ਜੈਵਿਕ ਖੇਤੀ ਸਮੇਂ ਦੀ ਮੁਖ ਲੋੜ – ਸਰਬਜੀਤ ਸਿੰਘ
ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ ਸੁਸ਼ੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਭਟਨੂਰਾ ਕਲਾਂ ਵਿਖੇ ਆਤਮਾ ਸਕੀਮ ਅਧੀਨ ਚੱਲ ਰਹੇ ਫਾਰਮ ਸਕੂਲ ਵਿਚ ਕਿਸਾਨਾਂ ਨੂੰ ਜੈਵਿਕ ਖੇਤੀ ਦੇ ਨਾਲ ਸਬੰਧਤ ਸਿਖਲਾਈ ਦਿੱਤੀ ਗਈ । ਕਿਸਾਨਾਂ ਨੂੰ ਸੰਬੋਧਨ ਕਰਦਿਆਂ ਫਾਰਮਰ ਪ੍ਰੋਡਿਊਸਰ ਕੰਪਨੀ ਗੁਰਦਾਸਪੁਰ ਤੋਂ ਪਹੁੰਚੇ ਕਿਸਾਨ ਸਰਬਜੀਤ ਸਿੰਘ ਜੋ ਕਿ ਵਿਸ਼ੇਸ਼ ਤੌਰ ਤੇ ਕਿਸਾਨਾਂ ਨੂੰ ਜੈਵਿਕ ਖੇਤੀ ਸਬੰਧੀ ਸਿਖਲਾਈ ਦੇਣ ਵਾਸਤੇ ਪਹੁੰਚੇ ਹੋਏ ਸਨ ਨੇ ਕਿਹਾ ਕਿ ਸਾਨੂੰ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਸਾਨੂੰ ਆਪਣੇ ਖਾਣ ਵਾਸਤੇ ਅਨਾਜ, ਸਬਜ਼ੀਆਂ ਅਤੇ ਫਲ ਘਰ ਵਿੱਚ ਹੀ ਉਗਾਉਣੇ ਚਾਹੀਦੇ ਹਨ । ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਦੀ ਜੈਵਿਕ ਖੇਤੀ ਕਰਨ ਬਾਰੇ ਨੁਕਤੇ ਸਾਂਝੇ ਕੀਤੇ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੋਟੇ ਅਨਾਜ ਕੋਧਰਾ,ਕੰਗਣੀ ,ਕੁਟਕੀ, ਸਵਾਂਕੀ ਵਲ ਵੀ ਆਪਣਾ ਰੁਝਾਨ ਪਾਉਣ । ਉਨ੍ਹਾਂ ਨੇ ਕਿਸਾਨਾਂ ਨੂੰ ਜੈਵਿਕ ਤਰੀਕੇ ਦੀ ਨਾਲ ਤੇਲਾ, ਸੁੰਡੀ ਅਤੇ ਬੀਜ ਉਪਚਾਰ ਕਰਨ ਦੇ ਤਰੀਕੇ ਵੀ ਦੱਸੇ।
ਉਨ੍ਹਾਂ ਨੇ ਕਿਸਾਨਾਂ ਨੂੰ ਘਰ ਵਿੱਚ ਵੇਸਟ ਡੀਕੰਪੋਜ਼ਰ ਬਣਾਉਣ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ। ਬਲਾਕ ਖੇਤੀਬਾਡ਼ੀ ਅਫਸਰ ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਤਹਿਤ ਮੂੰਗੀ ਦੀ ਬਿਜਾਈ ਵਾਸਤੇ ਪ੍ਰੇਰਿਤ ਕੀਤਾ । ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਨਡਾਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਘੱਟ ਜ਼ਹਿਰਾਂ ਅਤੇ ਘੱਟ ਖਾਦਾਂ ਦੀ ਵਰਤੋਂ ਕਰ ਕੇ ਮਿਆਰੀ ਉਪਜ ਪੈਦਾ ਕਰਨ । ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਰਵਾਇਤੀ ਖੇਤੀ ਦੇ ਨਾਲ ਨਾਲ ਬਾਗਬਾਨੀ ਅਤੇ ਦਾਲਾਂ ਹੇਠ ਰਕਬਾ ਜ਼ਰੂਰ ਵਧਾਉਣ ।ਉਹਨਾਂ ਨੇ ਕਿਸਾਨਾਂ ਨੂੰ ਆਤਮਾ ਅਤੇ ਖੇਤੀਬਾੜੀ ਵਿਭਾਗ ਵਿੱਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਦੱਸਿਆ ।
ਸਟੇਜ ਸਕੱਤਰ ਦੀ ਭੂਮਿਕਾ ਗੁਰਦੇਵ ਸਿੰਘ ਖੇਤੀਬਾਡ਼ੀ ਉਪ ਨਿਰੀਖਕ ਸਰਕਲ ਬਜਾਜ ਨੇ ਬਾਖ਼ੂਬੀ ਨਿਭਾਈ ।ਖੇਤੀਬਾੜੀ ਉੱਪ ਨਿਰੀਖਕ ਇੰਦਰਜੋਤ ਸਿੰਘ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ । ਖੇਤੀਬਾੜੀ ਅਫ਼ਸਰ ਸ : ਗੁਰਦੀਪ ਸਿੰਘ ਨੇ ਕਿਸਾਨ ਸਰਬਜੀਤ ਸਿੰਘ ,ਹਰਮਨਜੀਤ ਸਿੰਘ ਅਤੇ ਸਰਪੰਚ ਕੁਲਦੀਪ ਕੌਰ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਛਾਪੀ ਜਾਂਦੀ ਮੁੱਖ ਫ਼ਸਲਾਂ ਦੀਆਂ ਖੇਤੀ ਸਮੱਸਿਆਵਾਂ ਕਿਤਾਬ ਦੇ ਨਾਲ ਸਨਮਾਨਿਤ ਕੀਤਾ ।ਇਸ ਮੌਕੇ ਪਿੰਡ ਦੇ ਸਰਪੰਚ ਕੁਲਦੀਪ ਕੌਰ ,ਹਰਮਨਜੀਤ ਸਿੰਘ ਸਹਾਇਕ ਟੈਕਨਾਲੋਜੀ ਮੈਨੇਜਰ ਜਗਦੀਸ਼ ਸਿੰਘ ਅਤੇ ਇਲਾਕੇ ਦੇ ਉੱਘੇ ਕਿਸਾਨ ਹਾਜ਼ਰ ਸਨ ।