ਲੰਡਨ (ਸਮਾਜ ਵੀਕਲੀ): ਬਰਤਾਵਨੀ ਸੰਸਦ ਦੀ ਪਟੀਸ਼ਨਾਂ ਬਾਰੇ ਕਮੇਟੀ ‘ਹਾਊਸ ਆਫ਼ ਕਾਮਨਜ਼’ ਵਿੱਚ ਭਾਰਤ ’ਚ ਚੱਲ ਰਹੇ ਕਿਸਾਨ ਅੰਦੋਲਨ ਤੇ ਪ੍ਰੈੱਸ ਦੀ ਆਜ਼ਾਦੀ ਬਾਰੇ ਚਰਚਾ ਕਰਵਾਉਣ ’ਤੇ ਵਿਚਾਰ ਕਰ ਰਹੀ ਹੈ। ਕਮੇਟੀ ਨੂੰ 1.10 ਲੱਖ ਤੋਂ ਵੱਧ ਦਸਤਖ਼ਤਾਂ ਵਾਲੀ ਇਕ ਆਨਲਾਈਨ ਪਟੀਸ਼ਨ ਮਿਲੀ ਹੈ, ਜਿਸ ਵਿੱਚ ਉਪਰੋਕਤ ਵਿਸ਼ਿਆਂ ’ਤੇ ਸਦਨ ਵਿੱਚ ਵਿਚਾਰ ਚਰਚਾ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ।
ਦਿਲਚਸਪ ਗੱਲ ਹੈ ਕਿ ਇਸ ਪਟੀਸ਼ਨ ’ਤੇ ਸੰਸਦ ਵਿੱਚ ਵੈਸਟ ਲੰਡਨ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਦੀ ਹੈਸੀਅਤ ਵਿੱਚ ਬੋਰਿਸ ਜੌਹਨਸਨ ਦਾ ਨਾਮ ਵੀ ਸ਼ਾਮਲ ਹੈ, ਹਾਲਾਂਕਿ ਡਾਊਨਿੰਗ ਸਟਰੀਟ ਨੇ ਦੋ ਟੁੱਕ ਸ਼ਬਦਾਂ ’ਚ ਸਾਫ ਕਰ ਦਿੱਤਾ ਹੈ ਕਿ ਬਰਤਾਨਵੀ ਪ੍ਰਧਾਨ ਮੰਤਰੀ ਨੇ ਪਟੀਸ਼ਨ ’ਤੇ ਸਹੀ ਨਹੀਂ ਪਾਈ। ਉਧਰ ਹਾਊਸ ਆਫ਼ ਕਾਮਨਜ਼ ਨੇ ਵਧੇਰੇ ਸਫ਼ਾਈ ਦਿੰਦਿਆਂ ਕਿਹਾ ਕਿ ਉਸ ਦੀ ਵੈੱਬਸਾਈਟ ’ਤੇ ਮੌਜੂਦ ਪਟੀਸ਼ਨਾਂ ’ਤੇ ਪਾਈਆਂ ਸਹੀਆਂ ਨੂੰ ਵੇਖਿਆ ਜਾ ਸਕਦਾ ਹੈ ਤੇ ਇਹ ਡੇਟਾ ਸਬੰਧਤ ਹਲਕੇ ਦੇ ਸੰਸਦ ਮੈਂਬਰ ਦਾ ਨਾਮ ਵੀ ਦੱਸਦਾ ਹੈ, ਪਰ ਡੇਟਾ ਇਹ ਨਹੀਂ ਦਰਸਾਉਂਦਾ ਕਿ ਵਿਅਕਤੀ ਵਿਸ਼ੇਸ਼ ਸੰਸਦ ਮੈਂਬਰ ਨੇ ਹੀ ਸਹੀ ਪਾਈ ਹੈ ਜਾਂ ਨਹੀਂ।
ਦੱਸਣਾ ਬਣਦਾ ਹੈ ਕਿ ਸੰਸਦ ਦੀ ਵੈੱਬਸਾਈਟ ’ਤੇ ਪਾਈ ਕਿਸੇ ਵੀ ਆਨਲਾਈਨ ਪਟੀਸ਼ਨ ’ਤੇ ਦਸ ਹਜ਼ਾਰ ਤੋਂ ਵੱਧ ਲੋਕ ਦਸਤਖ਼ਤ ਕਰ ਦੇਣ ਤਾਂ ਯੂਕੇ ਸਰਕਾਰ ਨੂੰ ਇਸ ਬਾਰੇ ਅਧਿਕਾਰਤ ਬਿਆਨ ਜਾਰੀ ਕਰਨਾ ਪੈਂਦਾ ਹੈ ਅਤੇ ਜੇ ਕਿਤੇ ਪਟੀਸ਼ਨ ’ਤੇ ਇਕ ਲੱਖ ਤੋਂ ਵੱਧ ਲੋਕਾਂ ਦੀ ਸਹੀ ਪੈ ਜਾਵੇ ਤਾਂ ਇਸ ’ਤੇ ਵਿਚਾਰ-ਚਰਚਾ ਲਈ ਗੌਰ ਕਰਨਾ ਲਾਜ਼ਮੀ ਹੋ ਜਾਂਦਾ ਹੈ।