ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਪੰਜਾਬਣ ਸੰਸਦ ਮੈਂਬਰ ਕਿਰਨ ਖੇਰ ਅਹੁਦੇ ਦੀ ਸਹੁੰ ਚੁੱਕਣ ਵੇਲੇ ਮਾਂ ਬੋਲੀ ਤੋਂ ਬੇਮੁੱਖ ਹੋ ਗਈ। ਭਾਜਪਾ ਸੰਸਦ ਮੈਂਬਰ ਕਿਰਨ ਖੇਰ ਨੇ ਬੀਤੇ ਦਿਨ ਪਾਰਲੀਮੈਂਟ ਵਿਚ ਅਹੁਦੇ ਦੀ ਸਹੁੰ ਹਿੰਦੀ ਵਿਚ ਚੁੱਕੀ। ਇਸ ਵਾਰ ਚੋਣ ਪ੍ਰਕਿਰਿਆ ਦੌਰਾਨ ਚੰਡੀਗੜ੍ਹ ਪੰਜਾਬੀ ਮੰਚ ਨੇ ਇਥੋਂ ਚੋਣ ਲੜ ਰਹੇ ਤਿੰਨ ਮੁੱਖ ਉਮਦੀਵਾਰਾਂ ਭਾਜਪਾ ਦੀ ਕਿਰਨ ਖੇਰ, ਕਾਂਗਰਸ ਦੇ ਪਵਨ ਕੁਮਾਰ ਬਾਂਸਲ ਅਤੇ ‘ਆਪ’ ਉਮੀਦਵਾਰ ਹਰਮੋਹਨ ਧਵਨ ਨੂੰ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਕਰਨ ਦੀ ਮੰਗ ਉਪਰ ਆਪਣੇ ਨਜ਼ਰੀਏ ਸਪਸ਼ਟ ਕਰਨ ਲਈ ਕਿਹਾ ਸੀ। ਉਸ ਮੌਕੇ ਕਿਰਨ ਖੇਰ ਕਲਾ ਭਵਨ ਸੈਕਟਰ-16 ਵਿਚ ਪੰਜਾਬੀ ਹਿਤੈਸ਼ੀਆਂ ਦੇ ਇਕੱਠ ਨੂੰ ਦੇਖ ਕੇ ਪੰਜਾਬੀਅਤ ਦੇ ਵਹਿਣ ਵਿਚ ਵਹਿ ਗਈ ਸੀ ਅਤੇ ਉਨ੍ਹਾਂ ਗੂੜ ਪੰਜਾਬੀ ਬੋਲ ਕੇ ਕਿਹਾ ਸੀ ਕਿ ਜਦੋਂ ਚੰਡੀਗੜ੍ਹ ਪੰਜਾਬੀ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਧਰਤੀ ਉਪਰ ਬਣਿਆ ਹੈ ਤਾਂ ਫਿਰ ਇਥੋਂ ਦੇ ਪ੍ਰਸ਼ਾਸਨ ਵਿਚ ਪੰਜਾਬੀ ਭਾਸ਼ਾ ਨੂੰ ਕੋਈ ਥਾਂ ਨਾ ਦੇਣਾ ਪੂਰੀ ਤਰ੍ਹਾਂ ਗਲਤ ਹੈ। ਉਸ ਵੇਲੇ ਕਿਰਨ ਖੇਰ ਨੇ ਪੰਜਾਬੀ ਭਾਸ਼ਾ ਦਾ ਪੱਖ ਪੂਰਦਿਆਂ ਕਿਹਾ ਸੀ ਉਨ੍ਹਾਂ ਦੇ ਜਿੱਤਣ ਦੀ ਸੂਰਤ ਵਿਚ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦਿਵਾਇਆ ਜਾਵੇਗਾ।