ਕਿਰਤ ਮੰਤਰਾਲਾ ਵੱਲੋਂ ਐਂਪਲਾਈਜ਼ ਪ੍ਰੌਵੀਡੈਂਟ ਫੰਡ ਸੰਗਠਨ (ਈਪੀਐੱਫਓ) ਦੀ ਕਰਮਚਾਰੀ ਪੈਨਸ਼ਨ ਯੋਜਨਾ ਤਹਿਤ ਪੈਨਸ਼ਨ ਫੰਡ ’ਚੋਂ ਯਕਮੁਸ਼ਤ ਅੰਸ਼ਿਕ ਨਿਕਾਸੀ ਭਾਵ ‘ਕਮਿਊਟੇਸ਼ਨ’ ਦੀ ਸਹੂਲਤ ਜਨਵਰੀ ਮਹੀਨੇ ਤੋਂ ਲਾਗੂ ਕੀਤੀ ਜਾਵੇਗੀ। ਇਸ ਫ਼ੈਸਲੇ ਨਾਲ 6.3 ਲੱਖ ਪੈਨਸ਼ਨਧਾਰਕਾਂ ਨੂੰ ਲਾਭ ਮਿਲੇਗਾ। ਇਨ੍ਹਾਂ 6.3 ਲੱਖ ਪੈਨਸ਼ਨਧਾਰਕਾਂ ਨੇ ਆਪਣੀ ਪੈਨਸ਼ਨ ਨਿਕਾਸੀ ਦਾ ਬਦਲ ਚੁਣਿਆ ਸੀ ਅਤੇ 2009 ਤੋਂ ਪਹਿਲਾਂ ਸੇਵਾਮੁਕਤੀ ਸਮੇਂ ਉਨ੍ਹਾਂ ਨੂੰ ਪੈਨਸ਼ਨ ਫੰਡ ’ਚ ਜਮ੍ਹਾਂ ਰਾਸ਼ੀ ਵਿੱਚੋਂ ਕੁਝ ਹਿੱਸਾ ਯਕਮੁਸ਼ਤ ਕਢਵਾਉਣ ਦੀ ਆਗਿਆ ਮਿਲ ਗਈ ਸੀ। ਈਪੀਐੱਫਓ ਨੇ 2009 ’ਚ ਪੈਨਸ਼ਨ ਫੰਡ ’ਚੋਂ ਨਿਕਾਸੀ ਦਾ ਸਹੂਲਤ ਵਾਪਸ ਲੈ ਲਈ ਸੀ। ਸੂਤਰਾਂ ਨੇ ਦੱਸਿਆ ਕਿਰਤ ਮੰਤਰਾਲਾ ਕਰਮਚਾਰੀ ਪੈਨਸ਼ਨ ਯੋਜਨਾ (ਈਪੀਐੱਸ) ਤਹਿਤ ‘ਕਮਿਊਟੇਸ਼ਨ’ ਸਹੂਲਤ ਲਾਗੂ ਕਰਨ ਲਈ ਪਹਿਲੀ ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕਰੇਗਾ। ਇਸ ਸਹੂਲਤ ਤਹਿਤ ਪੈਨਸ਼ਨਰ ਨੂੰ ਪੈਨਸ਼ਨ ਦਾ ਇੱਕ ਹਿੱਸਾ ਐਡਵਾਂਸ ’ਚ ਯਕਮੁਸ਼ਤ ਦੇ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਅਗਲੇ 15 ਸਾਲ ਉਸਦੀ ਮਹੀਨਾਵਾਰ ਪੈਨਸ਼ਨ ’ਚੋਂ ਇੱਕ ਤਿਹਾਈ ਕਟੌਤੀ ਕੀਤੀ ਜਾਂਦੀ ਹੈ ਤੇ ਇਸ ਮਿਆਦ ਮਗਰੋਂ ਪੈਨਸ਼ਨਰ ਪੂਰੀ ਪੈਨਸ਼ਨ ਲੈਣ ਦੇ ਯੋਗ ਹੁੰਦੇ ਹਨ।
HOME ਕਿਰਤ ਮੰਤਰਾਲਾ ਜਨਵਰੀ ਤੋਂ ਲਾਗੂ ਕਰੇਗਾ ਪੈਨਸ਼ਨ ‘ਕਮਿਊਟੇਸ਼ਨ’ ਸਹੂਲਤ