ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਕੁਝ ਸ਼ੈੱਲਰ ਮਾਲਕ ਨਿਯਮਾਂ ਦੇ ਉੱਲਟ ਖ਼ਰੀਦ ਕੇ ਸਰਕਾਰ ਤੇ ਕਿਸਾਨਾਂ ਨੂੰ ਮੋਟਾ ਰਗੜਾ ਲਾ ਰਹੇ ਹਨ। ਜਾਣਕਾਰੀ ਅਨੁਸਾਰ ਕੁਝ ਸ਼ੈੱਲਰ ਮਾਲਕ ਕਿਸਾਨਾਂ ਤੋਂ ਸਿੱਧਾ ਝੋਨਾ ਸ਼ੈੱਲਰਾਂ ਵਿੱਚ ਹੀ ਖ਼ਰੀਦ ਰਹੇ ਹਨ। ਝੋਨੇ ਦੀਆਂ ਭਰੀਆਂ ਟਰਾਲੀਆਂ ਇਨ੍ਹਾਂ ਸ਼ੈੱਲਰਾਂ ਵਿੱਚ ਜਾਂਦੀਆਂ ਹਨ ਜਿੱਥੇ ਸ਼ੈੱਲਰ ਮਾਲਕ ਕਿਸਾਨਾਂ ਤੋਂ ਦੋ ਕਿੱਲੋ ਤੋਂ ਲੈ ਕੇ ਦਸ ਕਿੱਲੋ ਤੱਕ ਪ੍ਰਤੀ ਕੁਇੰਟਲ ਕਾਟ ਕੱਟ ਰਹੇ ਹਨ।
ਸ਼ੈੱਲਰ ਮਾਲਕ ਜਿੱਥੇ ਕਿਸਾਨਾਂ ਤੋ ਕਾਟ ਕੱਟਣ ਦੇ ਨਾਂ ’ਤੇ ਮੋਟੀ ਕਮਾਈ ਕਰ ਰਹੇ ਹਨ ਉੱਥੇ ਹੀ ਮਾਰਕੀਟ ਫੀਸ ਚੋਰੀ ਕਰਕੇ ਸਰਕਾਰ ਨੂੰ ਵੀ ਚੂਨਾ ਲਗਾ ਰਹੇ ਹਨ। ਜਾਣਕਾਰੀ ਅਨੁਸਾਰ ਕਈ ਸ਼ੈੱਲਰ ਮਾਲਕ ਤਾਂ ਹੁਣ ਤੱਕ 200 ਤੋਂ ਵੱਧ ਟਰਾਲੀਆਂ ਕਿਸਾਨਾਂ ਤੋਂ ਬਾਹਰ ਦੀ ਬਾਹਰ ਖਰੀਦ ਚੁੱਕੇ ਹਨ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਸਕੱਤਰ ਹਰਦੇਵ ਸਿੰਘ ਕੋਟਧਰਮੂ, ਬਲਾਕ ਪ੍ਰਧਾਨ ਬਾਬੂ ਸਿੰਘ ਧਿੰਗੜ, ਕਾਮਰੇਡ ਲਾਲ ਚੰਦ ਸਰਦੂਲਗੜ੍ਹ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਤੋਂ ਮਾਮਲੇ ਸਬੰਧੀ ਜਾਂਚ ਕਰਵਾ ਕੇ ਸ਼ੈਲਰ ਮਾਲਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਇਸ ਸਬੰਧੀ ਜਦੋਂ ਸ਼ੈਲਰ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਕਿਸਾਨਾਂ ਤੋਂ ਸਿੱਧਾ ਝੋਨਾ ਖਰੀਦਿਆ ਹੈ। ਜਦੋਂ ਇਸ ਸਬੰਧੀ ਸ਼ੈਲਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ੈਲੱਰ ਮਾਲਕ ਕਿਸਾਨਾਂ ਤੋਂ ਬਾਹਰ ਦੀ ਬਾਹਰ ਝੋਨਾ ਖਰੀਦ ਸਕਦੇ ਹਨ।
ਐੱਸਡੀਐੱਮ ਸਰਦੂਲਗੜ੍ਹ ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਕੋਈ ਵੀ ਸ਼ੈੱਲਰ ਮਾਲਕ ਕਿਸਾਨਾਂ ਤੋਂ ਸਿੱਧਾ ਝੋਨਾ ਨਹੀਂ ਖਰੀਦ ਸਕਦਾ, ਜੇ ਕੋਈ ਖ਼ਰੀਦ ਕਰ ਰਿਹਾ ਹੈ ਤਾਂ ਨਿਯਮਾਂ ਦੇ ਉਲਟ ਹੈ। ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ। ਜਾਂਚ ਕਰਵਾਉਣ ਮਗਰੋਂ ਪਤਾ ਲੱਗੇਗਾ ਕਿ ਕਿਸ-ਕਿਸ ਸ਼ੈਲਰ ਮਾਲਕ ਨੇ ਕਿਸਾਨਾਂ ਤੋਂ ਸਿੱਧਾ ਝੋਨਾ ਖਰੀਦਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
INDIA ਕਿਸਾਨਾਂ ਤੋਂ ਸਿੱਧਾ ਝੋਨਾ ਖ਼ਰੀਦ ਕੇ ਸ਼ੈੱਲਰ ਮਾਲਕ ਲਾ ਰਹੇ ਨੇ ਰਗੜਾ