ਦੱਸਣਯੋਗ ਹੈ ਕਿ ਸਾਲ 2014 ਵਿਚ ਜਦੋਂ ਕਿਰਨ ਖੇਰ ਪਹਿਲੀ ਵਾਰ ਸੰਸਦ ਮੈਂਬਰ ਦੀ ਚੋਣ ਲੜੀ ਸੀ ਤਾਂ ਉਨ੍ਹਾਂ ਉਸ ਵੇਲੇ ਪੰਜਾਬੀ ਭਾਈਚਾਰੇ ਨਾਲ ਵਾਅਦਾ ਕੀਤਾ ਸੀ ਕਿ ਜਿੱਤਣ ਦੀ ਸੂਰਤ ਵਿਚ ਉਹ ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਰੁਤਬਾ ਦਿਵਾਏਗੀ। ਪਿੱਛਲੇ ਪੰਜ ਸਾਲਾਂ ਤੋਂ ਪੰਜਾਬੀ ਹਿਤੈਸ਼ੀਆਂ ਵੱਲੋਂ ਇਸ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੇ ਬਾਵਜੂਦ ਪੰਜਾਬੀਆਂ ਦੀ ਰਾਜਧਾਨੀ ਵਿਚ ਹੀ ਰੁਲ ਰਹੀ ਮਾਂ ਬੋਲੀ ਲਈ ਕਿਰਨ ਖੇਰ ਨੇ ਕੁਝ ਨਹੀਂ ਕੀਤਾ। ਪੰਜਾਬੀ ਹਿਤੈਸ਼ੀਆਂ ਨੇ ਸਾਫ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਮੰਗ ਆਪਣੀ ਮਾਂ ਬੋਲੀ ਨੂੰ ਸੜਕਾਂ ਕਿਨਾਰੇ ਲੱਗੇ ਬੋਰਡਾਂ ਉਪਰ ਟੰਗਣ ਦੀ ਨਹੀਂ ਸਗੋਂ ਯੂਟੀ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਕਰਨ ਦੀ ਹੈ। ਇਸੇ ਦੌਰਾਨ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਕਿਰਨ ਖੇਰ ਵੱਲੋਂ ਪਾਰਲੀਮੈਂਟ ਵਿਚ ਪੰਜਾਬੀ ਦੀ ਥਾਂ ਹਿੰਦੀ ਵਿਚ ਸਹੁੰ ਚੁੱਕਣ ਕਾਰਨ ਉਨ੍ਹਾਂ ਦੇ ਮਨ ਨੂੰ ਠੇਸ ਲੱਗੀ ਹੈ। ਸ੍ਰੀ ਬੁਟੇਰਲਾ ਨੇ ਕਿਹਾ ਕਿ ਉਹ ਜਲਦ ਹੀ ਸੰਸਦ ਮੈਂਬਰ ਤੋਂ ਮੰਗ ਕਰਨਗੇ ਕਿ ਯੂਟੀ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਰੁਤਬਾ ਦਿਵਾਇਆ ਜਾਵੇ। ਚੰਡੀਗੜ੍ਹ ਪੰਜਾਬੀ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਕਿਹਾ ਕਿ ਸੰਸਦ ਮੈਂਬਰ ਨੇ ਹਿੰਦੀ ਵਿਚ ਸਹੁੰ ਚੁੱਕ ਕੇ ਚੰਡੀਗੜ੍ਹ ਦੇ ਪੰਜਾਬੀ ਹਿਤੈਸ਼ੀਆਂ ਨੂੰ ਭਾਰੀ ਠੇਸ ਮਾਰੀ ਹੈ। ਉਨ੍ਹਾਂ ਕਿਹਾ ਕਿ ਹੁਣ ਕਿਰਨ ਖੇਰ ਪੰਜਾਬੀ ਨੂੰ ਇਥੇ ਸਰਕਾਰੀ ਭਾਸ਼ਾ ਦਾ ਰੁਤਬਾ ਦਿਵਾਏ ਨਹੀਂ ਤਾਂ ਮੰਚ ਮੁੜ ਸੰਘਰਸ਼ ਦੇ ਰਾਹ ਪੈਣ ਲਈ ਮਜਬੁੂਰ ਹੋਵੇਗਾ।
INDIA ਕਿਰਨ ਖੇਰ ਨੇ ਸਹੁੰ ਚੁੱਕਣ ਵੇਲੇ ਪੰਜਾਬੀ ਨੂੰ ਵਿਸਾਰਿਆ