਰੀ ਦੁਨੀਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਅਸੀਂ ਭਾਰਤੀ ਹਾਂ ਤੇ ਸਾਡਾ ਧਰਮ ਇਨਸਾਨੀਅਤ ਹੈ।

ਸਾਡੇ ਗਾਇਕਾਂ ਤੇ ਗੀਤਕਾਰਾਂ ਕਿਸਾਨ ਮੋਰਚੇ ਦੇ ਹਾਲਾਤ ਵੇਖ ਕੇ ਆਪਣੀ ਕਲਮ ਦਾ ਮੂੰਹ ਸਹੀ ਰਸਤੇ ਮੋੜ ਲਿਆ ਹੈ।ਕਾਰਪੋਰੇਟ ਘਰਾਣਿਆਂ ਨੇ ਹੀ ਮੈਰਿਜ ਪੈਲੇਸ ਆਪਣੀ ਕਮਾਈ ਲਈ ਸਥਾਪਤ ਕੀਤੇ,ਡੀ ਜੇ ਤੇ ਘਟੀਆ ਕਿਸਮ ਦੇ ਗੀਤ ਵਜਾ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਖ਼ਰਾਬ ਕਰਨ ਦਾ ਉਪਰਾਲਾ ਵੀ ਇਨ੍ਹਾਂ ਦਾ ਹੀ ਸੀ।ਕੰਪਨੀਆਂ ਰਾਹੀਂ ਕੁਝ ਗਾਇਕਾਂ ਨੂੰ ਖ਼ਰੀਦ ਕੇ ਉਨ੍ਹਾਂ ਤੋਂ ਗ਼ਲਤ ਗਾਇਕੀ ਤੇ ਗੀਤਕਾਰੀ ਸਥਾਪਤ ਕਰਨਾ ਸਾਡੀ ਨੌਜਵਾਨ ਪੀੜ੍ਹੀ ਨੂੰ ਵਿਗਾੜਨ ਦਾ ਘਟੀਆ ਉਪਰਾਲਾ ਸੀ।ਕਿਸਾਨ ਮੋਰਚਾ ਵਿਚ ਸਾਡੇ ਗਾਇਕ ਤੇ ਗੀਤਕਾਰ ਆਪਣੀ ਹਾਜ਼ਰੀ ਭਰਪੂਰ ਰੂਪ ਵਿੱਚ ਲਗਾ ਰਹੇ ਹਨ,ਅੱਜ ਟਰੈਕਟਰ ਟਰਾਲੀਆਂ ਤੇ ਸੋਸ਼ਲ ਮੀਡੀਆ ਤੇ ਸਾਡੀ ਮਾਂ ਬੋਲੀ ਪੰਜਾਬੀ ਦੇ ਸੇਵਾ ਰੂਪੀ ਗੀਤ ਤੇ ਸੁੱਤੇ ਕਿਸਾਨਾਂ ਨੂੰ ਜਾਗਣ ਦਾ ਸੱਦਾ ਉਨ੍ਹਾਂ ਦੇ ਸੈਂਕੜੇ ਗੀਤ ਦੇ ਰਹੇ ਹਨ।

ਕਿਉਂਕਿ ਉਹ ਵੀ ਸਾਡੇ ਵਿੱਚੋਂ ਹੀ ਹਨ ਉਨ੍ਹਾਂ ਨੇ ਕੰਪਨੀਆਂ ਨੂੰ ਪੂਰਨ ਰੂਪ ਵਿਚ ਨਕਾਰ ਦਿੱਤਾ ਹੈ।ਪੰਜਾਬੀ ਅਖ਼ਬਾਰਾਂ ਵਿੱਚ ਸਾਹਿਤ ਰੂਪ ਨੇ ਵੀ ਇਨਕਲਾਬੀ ਰੰਗ ਫੜ ਲਿਆ ਹੈ,ਆਉਣ ਵਾਲੇ ਗੀਤ ਤੇ ਸਾਹਿਤ ਮਾਂ ਬੋਲੀ ਦੇ ਪਿਆਰ ਨਾਲ ਭਰੇ ਹੋਣਗੇ ਤੇ ਜ਼ਰੂਰਤ ਵੇਲੇ ਸਹੀ ਰਸਤੇ ਨਾਲ ਬਦਲਦੇ ਰਹਿਣਗੇ।ਇਹ ਸਾਫ਼ ਵਿਖਾਈ ਦੇ ਰਿਹਾ ਹੈ ਹੁਣ ਦਾਰੂ ਦੀਆਂ ਬੋਤਲਾਂ ਤੇ ਬੰਦੂਕਾਂ ਚੁੱਕ ਕੇ ਸਾਡੇ ਗਾਇਕ ਆਪਣੀਆਂ ਵੀਡੀਓ ਕਦੇ ਵੀ ਨਹੀਂ ਬਣਾਉਣਗੇ।ਕਿਸਾਨ ਮੋਰਚਾ ਵਿੱਚੋ ਨੌਜਵਾਨ ਪੀੜ੍ਹੀ ਨੂੰ ਅਗਾਂਹ ਵਧੂ ਹਰ ਖੇਤਰ ਦੀ ਸਲਾਹ ਮਿਲ ਰਹੀ ਹੈ ਕਿਉਂਕਿ ਆਪਣੇ ਬਜ਼ੁਰਗਾਂ ਮਾਵਾਂ ਤੇ ਭੈਣਾਂ ਵਿੱਚ ਬੈਠ ਕੇ ਪਤਾ ਲੱਗ ਰਿਹਾ ਹੈ ਕਿ ਪੰਜਾਬੀ ਸੱਭਿਆਚਾਰਕ ਕੀ ਹੈ।ਕਿਸ ਤਰ੍ਹਾਂ ਭਾਰਤ ਦੇ ਕਿਸਾਨ ਤੇ ਮਜ਼ਦੂਰ ਆਪਣੇ ਹੱਕਾਂ ਲਈ   ਲੜਦੇ ਰਹੇ ਹਨ।

