ਕਿਸਾਨਾਂ ਨੇ ਫਿਰ ਕੀਤਾ ਲੁਧਿਆਣਾ ਜਾਮ

ਵੱਖ ਵੱਖ ਮੰਗਾਂ ਨੂੰ ਲੈ ਕੇ ਪਿਛਲੇ ਪੰਜ ਦਿਨਾਂ ਤੋਂ ਲੁਧਿਆਣਾ ਵਿੱਚ ਪੱਕਾ ਮੋਰਚਾ ਲਗਾ ਕੇ ਬੈਠੀਆਂ ਸੂਬੇ ਦੀਆਂ 7 ਕਿਸਾਨ ਜਥੇਬੰਦੀਆਂ ਨੇ ਸ਼ੁੱਕਰਵਾਰ ਦੁਪਹਿਰ 12 ਵਜੇ ਫਿਰ ਫਿਰੋਜ਼ਪੁਰ ਰੋਡ ਹਾਈਵੇਅ ’ਤੇ ਚੱਕਾ ਜਾਮ ਕਰ ਦਿੱਤਾ। ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਪਿੰਡ ਇਯਾਲੀ ਤੋਂ ਇਕੱਠੇ ਹੋ ਕੇ ਫਿਰੋਜ਼ਪੁਰ ਰੋਡ ਪੰਜਾਬ ਨੈਸ਼ਨਲ ਲੀਡ ਬੈਂਕ ਤੱਕ ਪੁੱਜੇ। ਇੱਥੇ ਕਿਸਾਨ ਸੜਕਾਂ ’ਤੇ ਬੈਠ ਗਏ ਤੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵੀਰਵਾਰ ਨੂੰ ਕਿਸਾਨਾਂ ਨੇ ਤਿੰਨ ਘੰਟੇ ਚੱਕਾ ਜਾਮ ਕੀਤਾ ਸੀ, ਪਰ ਅੱਜ ਕਿਸਾਨ ਸ਼ਾਮ ਨੂੰ ਸਾਢੇ ਪੰਜ ਵਜੇ ਤੱਕ ਸੜਕਾਂ ’ਤੇ ਬੈਠੇ ਰਹੇ। ਇਸ ਦੌਰਾਨ ਭਾਰੀ ਗਿਣਤੀ ਵਿੱਚ ਮੌਜੂਦ ਪੁਲੀਸ ਮੁਲਾਜ਼ਮ ਤਾਇਨਾਤ ਰਹੇ, ਕਈ ਵਾਰ ਲੱਗਿਆ ਕਿ ਹੁਣ ਪੁਲੀਸ ਕਿਸਾਨਾਂ ’ਤੇ ਲਾਠੀਚਾਰਜ ਕਰ ਦਵੇਗੀ, ਪਰ ਸ਼ਾਮ ਨੂੰ ਕਿਸਾਨ ਜੱਥੇਬੰਦੀਆਂ ਦੇ ਆਗੂ ਦੁਬਾਰਾ ਕਿਸਾਨਾਂ ਨੂੰ ਉਥੋਂ ਉਠਾ ਕੇ ਪਿੰਡ ਇਯਾਲੀ ਲੈ ਗਏ, ਜਿੱਥੇ ਉਨ੍ਹਾਂ ਨੇ ਸਰਕਾਰ ’ਤੇ ਲੀਡ ਬੈਂਕ ਖ਼ਿਲਾਫ਼ ਪੱਕਾ ਮੋਰਚਾ ਲਗਾਇਆ ਹੋਇਆ ਹੈ। ਪੁਲੀਸ ਨੇ ਫਿਰੋਜ਼ਪੁਰ ਰੋਡ ’ਤੇ ਚਾਰੋਂ ਪਾਸੇ ਬੈਰੀਕੇਡਿਗ ਕੀਤੀ ਹੋਈ ਸੀ। ਕਿਸਾਨਾਂ ਦੇ ਚੱਕਾ ਜਾਮ ਦਾ ਅਸਰ ਪੂਰੇ ਸ਼ਹਿਰ ਵਿੱਚ ਹੋਇਆ ਤੇ ਦੇਰ ਸ਼ਾਮ ਤੱਕ ਸ਼ਹਿਰ ਦੀਆਂ ਸੜਕਾਂ ਫਿਰ ਜਾਮ ਰਹੀਆਂ। ਦਰਅਸਲ, 18 ਫਰਵਰੀ ਤੋਂ ਸੂਬੇ ਦੀਆਂ 7 ਕਿਸਾਨ ਜੱਥੇਬੰਦੀਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀਕੇਯੂ ਕ੍ਰਾਂਤੀਕਾਰੀ, ਬੀਕੇਯੂ ਉਗਰਾਹਾਂ, ਬੀਕੇਯੂ ਡਕੌਂਦਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਸੰਘਰਸ਼ ਕਮੇਟੀ ਪੰਨੂ ਫਿਰੋਜ਼ਪੁਰ ਰੋਡ ਸਥਿਤ ਪਿੰਡ ਇਯਾਲੀ ਦੇ ਖਾਲੀ ਮੈਦਾਨ ਵਿੱਚ ਮੋਰਚਾ ਲਗਾ ਕੇ ਬੈਠੀਆਂ ਹੋਈਆਂ ਹਨ। ਮੀਂਹ ਹਨ੍ਹੇਰੀ ਵਿੱਚ ਵੀ ਕਿਸਾਨ ਇੱਥੇ ਹੀ ਆਪਣੀਆਂ ਟਰਾਲੀਆਂ ਵਿੱਚ ਬੈਠੇ ਹੋਏ ਹਨ ਤੇ ਇੱਥੇ ਖਾਣ ਪੀਣ ਦਾ ਵੀ ਇੰਤਜਜ਼ਾਮ ਕੀਤਾ ਜਾ ਰਿਹਾ ਹੈ।
ਕਿਸਾਨ ਆਗੂ ਦਰਸ਼ਨ ਪਾਲ ਤੇ ਅਵਤਾਰ ਮਹਿਮਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹੀ ਹਾਈਕੋਰਟ ਵਿੱਚ ਤਾਰੀਕ ਵੀ ਸੀ, ਇਸ ਦੌਰਾਨ ਪੀਐਨਬੀ ਨੇ ਉਥੇ ਅੰਡਰੇਟੇਕਿੰਗ ਦਿੱਤੀ ਹੈ ਕਿ 5 ਏਕੜ ਜਮੀਨ ਵਾਲੇ ਕਿਸਾਨਾਂ ਕੋਲੋਂ ਚੈਕ ਨਹੀਂ ਲਏ ਜਾਣਗੇ। ਜੇਕਰ ਕਿਸੇ ਨੇ ਚੈਕ ਦਿੱਤੇ ਹੋਏ ਹਨ ਤਾਂ ਉਨ੍ਹਾਂ ਵਾਪਸ ਮੋੜ ਦਿੱਤੇ ਜਾਣਗੇ। ਇਸ ਸਬੰਧੀ ਸਾਰੇ ਬੈਂਕਾਂ ਨੂੰ ਵੀ ਹੁਕਮ ਦੇ ਦਿੱਤੇ ਗਏ ਹਨ। ਕਿਸਾਨਾਂ ਦੇ ਵਕੀਲ ਨੇ ਅਦਾਲਤ ਵਿੱਚ ਇਹ ਵੀ ਮੁੱਦਾ ਰੱਖਿਆ ਕਿ 5 ਏਕੜ ਦੇ ਨਾਲ 10 ਏਕੜ ਜਮੀਨ ਤੇ 10 ਲੱਖ ਰੁਪਏ ਤੱਕ ਕਰਜ਼ੇ ਵਾਲੇ ਕਿਸਾਨਾਂ ਦੇ ਵੀ ਚੈਕ ਵਾਪਸ ਮੋੜੇ ਜਾਣ। ਇਸ ਮਾਮਲੇ ਦੀ ਅਗਲੇ ਸੁਣਵਾਈ ਹੁਣ 5 ਮਾਰਚ ਨੂੰ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕਿਸਾਨਾਂ ਨੂੰ ਸੜਕਾਂ ਜਾਮ ਨਾ ਕਰਨ ਲਈ ਕਿਹਾ।
ਕਿਸਾਨ ਆਗੂਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਸਵੇਰੇ ਮੌਕੇ ’ਤੇ ਹੀ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ। ਇਸ ਮੌਕੇ ਨਿਰਭੈ ਸਿੰਘ, ਜਤਿੰਦਰ ਸਿੰਘ ਛੀਨਾ, ਬੂਟਾ ਸਿੰਘ, ਜਗਮੋਹਨ ਸਿੰਘ, ਹਰਜੀਤ ਸਿੰਘ, ਕੰਵਲਪ੍ਰੀਤ ਸਿੰਘ ਪੰਨੂ, ਸੁਰਜੀਤ ਸਿੰਘ, ਬਲਦੇਵ ਸਿੰਘ, ਜੋਗਿੰਦਰ ਸਿੰਘ, ਝੰਡਾ ਸਿੰਘ ਆਦਿ ਮੌਜੂਦ ਸਨ।

Previous articleਸਿੱਧੂ ਤੇ ਅਕਾਲੀਆਂ ਵਿਚਾਲੇ ਛਿੜੀ ਪੋਸਟਰ ਜੰਗ
Next articleਪਾਕਿ ਸਰਕਾਰ ਵੱਲੋਂ ਜੈਸ਼ ਦੇ ਸਦਰਮੁਕਾਮ ’ਤੇ ‘ਕਬਜ਼ਾ’