ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਦਿਨ ਦੇ ਕਰਫਿਊ ਨੂੰ ਅੱਜ ਹਟਾ ਲਿਆ ਗਿਆ ਹੈ। ਉਂਜ ਪੀਡੀਪੀ ਆਗੂ ਦੇ ਨਿੱਜੀ ਸੁਰੱਖਿਆ ਅਧਿਕਾਰੀ ਤੋਂ ਰਾਈਫਲ ਖੋਹਣ ਵਾਲੇ ਸ਼ੱਕੀ ਦਹਿਸ਼ਤਗਰਦਾਂ ਦੀ ਸ਼ਨਿਚਰਵਾਰ ਨੂੰ ਦੂਜੇ ਦਿਨ ਵੀ ਭਾਲ ਜਾਰੀ ਰਹੀ। ਸ਼ੁੱਕਰਵਾਰ ਨੂੰ ਹਥਿਆਰ ਖੋਹਣ ਦੀ ਘਟਨਾ ਮਗਰੋਂ ਪ੍ਰਸ਼ਾਸਨ ਨੇ ਕਿਸ਼ਤਵਾੜ ’ਚ ਕਰਫਿਊ ਲਗਾ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਇਹਤਿਆਤ ਵਜੋਂ ਵਿਦਿਅਕ ਅਦਾਰੇ ਬੰਦ ਰੱਖੇ ਗਏ ਹਨ। ਜ਼ਿਲ੍ਹਾ ਵਿਕਾਸ ਕਮਿਸ਼ਨਰ ਅੰਗਰੇਜ਼ ਸਿੰਘ ਰਾਣਾ ਨੇ ਦੱਸਿਆ ਕਿ ਰਾਤ ਦਾ ਕਰਫਿਊ ਅਗਲੇ ਹੁਕਮਾਂ ਤਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦਾਂ ਦੀ ਭਾਲ ’ਚ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਅਤੇ ਦੋਸ਼ੀਆਂ ਨੂੰ ਛੇਤੀ ਫੜ ਲਿਆ ਜਾਵੇਗਾ।