ਕਿਸਾਨਾਂ ਤੇ ਸਰਕਾਰ ਵਿਚਾਲੇ ਅੱਠਵੇਂ ਗੇੜ ਦੀ ਗੱਲਬਾਤ ਬੇਸਿੱਟਾ, ਅਗਲੀ ਮੀਟਿੰਗ 15 ਨੂੰ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰ ਤੇ ਕਿਸਾਨਾਂ ਵਿਚਾਲੇ ਖੇਤੀ ਕਾਨੂੰਨਾਂ ਬਾਰੇ ਅੱਜ ਅੱਠਵੇਂ ਗੇੜ ਦੀ ਗੱਲਬਾਤ ਵੀ ਬੇਨਤੀਜਾ ਰਹੀ ਤੇ ਹੁਣ ਅਗਲੀ ਮੀਟਿੰਗ 15 ਜਨਵਰੀ ਨੂੰ ਹੋਵੇਗੀ। ਸੂਤਰਾਂ ਮੁਤਾਬਕ ਖੇਤੀ ਕਾਨੂੰਨਾਂ ’ਤੇ ਦੋਵੇਂ ਧਿਰਾਂ ਆਪੋ ਆਪਣੇ ਰੁਖ਼ ’ਤੇ ਕਾਇਮ ਹਨ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਗੱਲ ਸਿਰ ਨਹੀਂ ਲੱਗਦੀ ਉਹ ਇਥੇ ਲੜਨਗੇ ਤੇ ਇਥੇ ਹੀ ਮਰਨਗੇ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਅਦਾਲਤ ਵਿੱਚ ਨਹੀਂ ਜਾਣਗੇ ਤੇ ਚੁਣੀ ਸਰਕਾਰ ਹੀ ਫ਼ੈਸਲਾ ਕਰੇ।

ਕਿਸਾਨ ਨੇਤਾਵਾਂ ਨੇ ਕਿਹਾ ਕਿ ਅਗਲੀ ਰਣਨੀਤੀ ’ਤੇ ਚਰਚਾ ਕਰਨ ਲਈ ਜਥੇਬੰਦੀਆਂ ਦੀ ਮੀਟਿੰਗ 11 ਜਨਵਰੀ ਨੂੰ ਹੋਵੇਗੀ। ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਦੇ ਰਵੱਈਏ ਤੋਂ ਲੱਗਦਾ ਹੈ ਕਿਸਾਨ ਲੋਹੜੀ ਤੇ ਵਿਸਾਖੀ ਇਥੇ ਹੀ ਮਨਾਉਣਗੇ। ਇਸ ਦੌਰਾਨ ਖੇਤੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ 15 ਜਨਵਰੀ ਦੀ ਮੀਟਿੰਗ ਤੋਂ ਕਾਫੀ ਆਸ ਹੈ। ਇਸ ਤੋਂ ਪਹਿਲਾਂ ਅੱਜ ਕਿਸਾਨਾਂ ਨਾਲ ਗੱਲਬਾਤ ਤੋਂ ਪਹਿਲਾਂ ਅਮਿਤ ਸ਼ਾਹ ਦੇ ਘਰ ਇਕ ਘੰਟੇ ਤੱਕ ਬੈਠਕ ਹੋਈ, ਜਿਸ ਵਿੱਚ ਖੇਤੀ ਮੰਤਰ ਨਰਿੰਦਰ ਤੋਮਰ ਤੇ ਪੀਯੂਸ਼ ਗੋਇਲ ਮੌਜੂਦ ਸਨ। ਇਸ ਤੋਂ ਬਾਅਦ ਇਹ ਮੰਤਰੀ ਵਿਗਿਆਨ ਭਵਨ ਲਈ ਰਵਾਨਾ ਹੋਏ।

ਇਸ ਤੋ ਪਹਿਲਾਂ ਮੀਟਿੰਗ ਕਰਨ ਲਈ ਕਿਸਾਨ ਵਿਗਿਆਨ ਭਵਨ ਪੁੱਜੇ। ਪ੍ਰਾਪਤ ਜਾਣਕਾਰੀ ਮੁਤਾਬਕ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਅੱਜ ਦੀ ਗੱਲਬਾਤ ਤੋਂ ਬਹੁਤੇ ਆਸਵੰਦ ਨਹੀਂ ਸਨ ਕਿਉਂਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੀਟਿੰਗ ਤੋਂ ਇਕ ਦਿਨ ਪਹਿਲਾਂ ਇਹ ਬਿਆਨ ਦੇ ਕੇ ਆਪਣਾ ਰੁਖ਼ ਸਾਫ਼ ਕਰ ਦਿੱਤਾ ਸੀ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਨਗੇ ਤੇ ਇਸ ਤੋਂ ਇਲਾਵਾ ਹੋਰ ਮੁੱਦਿਆਂ ’ਤੇ ਸਰਕਾਰ ਚਰਚਾ ਲਈ ਤਿਆਰ ਹੈ, ਜਦ ਕਿ ਕਿਸਾਨ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨ ਨੇਤਾਵਾਂ ਨੇ ਵਿਗਿਆਨ ਭਵਨ ’ਚ ਜਾਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨਾ ਹੀ ਹੋਵੇਗਾ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਅੱਜ ਦਾ ਬਿਆਨ ਸਰਕਾਰ ਦੀ ਮਨਸ਼ਾ ਜ਼ਾਹਰ ਕਰਦਾ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਹ ਬੈਠਕ ਕੇਂਦਰ ਨੇ ਸੱਦੀ ਹੈ ਤੇ ਹਰ ਬੈਠਕ ਵਿੱਚ ਹਰੇਕ ਨੁਕਤੇ ’ਤੇ ਕਿਸਾਨ ਸਰਕਾਰ ਨੂੰ ਸਮਝਾ ਚੁੱਕੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਕਿਸਾਨਾਂ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ।

 

 

Previous articleਐਸ ਝੱਮਟ ਨੇ ‘ਵਹਿਮ ਦਿੱਲੀਏ’ ਨਾਲ ਭਰੀ ਹਾਜ਼ਰੀ
Next articleਬੇਅੰਤ ਸਿੰਘ ਹੱਤਿਆ ਕਾਂਡ: ਰਾਜੋਆਣਾ ਦੀ ਸਜ਼ਾ-ਏ-ਮੌਤ ਨੂੰ ਬਦਲਣ ਬਾਰੇ ਕੇਂਦਰ 26 ਜਨਵਰੀ ਤੱਕ ਫ਼ੈਸਲਾ ਕਰੇ: ਸੁਪਰੀਮ ਕੋਰਟ