ਅੰਮ੍ਰਿਤਸਰ (ਸਮਾਜ ਵੀਕਲੀ):- 2018 ਵਿੱਚ ਵੈਸਾਖੀ ਦੇ ਜਥੇ ਨਾਲ ਪਾਕਿਸਤਾਨ ਗਈ ਕਿਰਨ ਬਾਲਾ ਜਿਸ ਨੇ ਕਿ ਲਾਹੌਰ ਵਿੱਚ ਆਪਣਾ ਧਰਮ ਬਦਲ ਕੇ ਵਿਆਹ ਕਰਵਾਇਆ ਸੀ ਦਾ ਪ੍ਰਵਾਰ ਅੱਜ ਰੋਟੀ ਖੁਣੋਂ ਆਤਰ ਹੈ।ਇਹ ਸਾਰਾ ਪ੍ਰਵਾਰ ਅੰਮ੍ਰਿਤਧਾਰੀ ਹੈ। ਸ਼ੋਸ਼ਲ ਮੀਡੀਆ ਉਪਰ ਉਸ ਦਾ ਸਹੁਰਾ ਸ੍ਰ. ਕ੍ਰਿਸ਼ਨ ਸਿੰਘ ਕਹਿ ਰਿਹਾ ਹੈ ਕਿ ਪਹਿਲਾਂ ਉਹ ਗੁਰਦੁਆਰੇ ਪਾਠ ਕਰਕੇ ਗੁਜ਼ਾਰਾ ਕਰਦਾ ਸੀ ਪਰ ਹੁਣ ਉਸ ਨੂੰ ਉੱਥੋਂ ਵੀ ਜੁਆਬ ਮਿਲ ਗਿਆ ਹੈ ਤੇ ਉਸ ਲਈ ਪ੍ਰਵਾਰ ਨੂੰ ਪਾਲਣਾ ਵੀ ਮੁਸ਼ਕਲ ਹੋ ਗਿਆ ਹੈ। ਉਸ ਦੇ ਮਕਾਨ ਦੀ ਛੱਤ ਡਿੱਗਣ ਵਾਲੀ ਹੈ ਕਿਉਂਕਿ ਇਹ ਕਈਆਂ ਥਾਵਾਂ ‘ਚੋਂ ਚੋਅ ਰਹੀ ਹੈ।
ਸ. ਕ੍ਰਿਸ਼ਨ ਸਿੰਘ ਅਨੁਸਾਰ ਜਦ ਸਵਾ ਦੋ ਸਾਲ ਪਹਿਲਾਂ ਇਹ ਕਾਂਡ ਵਾਪਰਿਆ ਉਸ ਸਮੇਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ,ਪ੍ਰਧਾਨ,ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਨੇ ਕਿਹਾ ਸੀ ਕਿ ਜਿੱਥੇ ਉਹ ਇਸ ਦੀ ਜਾਂਚ ਕਰਵਾਉਣਗੇ ਉੱਥੇ ਪ੍ਰਵਾਰ ਦੀ ਹਰ ਤਰ੍ਹਾਂ ਦੀ ਸਹਾਇਤਾ ਵੀ ਕਰਨਗੇ । ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਸ ਸਮੇਂ ਕਈ ਜਥੇਬੰਦੀਆਂ ਨੇ ਵੀ ਸਹਾਇਤਾ ਦਾ ਭਰੋਸਾ ਦਿੱਤਾ ਸੀ ਪਰ ਕਿਸੇ ਨੇ ਉਸ ਦੀ ਸਾਰ ਨਹੀਂ ਲਈ। ਬੱਚਿਆਂ ਦਾ ਪਿਤਾ ਨਹੀਂ ਹੈ।ਲੌਕਡਾਊਨ ਕਰਕੇ ਉਸ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੈ। ਉਸ ਦੀ ਪੋਤਰੀ ਦਸਵੀਂ ਜਮਾਤ ਵਿੱਚ ਪੜ੍ਹਦੀ ਹੈ ਤੇ ਇੱਕ ਪੋਤਰਾ ਪੰਜਵੀਂ ਤੇ ਦੂਜਾ ਚੌਥੀ ਜਮਾਤ ਵਿੱਚ ਪੜ੍ਹਦਾ ਹਨ। ਛਤ ਦੀ ਮੁਰੰਮਤ ਦਾ ਡੇਢ ਲੱਖ ਦਾ ਖਰਚਾ ਹੈ। ਉਸ ਨੇ ਫਾਰਮ ਭਰ ਕੇ ਦਿੱਤਾ ਹੈ ਤੇ ਕਰਜ਼ਾ ਵੀ ਮਨਜ਼ੂਰ ਹੋਇਆ ਹੈ।ਪਰ ਸਰਕਾਰੀ ਅਫ਼ਸਰ ਕਹਿੰਦੇ ਹਨ ਕਿ ਪਹਿਲਾਂ ਉਹ ਖਰਚ ਕਰੇ ਪੈਸੇ ਬਾਅਦ ਵਿੱਚ ਮਿਲਣਗੇ। ਪਰ ਉਹ ਤਾਂ ਰੋਟੀ ਖੁਣੋਂ ਆਤਰ ਹੈ, ਪੈਸੇ ਕਿੱਥੋਂ ਲਾਏ। ਇਸ ਤੋਂ ਸਰਕਾਰ ਦੀ ਨੀਤੀਆਂ ਦੀ ਪੋਲ ਖੁਲ੍ਹਦੀ ਹੈ ਕਿ ਗਰੀਬਾਂ ਦੀ ਮਦਦ ਦੇ ਦਾਅਵੇ ਕਿੰਨੇ ਖੋਖਲੇ ਹਨ।
ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਖ ਵੱਖ ਪੱਤਰ ਲਿਖ ਕੇ ਪ੍ਰਵਾਰ ਦੀ ਆਰਥਿਕ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਸਰਕਾਰ ਤੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਕਾਨ ਦੀ ਮੁਰੰਮਤ ਲਈ ਫੌਰੀ ਸਹਾਇਤਾ ਜਾਰੀ ਕਰਨ ਤੋਂ ਇਲਾਵਾ ਗੁਜ਼ਾਰੇ ਲਈ ਹਰ ਮਹੀਨੇ ਸਹਾਇਤਾ ਜਾਰੀ ਕਰੇ ਤੇ ਬੱਚਿਆਂ ਦੀ ਪੜ੍ਹਾਈ ਦਾ ਵੀ ਖ਼ਰਚਾ ਕਰੇ। ਇਸ ਦੇ ਨਾਲ ਪਾਕਿਸਤਾਨ ਵਿੱਚ ਗਈ ਕਿਰਨ ਬਾਲਾ ਨੂੰ ਮੁੜ ਭਾਰਤ ਵਾਪਸ ਲਿਆਉਣ ਲਈ ਲੋੜੀਂਦੀ ਕਾਰਵਾਈ ਕਰਨ।
ਜਾਰੀ ਕਰਤਾ ਡਾ. ਚਰਨਜੀਤ ਸਿੰਘ ਗੁਮਟਾਲਾ (91-94175-33060)