ਡੇਰਾਬੱਸੀ (ਸਮਾਜ ਵੀਕਲੀ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖ਼ਿਲਾਫ਼ ਸੂਬੇ ਭਰ ਵਿੱਚ ਚਲ ਰਿਹਾ ਕਿਸਾਨਾਂ ਦਾ ਸੰਘਰਸ਼ ਰੋਜ਼ਾਨਾ ਭਖਦਾ ਜਾ ਰਿਹਾ ਹੈ। ਹਲਕਾ ਡੇਰਾਬੱਸੀ ਵਿੱਚ ਇਸ ਸੰਘਰਸ਼ ਵਿੱਚ ਯੂਥ ਕਾਂਗਰਸੀ ਆਗੂ ਵੀ ਮੁਜ਼ਾਹਰਾਕਾਰੀ ਕਿਸਾਨਾਂ ਦਾ ਸਾਥ ਦੇ ਰਹੇ ਹਨ। ਕਿਸਾਨਾਂ ਅਤੇ ਯੂਥ ਕਾਂਗਰਸੀਆਂ ਵੱਲੋਂ ਅੱਜ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ‘ਤੇ ਪਿੰਡ ਭਾਂਖਰਪੁਰ ਸਥਿਤ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਨੂੰ ਬੰਦ ਕਰਵਾ ਦਿੱਤਾ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਰਣਜੀਤ ਸਿੰਘ ਰੈਡੀ ਨੈ ਕੀਤੀ।
ਪੰਪ ਅੱਗੇ ਕੇਂਦਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਮੁਜ਼ਹਰਾਕਾਰੀਆਂ ਨੇ ਪੰਪ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ ਜਦ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਦ ਤੱਕ ਉਹ ਪੰਪ ਨੂੰ ਕਿਸੇ ਕੀਮਤ ਤੱਕ ਚਾਲੂ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਜੇ ਪੰਪ ਨੂੰ ਮੁੜ ਚਾਲੂ ਕੀਤਾ ਗਿਆ ਤਾਂ ਇਸਦੇ ਬਾਹਰ ਪੱਕਾ ਧਰਨਾ ਲਾਇਆ ਜਾਏਗਾ।