ਨਵੀਂ ਦਿੱਲੀ (ਸਮਾਜ ਵੀਕਲੀ) : ਵਿਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਜਟ ਭਾਸ਼ਣ ਦੌਰਾਨ ਜਿਉਂ ਹੀ ਕੇਂਦਰ ਸਰਕਾਰ ਦੇ ਕਿਸਾਨਾਂ ਦੇ ਕਲਿਆਣ ਲਈ ਪ੍ਰਤੀਬੱਧ ਹੋਣ ਦਾ ਜ਼ਿਕਰ ਕੀਤਾ ਤਾਂ ਸਦਨ ’ਚ ਹਾਜ਼ਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਹੰਗਾਮਾ ਕੀਤਾ ਗਿਆ। ਉਹ ਨਾਅਰੇਬਾਜੀ ਕਰਨ ਲੱਗੇ ਤੇ ਦਿੱਲੀ ਨੂੰ ਤਿੰਨ ਪਾਸਿਉਂ ਘੇਰੀ ਬੈਠੇ ਕਿਸਾਨਾਂ ਵੱਲ ਸਰਕਾਰ ਦਾ ਧਿਆਨ ਦਿਵਾਇਆ। ਵਿੱਤ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦੇ ਕਲਿਆਣ ਲਈ ਵਚਨਬੱਧ ਹੈ। ਇਸ ਮਗਰੋਂ ਸੰਸਦ ਮੈਂਬਰਾਂ ਨੇ ਸ਼ੋਰ ਪਾਇਆ ਤੇ ਖੇਤੀ ਕਾਨੂੰਨ ਰੱਦ ਕਰਨ ਦੇ ਨਾਅਰੇ ਲਾਏ। ਇਸ ਕਰਕੇ ਨਿਰਮਲਾ ਸੀਤਾਰਾਮਨ ਨੂੰ ਭਾਸ਼ਣ ਰੋਕਣਾ ਪਿਆ। ਵਿੱਤ ਮੰਤਰੀ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਹੇਠ ਫਸਲਾਂ ਦੀ ਖ਼ਰੀਦ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਵਿਤ ਵਰ੍ਹੇ ਦੌਰਾਨ 1.72 ਕਰੋੜ ਰੁਪਏ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਖਰੀਦੀ ਗਈ।
ਉਨ੍ਹਾਂ ਕਿਹਾ ਕਿ 2013- 14 ਦੌਰਾਨ ਕੁੱਲ 33,874 ਕਰੋੜ ਰੁਪਏ ਕਣਕ ਲਈ ਦਿੱਤੇ ਗਏ ਸਨ ਜਦੋਂ ਕਿ 2019-20 ਦੌਰਾਨ 62 ਹਜ਼ਾਰ ਕਰੋੜ ਤੋਂ ਵੱਧ ਦਿੱਤੇ ਗਏ। ਉਨ੍ਹਾਂ ਅੰਕੜੇ ਦੱਸੇ ਕਿ 2021 ਵਿੱਚ ਇਹ 75,050 ਕਰੋੜ ਤੱਕ ਪਹੁੰਚੇ। ਵਿੱਤ ਮੰਤਰੀ ਅਨੁਸਾਰ ਇਸ ਨਾਲ 43.36 ਲੱਖ ਕਿਸਾਨਾਂ ਨੂੰ ਫਾਇਦਾ ਪਹੁੰਚਿਆ ਹੈ।