ਮੰਗਾਂ ਨਾ ਮੰਨੇ ਜਾਣ ਤੱਕ ਮੋਰਚਾ ਜਾਰੀ ਰੱਖਣ ਦਾ ਐਲਾਨ; ਪੰਜਾਬ ਭਰ ’ਚੋਂ ਵੱਡੀ ਗਿਣਤੀ ਕਿਸਾਨ ਮੋਰਚੇ ’ਚ ਪੁੱਜੇ
ਕਿਸਾਨਾਂ-ਮਜ਼ਦੂਰਾਂ ਵੱਲੋਂ ਚਲਾਏ ਜਾ ਰਹੇ ‘ਜੇਲ੍ਹ ਭਰੋ’ ਮੋਰਚੇ ਪ੍ਰਤੀ ਪੰਜਾਬ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਅੱਜ ਕਿਸਾਨਾਂ ਨੇ ਅੰਮ੍ਰਿਤਸਰ-ਦਿੱਲੀ ਮੁੱਖ ਰੇਲ ਮਾਰਗ ਉਪਰ ਧਰਨਾ ਦੇ ਕੇ ਜਾਮ ਲਾ ਦਿੱਤਾ। ਸੂਬਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਸਿਧਵਾ ਨੇ ਦੱਸਿਆ ਬੀਤੇ ਚਾਰ ਦਿਨਾਂ ਤੋਂ ਡੀਸੀ ਦਫ਼ਤਰ ਤਰਨ ਤਾਰਨ ਅੱਗੇ ਲਾਏ ਗਏ ਸੂਬਾ ਪੱਧਰੀ ਜੇਲ੍ਹ ਭਰੋ ਮੋਰਚੇ ਪ੍ਰਤੀ ਕੈਪਟਨ ਸਰਕਾਰ ਦੀ ਬੇਰੁਖ਼ੀ ਕਾਰਨ ਅੱਜ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਨੇ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਦੇਵੀਦਾਸ ਵਿਚ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਉਪਰ ਧਰਨਾ ਲਾ ਕੇ ਜਾਮ ਲਾ ਦਿੱਤਾ। ਧਰਨੇ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਤੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਕਰਜ਼ੇ ਦੇ ਝੰਬੇ ਅਤੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ, ਮਜ਼ਦੂਰਾਂ ਨੂੰ ਬੈਕਾਂ ਦੇ ਨੋਟਿਸ ਆਏ ਹੋਏ ਹਨ, ਜ਼ਮੀਨਾਂ ਕੁਰਕ ਕੀਤੀਆਂ ਰਹੀਆਂ ਹਨ ਅਤੇ ਕਿਸਾਨ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ। ਕਿਸਾਨਾਂ ਵੱਲੋਂ ਬੀਜੀਆਂ ਫਸਲਾਂ ਮੰਡੀਆਂ ਵਿੱਚ ਕੌਡੀਆਂ ਦੇ ਭਾਅ ਵਿਕ ਰਹੀਆਂ ਹਨ। ਗੰਨੇ ਦੀ ਫ਼ਸਲ ਦਾ ਪਿਛਲਾ ਬਕਾਇਆ ਮਿੱਲਾਂ ਵੱਲ 400 ਕਰੋੜ ਰੁਪਏ ਤੋਂ ਵੀ ਵੱਧ ਖੜ੍ਹਾ ਹੈ। ਅਜਿਹੇ ਹਾਲਾਤ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਵਲੋਂ ‘ਜੇਲ੍ਹ ਭਰੋ ਮੋਰਚੇ’ ਵਿੱਚ ਪਹੁੰਚ ਕੇ ਗ੍ਰਿਫ਼ਤਾਰੀਆਂ ਲਈ ਪੇਸ਼ ਹੋਣਾ ਅਤੇ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਦੇ ਮਸਲੇ ਹੱਲ ਕਰਨ ਤੋਂ ਭੱਜ ਜਾਣਾ ਵੱਡੀ ਤਰਾਸਦੀ ਹੈ। ਇਸ ਮੌਕੇ ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾਂ, ਜਸਬੀਰ ਸਿੰਘ ਪਿੱਦੀ ਅਤੇ ਬੀਬੀ ਕੁਲਵਿੰਦਰ ਕੌਰ ਵਲੀਪੁਰ ਨੇ ਮਸਲਿਆਂ ਦੇ ਹੱਲ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ, ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਚੋਣ ਵਾਅਦੇ ਮੁਤਾਬਕ ਖ਼ਤਮ ਹੋਵੇ, ਕੁਰਕੀਆਂ ਤੇ ਗ੍ਰਿਫ਼ਤਾਰੀਆਂ ਬੰਦ ਕੀਤੀਆਂ ਜਾਣ, ਮੰਨੀ ਹੋਈ ਮੰਗ ਮੁਤਾਬਕ ਕਿਸਾਨਾਂ ਪਾਸੋਂ ਬੈਕਾਂ ਅਤੇ ਆੜ੍ਹਤੀਆਂ ਵੱਲੋਂ ਲਏ ਗੈਰਕਾਨੂੰਨੀ ਖਾਲੀ ਚੈੱਕ ਤੁਰੰਤ ਵਾਪਸ ਕੀਤੇ ਜਾਣ, ਗੰਨੇ ਦਾ ਪਿਛਲਾ ਬਕਾਇਆ 15% ਵਿਆਜ ਸਣੇ ਤੁਰੰਤ ਦਿੱਤਾ ਜਾਵੇ, ਗੰਨੇ ਦਾ ਰੇਟ 340 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਘਰੇਲੂ ਬਿਜਲੀ ਦਰ ਇੱਕ ਰੁਪਏ ਯੂਨਿਟ ਕੀਤੀ ਜਾਵੇ, ਮਜ਼ਦੂਰਾਂ ਦੇ ਬਿੱਲ ਬਕਾਏ ਤੁਰੰਤ ਖ਼ਤਮ ਕੀਤੇ ਜਾਣ ਅਤੇ 200 ਯੂਨਿਟ ਪ੍ਰਤੀ ਮਹੀਨਾ ਮੁਆਫ਼ੀ ਇੱਕ ਕਿਲੋਵਾਟ ਦੀ ਸ਼ਰਤ ਤੋਂ ਬਗੈਰ ਦਿੱਤੀ ਜਾਵੇ ਅਤੇ ਘਰੇਲੂ ਖਪਤਕਾਰਾਂ ਦੇ ਪ੍ਰੀਪੇਡ ਮੀਟਰ ਲਾਉਣ ਦੀ ਤਜਵੀਜ਼ ਰੱਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅੰਦੋਲਨਾਂ ਦੌਰਾਨ ਰੇਲਵੇ ਅਤੇ ਪੰਜਾਬ ਪੁਲੀਸ ਵੱਲੋਂ ਦਰਜ ਕੀਤੇ ਗਏ ਕੇਸ ਤੁਰੰਤ ਰੱਦ ਕੀਤੇ ਜਾਣ, ਝੋਨਾ ਲਗਾਉਣ ਦੀ ਇੱਕ ਜੂਨ ਤੋਂ ਸਾਰੇ ਪੰਜਾਬ ਵਿੱਚ ਪ੍ਰਵਾਨਗੀ ਦਿੱਤੀ ਜਾਵੇ, ਸਵਾਮੀਨਾਥਨ ਕਮਿਸ਼ਨ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ ਅਤੇ ਕਿਸਾਨ ਪੱਖੀ ਖੇਤੀ ਨੀਤੀ ਬਣਾਈ ਜਾਵੇ। ਖ਼ਬਰ ਲਿਖੇ ਜਾਣ ਤੱਕ ਇਸ ਕਿਸਾਨ ਮੋਰਚੇ ਵਿਚ ਪੰਜਾਬ ਭਰ ’ਚੋਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚ ਰਹੇ ਸਨ। ਮੋਰਚੇ ਵਿੱਚ ਕਿਸਾਨਾਂ ਵੱਲੋਂ ਲੰਗਰ ਵੀ ਵਰਤਾਇਆ ਜਾ ਰਿਹਾ ਹੈ।