 

ਰਾਜਨੀਤਕ ਪਾਰਟੀਆਂ ਆਪਣੀ ਜਨਤਾ ਦੀ ਕਿਵੇਂ ਸੇਵਾ ਤੇ ਵਰਤਾਓ ਕਰਦੀਆਂ ਹਨ ਇਹ ਸਾਰੀ ਦੁਨੀਆਂ ਨੂੰ ਵਿਖਾਈ ਦੇ ਰਿਹਾ ਹੈ।ਕੋਈ ਵੀ ਰਾਜਨੀਤਕ ਪਾਰਟੀ ਜਾ ਕੇ ਮੋਰਚੇ ਵਿੱਚ ਸ਼ਾਮਲ ਨਹੀਂ ਹੋਈ ਗੋਦੀ ਮੀਡੀਆ ਤੇ ਇਕ ਦੂਜੇ ਨੂੰ ਮਿਹਣੇ ਹਰ ਰੋਜ਼ ਦਿੱਤੇ ਜਾ ਰਹੇ ਹਨ ਮਨੋਰੰਜਨ ਦਾ ਇਹ ਨਵਾਂ ਬਹੁਤ ਵਧੀਆ ਜੁਗਾੜ ਹੈ।ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰ ਠੰਢ ਵਿਚ ਬੈਠੇ ਆਪਣੇ ਹੱਕਾਂ ਲਈ ਲੜ ਰਹੇ ਹਨ, ਇਹ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ।ਰਾਜਨੀਤਕ ਪਾਰਟੀਆਂ ਨੂੰ ਭੁਲਾ ਦੇਣਾ ਚਾਹੀਦਾ ਹੈ ਅੱਜ ਆਪਣੇ ਹਰ ਇੱਕ ਨੌਜਵਾਨ ਨੂੰ ਪਤਾ ਹੈ ਸਾਡੀਆਂ ਕੀ ਜ਼ਰੂਰਤਾਂ ਹਨ ਕਿਸ ਤਰ੍ਹਾਂ ਪੂਰੀਆਂ ਕਰਵਾਉਣੀਆਂ ਹਨ।ਸਾਡਾ ਕੋਈ ਵੀ ਨੇਤਾ ਚੋਣ ਜਿੱਤ ਜਾਂ ਹਾਰ ਜਾਵੇ ਪਰ ਆਪਣੇ ਹਲਕੇ ਦਾ ਪ੍ਰਧਾਨ ਬਣ ਜਾਂਦਾ ਹੈ।

ਜਿਸ ਰਾਜਨੀਤਕ ਪਾਰਟੀ ਕੋਲ ਕੁਰਸੀ ਹੁੰਦੀ ਹੈ ਉਸ ਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਹੁੰਦੇ ਹਨ।ਕੋਰੋਨਾ ਮਹਾਂਮਾਰੀ ਦਾ ਭੂਤ ਤੇ ਕੇਂਦਰ ਸਰਕਾਰ ਦੀ ਗਲਤੀ ਨੇ ਸਾਨੂੰ ਮਜਬੂਰ ਕਰ ਦਿੱਤਾ ਹੈ ਕਿ ਹੱਕ ਮੰਗੇ ਨਹੀਂ ਖੋਹੇ ਜਾਂਦੇ ਹਨ।ਪੰਜਾਬ ਦਾ ਸ਼ਾਨਦਾਰ ਵਿਰਸਾ ਅੱਜ ਸਾਡੇ ਖ਼ੂਨ ਵਿੱਚ ਫਿਰ ਵਾਪਸ ਆ ਗਿਆ ਹੈ।ਮੋਰਚੇ ਵਿੱਚ ਬੈਠੇ ਸਾਡੇ ਨੌਜਵਾਨ ਸਿੱਖ ਰਹੇ ਹਨ,ਰਾਜਨੀਤਕ ਪਾਰਟੀਆਂ ਕਿਵੇਂ ਧਰਮਾਂ ਦਾ ਸਹਾਰਾ ਲੈ ਕੇ ਸਾਨੂੰ ਲੁੱਟਦੀਆਂ ਤੇ ਬੇਵਕੂਫ਼ ਬਣਾਉਂਦੀਆਂ ਹਨ।ਸਾਡੇ ਗੁਰੂਆਂ ਪੀਰਾਂ ਦੇ ਦੱਸੇ ਹੋਏ ਰਸਤੇ ਅਸੀਂ ਅੱਜ ਦੁਬਾਰਾ ਵੇਖ ਹੀ ਲਏ ਹਨ ਜਦੋਂ ਜਾਤ ਪਾਤ ਤੇ ਧਰਮਾਂ ਨੂੰ ਭੁੱਲ ਕੇ ਪੂਰਾ ਭਾਰਤ ਇਕ ਹੋ ਕੇ ਦਿੱਲੀ ਵਿੱਚ ਜਿੱਤ ਫਤਿਹ ਕਰਨ ਲਈ ਬੈਠਾ ਹੈ।

