ਕਿਸਾਨਾਂ ਵੱਲੋਂ ਐਚਡੀਐਫਸੀ ਅਤੇ ਸਹਿਕਾਰੀ ਵਿਕਾਸ ਬੈਂਕ ਦਾ ਘਿਰਾਓ

ਕਿਸਾਨਾਂ ਤੋਂ ਬੈਂਕਾਂ ਕੋਲ ਪਏ ਚੈੱਕ ਵਾਪਸ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ’ਤੇ ਪੰਜ ਮਾਰਚ ਤੋਂ ਚੱਲ ਰਹੇ ਸੰਘਰਸ਼ੀ ਪੰਦਰਵਾੜੇ ਤਹਿਤ ਅੱਜ ਜ਼ਿਲ੍ਹੇ ਵਿੱਚ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ। ਪੁਲੀਸ ਨੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਹੋਈ ਸੀ, ਜੋ ਅਸਫ਼ਲ ਰਹੀ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤਕ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਸਾਰੀਆਂ ਬੈਂਕਾਂ ਵੱਲੋਂ ਕਿਸਾਨਾਂ ਦੇ ਖ਼ਾਲੀ ਚੈੱਕ ਵਾਪਸ ਨਹੀਂ ਕੀਤੇ ਜਾਂਦੇ ਘਿਰਾਓ ਜਾਰੀ ਰਹੇਗਾ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਔਰਤ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਕਿਸਾਨ-ਮਜ਼ਦੂਰ ਅਤੇ ਖੇਤੀ ਵਿਰੋਧੀ ਨੀਤੀਆਂ ਕਾਰਨ ਕਿਸਾਨ ਲਗਾਤਾਰ ਕਰਜ਼ੇ ਦੇ ਬੋਝ ਥੱਲੇ ਦੱਬੇ ਜਾ ਰਹੇ ਹਨ। ਕਰਜ਼ੇ ਅਤੇ ਆਰਥਿਕ ਤੰਗੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਦੂਜੇ ਪਾਸੇ ਬੈਂਕਾਂ ਵੱਲੋਂ ਖ਼ਾਲੀ ਚੈੱਕਾਂ ਦੀ ਦੁਰਵਰਤੋਂ ਕਰ ਕੇ ਕਿਸਾਨਾਂ ਨੂੰ ਸਜ਼ਾਵਾਂ ਅਤੇ ਜੁਰਮਾਨੇ ਕੀਤੇ ਜਾ ਰਹੇ ਹਨ। ਬੁਲਾਰਿਆਂ ਨੇ ਇਸ ਮੌਕੇ ਕਿਸਾਨੀ ਮੰਗਾਂ ਦਾ ਜ਼ਿਕਰ ਕੀਤਾ। ਧਰਨਾਕਾਰੀਆਂ ਨੂੰ ਦਰਸ਼ਨ ਸਿੰਘ ਮਾਈਸਰਖਾਨਾ, ਜਗਸੀਰ ਸਿੰਘ ਝੂੰਬਾ, ਜਗਦੇਵ ਸਿੰਘ ਜੋਗੇਵਾਲਾ, ਬਾਬੂ ਸਿੰਘ ਮੰਡੀ ਖ਼ੁਰਦ, ਹੁਸ਼ਿਆਰ ਸਿੰਘ ਚੱਕ ਫ਼ਤਿਹ ਸਿੰਘ ਵਾਲਾ ਆਦਿ ਨੇ ਸੰਬੋਧਨ ਕੀਤਾ। ਦੇਰ ਸ਼ਾਮ ਕਿਸਾਨਾਂ ਅਤੇ ਬੈਂਕ ਅਧਿਕਾਰੀਆਂ ਵਿਚਾਲੇ ਸਹਿਮਤੀ ਬਣ ਗਈ। ਇਸ ਤੋਂ ਬਾਅਦ ਬੈਂਕ ਦੇ ਜ਼ਿਲ੍ਹਾ ਮੈਨੇਜਰ ਨੇ ਕਰਜ਼ਾ ਪੀੜਤ ਕਿਸਾਨਾਂ ਦੀ ਸੂਚੀ ਮੰਗ ਲਈ। ਅਧਿਕਾਰੀਆਂ ਨੇ ਧਰਨੇ ’ਤੇ ਬੈਠੇ 4 ਕਿਸਾਨਾਂ ਨੂੰ ਚੈੱਕ ਦੇਣ ਦੀ ਪੇਸ਼ਕਸ਼ ਕੀਤੀ ਪਰ ਜਥੇਬੰਦੀ ਸਾਰੇ ਕਿਸਾਨਾਂ ਦੇ ਚੈੱਕ ਵਾਪਸ ਕਰਨ ’ਤੇ ਅੜੀ ਹੋਈ ਸੀ। ਖ਼ਬਰ ਲਿਖੇ ਜਾਣ ਤੱਕ 20 ਕਿਸਾਨਾਂ ਦੀ ਸੂਚੀ ਬੈਂਕ ਨੂੰ ਦਿੱਤੀ ਗਈ ਸੀ ਤੇ ਜਥੇਬੰਦੀ ਦੇ ਆਗੂ ਸਿੰਗਾਰਾ ਸਿੰਘ ਮਾਨ ਨਾਲ ਬੈਂਕ ਅਧਿਕਾਰੀਆਂ ਦੀ ਮੀਟਿੰਗ ਜਾਰੀ ਸੀ।

Previous articleਸਪੀਕਰ ਵੱਲੋਂ ਖਹਿਰਾ ਨੂੰ ਅਸਤੀਫ਼ੇ ਬਾਰੇ ਨੋਟਿਸ ਜਾਰੀ
Next articleਕਰਤਾਰਪੁਰ ਲਾਂਘਾ: ਪਾਸਪੋਰਟ ਦੀ ਸ਼ਰਤ ਕਾਰਨ ਸ਼ਰਧਾਲੂਆਂ ਨੂੰ ਝਟਕਾ