ਕਿਸਾਨਾਂ ਨੂੰ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ: ਬਾਦਲ

ਲੰਬੀ (ਸਮਾਜ ਵੀਕਲੀ) :  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੀਂਹਾਂ ਨਾਲ ਲੰਬੀ ਹਲਕੇ ਅਤੇ ਨੇੜਲੇ ਖੇਤਰਾਂ ’ਚ ਨਰਮੇ ਦੀ ਫ਼ਸਲ ਬਰਬਾਦ ਹੋਣ ਦਾ ਨੋਟਿਸ ਲਿਆ ਹੈ। ਉਨ੍ਹਾਂ ਮੌਜੂਦਾ ਕੈਪਟਨ ਸਰਕਾਰ ’ਤੇ ਡਰੇਨਾਂ ਉੱਤੇ ਬਰਸਾਤੀ ਅਤੇ ਸੇਮ ਦੇ ਪਾਣੀ ਦੀ ਨਿਕਾਸੀ ਲਈ ਲਗਾਈਆਂ ਮੋਟਰਾਂ ਜਾਣਬੁੱਝ ਕੇ ਬੰਦ ਕਰਨ ਦੇ ਦੋਸ਼ ਲਾਏ ਹਨ।

ਕੁਝ ਦਿਨ ਪਹਿਲਾਂ ਅਤੇ ਐਤਵਾਰ ਨੂੰ ਲੰਬੀ ਹਲਕੇ ਦੇ ਪਿੰਡਾਂ ਪੰਨੀਵਾਲਾ ਫੱਤਾ, ਮਿੱਡਾ, ਰੱਤਾਖੇੜਾ, ਬੋਦੀਵਾਲਾ, ਰੱਤਾ ਟਿੱਬਾ, ਰਾਣੀਵਾਲਾ ਦੇ ਨਾਲ ਖਹਿੰਦੇ ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਥਾਂਦੇਵਾਲਾ ਅਤੇ ਉਦੈਕਰਨ ਅਤੇ ਮਲੋਟ ਹਲਕੇ ਦੇ ਪਿੰਡਾਂ ਸ਼ੇਰਗੜ੍ਹ, ਭੁਲੇਰੀਆਂ, ਖਾਨੇ ਕੀ ਢਾਬ, ਬਾਮ, ਭੰਗਚਿੜੀ, ਭਾਗਸਰ ਆਦਿ ’ਚ ਮੀਂਹ ਦੇ ਪਾਣੀ ਨਾਲ ਸੈਂਕੜੇ ਕਿਸਾਨਾਂ ਦੀ ਫ਼ਸਲ ਬਰਬਾਦ ਹੋ ਗਈ ਹੈ।

ਸ੍ਰੀ ਬਾਦਲ ਨੇ ਆਖਿਆ ਕਿ ਸ਼ੁਰੂਆਤੀ ਬਰਸਾਤ ਨਾਲ ਹੀ ਕਿਸਾਨਾਂ ਦੀ ਮਿਹਨਤ ਬਰਬਾਦ ਹੋ ਗਈ ਹੈ, ਜਿਸ ਨਾਲ ਸਰਕਾਰੀ ਕਾਰਗੁਜ਼ਾਰੀ ਦਾ ਸੱਚ ਜ਼ਾਹਿਰ ਹੋ ਗਿਆ ਹੈ ਜਦਕਿ ਮੌਨਸੂਨ ਦੇ ਅਸਲ ਰੰਗ ਦਿਸਣੇ ਅਜੇ ਬਾਕੀ ਹਨ। ਊਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਰੈੱਡ ਅਲਰਟ ਜਾਰੀ ਕਰੇ ਤੇ ਪ੍ਰਭਾਵਿਤ ਰਕਬੇ ਦੀ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਲੰਬੀ ਹਲਕੇ ਦੇ ਸਰਾਵਾਂ ਜ਼ੈਲ ਖੇਤਰ ’ਚ ਸੇਮ ਮੁੜ ਸਿਰ ਚੁੱਕਣ ਲੱਗੀ ਹੈ।

ਇਸ ਇਲਾਕੇ ’ਚ ਵੱਡੀ ਗਿਣਤੀ ਛੋਟੀ ਕਿਸਾਨੀ ਹੈ। ਨਰਮੇ ਦੀ ਫ਼ਸਲ ਖ਼ਰਾਬ ਹੋਣ ਕਾਰਨ ਇਲਾਕੇ ਦੇ ਕਿਸਾਨਾਂ ਨੇ ਟਰੈਕਟਰਾਂ ਨਾਲ ਆਪਣੀ ਫ਼ਸਲ ਵਾਹ ਦਿੱਤੀ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਜਾਂ ਸੂਬਾ ਸਰਕਾਰ ਵੱਲੋਂ ਕੋਈ ਵੀ ਊਨ੍ਹਾਂ ਦੀ ਸਾਰ ਲੈਣ ਨਹੀਂ ਆਇਆ।

Previous articleਮਜੀਠਾ ਦੇ ਪਿੰਡ ਮਜਵਿੰਡ ਨਜ਼ਦੀਕ ਮੰਦਰ ਦੇ ਪੁਜਾਰੀ ਦੀ ਹੱਤਿਆ; ਹਮਲੇ ’ਚ ਪਤਨੀ ਤੇ ਨੌਕਰ ਜ਼ਖ਼ਮੀ
Next articleਚੀਨ ਦੀ ਸਰਹੱਦ ’ਤੇ ਬਰਨਾਲਾ ਦੇ ਪਿੰਡ ਕੁਤਬਾ ਦਾ ਜਵਾਨ ਸ਼ਹੀਦ