ਸਾਰ ਅੰਸ਼-ਮੈਂ ਕੋਈ ਲੇਖਕ ਨਹੀਂ ਹਾਂ ਅਸੀਂ ਸਰਕਾਰਾਂ ਦੇ ਸਤਾਏ ਹੋਏ ਆਜ਼ਾਦੀ ਤੋਂ ਬਾਅਦ ਕਿਵੇਂ ਦੁੱਖ ਸਹਿ ਰਹੇ ਹਾਂ ਉਹ ਕੁਝ ਪੜ੍ਹਿਆ ਤੇ ਕੁਝ ਵੇਖਿਆ ਹੈ।ਭਾਰਤ ਦਾ ਆਰਥਿਕ ਆਧਾਰ ਖੇਤੀਬਾੜੀ ਹੈ ਇਸ ਨੂੰ ਸਾਡੇ ਕੋਲੋਂ ਕਿਵੇਂ ਖੋਹਿਆ ਜਾ ਸਕਦਾ ਹੈ? ਖੇਤੀ ਕਰਨੀ ਤੇ ਜਨਤਾ ਦਾ ਢਿੱਡ ਕਿਵੇਂ ਭਰਨਾ ਹੈ ਉਹ ਸਾਰੀ ਦੁਨੀਆਂ ਨੂੰ ਦਿਖਾ ਦਿੱਤਾ ਹੈ।ਅੱਜ ਜ਼ਰੂਰਤ ਹੈ ਆਪਾਂ ਆਪਣੇ ਪੌਣ ਪਾਣੀ ਨੂੰ ਸਾਫ਼ ਰੱਖਣਾ ਹੈ ਤੇ ਰਾਜਨੀਤਕ ਪਾਰਟੀਆਂ ਨੂੰ ਜਿੱਧਰੋਂ ਆਈਆਂ ਸਨ ਉੱਧਰ ਦਾ ਰਸਤਾ ਵਿਖਾ ਦੇਣਾ ਅਤਿ ਜ਼ਰੂਰੀ ਹੈ।ਅੱਜ ਸਾਨੂੰ ਇਹ ਪਤਾ ਲੱਗ ਚੁੱਕਿਆ ਹੈ,ਅਸੀਂ ਪੂਰਨ ਇਨਸਾਨ ਹਾਂ ਸਾਨੂੰ ਨੇਤਾਵਾਂ ਦੀ ਕੀ ਜ਼ਰੂਰਤ ਹੈ।ਆਪਣੇ ਅੰਦਰ ਝਾਤੀ ਮਾਰੋ ਤੇ ਆਪਣੀ ਤਾਕਤ ਨੂੰ ਸਹੀ ਰੂਪ ਵਿੱਚ ਵਰਤ ਕੇ ਆਪਣੇ ਭਾਰਤ ਨੂੰ ਦੁਬਾਰਾ ਸਿਰਜੋ।ਕਿਸਾਨ ਮੋਰਚੇ ਵਿੱਚੋਂ ਜੋ ਕੁਝ ਸਿੱਖਿਆ ਹੈ ਜੇ ਇਸ ਰਸਤੇ ਤੇ ਚੱਲਦੇ ਰਹੇ ਤਾਂ ਦੁਨੀਆਂ ਦੀ ਪਹਿਲੀ ਤਾਕਤ ਬਣ ਜਾਵਾਂਗੇ।-ਆਮੀਨ

ਰਮੇਸ਼ਵਰ ਸਿੰਘ

ਸੰਪਰਕ ਨੰਬਰ-9914880392

Previous articleਸ਼ਹੀਦ ਲਾਂਸ ਨਾਇਕ ਪਰਮਜੀਤ ਸਿੰਘ ਦੀ 19ਵੀਂ ਬਰਸੀ ਸ਼ਰਧਾ ਨਾਲ ਮਨਾਈ
Next articleਨਵੇਂ ਵਰੇ੍ਹ ਦੀ ਆਮਦ ‘ਤੇ ਗਾਖ਼ਲ ਪਰਿਵਾਰ ਨੇ ਸਰਬੱਤ ਦੇ ਭਲੇ ਲਈ ਸਮਾਗਮ ਕਰਵਾਇਆ